ਦੁਨੀਆਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਏਸ਼ੀਆ ਮਹਾਂਦੀਪ ਦੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਅਰਥ ਵਿਵਸਥਾ

ਏਸ਼ੀਆ ਮਹਾਂਦੀਪ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ, ਜਿਸ ਦਾ ਰਕਬਾ ਕਰੀਬ 4.45 ਲੱਖ ਵਰਗ ਕਿਲੋਮੀਟਰ ਹੈ। ਇਸ ਵਿਚ ਭਾਸ਼ਾ, ਧਰਮ, ਪਹਿਰਾਵੇ ਤੇ ਸੱਭਿਅਤਾ ਪੱਖੋਂ ਵੱਡੀਆਂ ਵਿਭਿੰਨਤਾਵਾਂ ਪਾਈਆਂ ਜਾਂਦੀਆ ਹਨ। ਏਸ਼ੀਆ ਦਾ ਖੇਤਰਫਲ ਧਰਤੀ ਦੇ ਕੁੱਲ ਥਲੀ ਖੇਤਰਫਲ ਦਾ 30 ਫੀਸਦੀ ਬਣਦਾ ਹੈ, ਜਿਸ ਉੱਪਰ ਦੁਨੀਆ ਦੀ ਕੁੱਲ ਆਬਾਦੀ ਦੇ 60 ਫੀਸਦੀ ਲੋਕ ਭਾਵ 4.7 ਬਿਲੀਅਨ ਲੋਕ ਵਸਦੇ ਹਨ। ਇਹ ਦੱਖਣ ਵਲੋਂ ਹਿੰਦ ਮਹਾਂਸਾਗਰ, ਉੱਤਰ ਵਲੋਂ ਆਰਕਟਿਕ ਮਹਾਂਸਾਗਰ, ਪੂਰਬ ਵਲੋਂ ਪ੍ਰਸ਼ਾਂਤ ਮਹਾਂਸਾਗਰ ਅਤੇ ਪੱਛਮ ਵਲੋਂ ਯੂਰਪੀ ਮਹਾਂਦੀਪ ਨਾਲ ਘਿਰਿਆ ਹੋਇਆ ਹੈ। ਸੰਸਾਰ ਦੇ ਸੱਤ ਮਹਾਂਦੀਪਾਂ ਵਿਚੋਂ ਸਭ ਤੋਂ ਲੰਮੀ ਸਮੁੰਦਰ ਤੱਟੀ (ਏਸ਼ੀਆ ਦੀ ਸਮੁੰਦਰ ਤੱਟ ਲੰਬਾਈ 62, 800 ਕਿਲੋਮੀਟਰ ਹੈ) ਵਾਲਾ ਏਸ਼ੀਆ ਮਹਾਂਦੀਪ ਦੁਨੀਆ ਦੀਆਂ ਅਨੇਕਾਂ ਸੱਭਿਅਤਾਵਾਂ ਦਾ ਸਿਰਜਣਹਾਰ ਅਤੇ ਪਾਲਣਹਾਰ ਹੈ। ਮਿਸਰ ਦੇਸ਼ ਦੀ ਸਵੇਜ਼ ਨਹਿਰ ਏਸ਼ੀਆ ਨੂੰ ਅਫਰੀਕਾ ਮਹਾਂਦੀਪ ਨਾਲ ਜੋੜਦੀ ਹੈ, ਜਦ ਕਿ ਯੂਰਾਲ ਨਦੀ ਅਤੇ ਯੂਰਾਲ ਪਰਬਤ ਏਸ਼ੀਆਂ ਅਤੇ ਯੂਰਪ ਮਹਾਂਦੀਪਾਂ ਵਿਚਕਾਰ ਆਉਂਦੇ ਹਨ। ਸੰਸਾਰ ਦਾ ਸਭ ਤੋਂ ਵੱਡੇ ਦੀਪਾਂ ਦਾ ਸਮੂਹ ’ਮਾਲੇ’ ਏਸ਼ੀਆ ਨੂੰ ਓਸ਼ੀਆਨੀਆ ਮਹਾਂਦੀਪ ਨਾਲ ਜੋੜਦਾ ਹੈ। ਚੀਨ ਵਿਚੋਂ ਲੰਘਦੀ 6211 ਕਿਲੋਮੀਟਰ ਲੰਮੀ ’ਯਾਂਗਜੀ’ ਨਦੀ ਏਸ਼ੀਆ ਦੀ ਸਭ ਤੋਂ ਲੰਮੀ ਨਦੀ ਹੈ। ਆਕਾਰ ਪੱਖੋਂ ਬਹੁਤ ਵੱਡਾ ਹੋਣ ਕਾਰਨ ਇਸ ਮਹਾਂਦੀਪ ਦੇ ਵੱਖ-ਵੱਖ ਹਿੱਸਿਆਂ ਵਿਚ ਮੌਸਮ ਪੱਖੋਂ ਵੱਡੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਜਿੱਥੇ ਇਕ ਪਾਸੇ ਮੱਧ-ਪੂਰਬੀ ਇਲਾਕੇ ਵਿਚ ਖੁਸ਼ਕ ਰੇਗਿਸਤਾਨ ਹੈ, ਉੱਥੇ ਹੀ ਦੂਜੇ ਪਾਸੇ ਸਾਈਬੇਰੀਆ ਇਲਾਕੇ ਵਿਚ ਸਰਦੀਆਂ ਰੁੱਤੇ ਅੱਤ ਦੀ ਠੰਢ ਵੇਖਣ ਨੂੰ ਮਿਲਦੀ ਹੈ। ਏਸ਼ੀਆ ਦੇ 49 ਦੇਸ਼ਾਂ ਵਿਚੋਂ ਪੰਜ ਦੇਸ਼ ਰੂਸ, ਤੁਰਕੀ, ਕਜ਼ਾਕਿਸਤਾਨ, ਜਾਰਜੀਆ ਅਤੇ ਐਜ਼ਰਬਾਈਜਾਨ ਅੰਤਰ ਮਹਾਂਦੀਪੀ ਦੇਸ਼ ਹਨ ਭਾਵ ਇਨ੍ਹਾਂ ਦਾ ਇਕ ਹਿੱਸਾ ਏਸ਼ੀਆ ਅਤੇ ਦੂਜਾ ਹਿੱਸਾ ਯੂਰਪ ਨਾਲ ਲੱਗਦਾ ਹੈ। ਯੂਰਪੀ ਦੇਸ਼ ਵਪਾਰ ਕਰਨ ਲਈ ਜਾਂ ਖਣਿਜ ਪਦਾਰਥਾਂ ਦੀ ਖੋਜ ਲਈ ਪੁਰਾਤਨ ਸਮੇਂ ਤੋਂ ਹੀ ਏਸ਼ਿਆਈ ਦੇਸ਼ਾਂ ਖਾਸ ਕਰਕੇ ਭਾਰਤ ਅਤੇ ਚੀਨ ਵੱਲ ਆਕਰਸ਼ਿਤ ਹੁੰਦੇ ਰਹੇ ਹਨ। ਇਸ ਦੀ ਇਕ ਉਦਾਹਰਣ ਯੂਰਪੀ ਦੇਸ਼ਾਂ ਦਾ ਚੀਨ ਨਾਲ ਹੁੰਦਾ ਰਿਹਾ ਵਪਾਰ ਸੀ। ਇਸ ਵਪਾਰ ਦੌਰਾਨ ਰੇਸ਼ਮ ਚੀਨ ਤੋਂ ਯੂਰਪ ਵੱਲ ਅਤੇ ਸੋਨਾ, ਚਾਂਦੀ ਅਤੇ ਉੱਨ ਯੂਰਪ ਤੋਂ ਚੀਨ ਵੱਲ ਜਾਂਦੇ ਸਨ। ਇਹ ਵਪਾਰ ਪਹਿਲੀ ਸਦੀਂ ਤੋਂ ਪੰਦਰਵੀਂ ਸਦੀ ਤੱਕ ਚੱਲਦਾ ਰਿਹਾ ਸੀ। ਚੀਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਤੁਰਕੀ, ਇਰਾਕ, ਈਰਾਨ, ਪਾਕਿਸਤਾਨ, ਰੂਸ ਅਤੇ ਸੀਰੀਆ ਦੇਸ਼ਾਂ ਵਿਚੋਂ ਲੰਘਦੇ 6400 ਕਿਲੋਮੀਟਰ ਲੰਮੇ ਰਸਤੇ, ਜਿਸ ਰਸਤੇ ਉੱਤੇ ਇਹ ਵਪਾਰ ਹੁੰਦਾ ਸੀ ਉਸ ਨੂੰ ਸਿਲਕ ਰੂਟ ਜਾਂ ਸਿਲਕ ਰੋਡ ਜਾਂ ਰੇਸ਼ਮ ਰਸਤੇ ਦਾ ਨਾਂਅ ਦਿੱਤਾ ਗਿਆ ਸੀ।
ਅਜੋਕੇ ਸਮੇਂ ਵਿਚ ਏਸ਼ੀਆ ਅਰਥ ਵਿਵਸਥਾ ਪੱਖੋਂ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਮਹਾਂਦੀਪ ਹੈ। ਚੀਨ, ਜਾਪਾਨ ਅਤੇ ਭਾਰਤ ਦੀਆਂ ਵਿਕਸਿਤ ਹੋ ਰਹੀਆਂ ਅਰਥਵਿਵਸਥਾਵਾਂ ਇਸ ਦੀਆਂ ਉਦਾਹਰਣਾਂ ਹਨ। ਏਸ਼ੀਆ ਦੇ ਦੇਸ਼ਾਂ ਈਰਾਨ, ਕਜ਼ਾਕਿਸਤਾਨ, ਕੁਵੈਤ, ਤੁਰਕਮੇਨਿਸਤਾਨ, ਸੰਯੁਕਤ ਅਰਬ ਅਮੀਰਾਤ, ਸਾਉਦੀ ਅਰਬ ਅਤੇ ਓਮਾਨ ਆਦਿ ਵਿਚ ਖਣਿਜ ਪਦਾਰਥਾਂ ਦੇ ਅਥਾਹ ਭੰਡਾਰ ਮੌਜੂਦ ਹਨ, ਜੋ ਇਸ ਇਲਾਕੇ ਦੀ ਤਰੱਕੀ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ। ਇਕ ਸਮਾਂ ਸੀ ਜਦੋਂ ਭਾਰਤ ਨੂੰ ਵੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਕ ਉੱਘੇ ਇਤਿਹਾਸਕਾਰ ਅੰਗਸ ਮੈਡੀਸਨ ਦੁਆਰਾ ਲਿਖੀ ਕਿਤਾਬ ’ਦਿ ਵਰਲਡ ਇਕਾਨਮੀ’ ਵਿਚ ਦੱਸਿਆ ਗਿਆ ਹੈ ਕਿ ਦਸਵੀਂ ਸਦੀ ਤੱਕ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਸੀ। ਦੁਨੀਆ ਦੀ ਕੁੱਲ ਆਬਾਦੀ ਦੇ ਅੱਧੇ ਤੋਂ ਵੱਧ ਵਸੋਂ ਵਾਲੇ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਵਿਚ ਪੈਟਰੋਲੀਅਮ, ਕੋਲਾ, ਤਾਂਬਾ, ਚਾਂਦੀ, ਜੰਗਲਾਤ ਅਤੇ ਮੱਛੀ ਦੇ ਅਥਾਹ ਭੰਡਾਰ ਮੌਜੂਦ ਹਨ ਅਤੇ ਨਾਲ ਹੀ ਇੱਥੇ ਹੁਨਰਮੰਦ ਕਿਰਤੀ ਅਤੇ ਅਕੁਸ਼ਲ ਮਜ਼ਦੂਰ ਘੱਟ ਮਿਹਨਤਾਨੇ ’ਤੇ ਉਪਲੱਬਧ ਹਨ। ਇਸ ਲਈ ਦੁਨੀਆ ਭਰ ਦੀਆਂ ਬਹੁਕੌਮੀ ਕੰਪਨੀਆਂ ਆਪਣੇ ਅਦਾਰੇ ਏਸ਼ੀਆ ਵਿਚ ਖੋਲ੍ਹਣਾ ਪਸੰਦ ਕਰਦੀਆਂ ਹਨ।
ਸੱਭਿਆਚਾਰ ਪੱਖੋਂ ਵੀ ਏਸ਼ੀਆ ਦਾ ਇਕ ਬੇਹੱਦ ਅਮੀਰ ਵਿਰਸਾ ਹੈ। ਬੰਗਾਲੀ ਕਵੀ, ਨਾਟਕਕਾਰ ਅਤੇ ਪ੍ਰਸਿੱਧ ਲੇਖਕ ਰਵਿੰਦਰ ਨਾਥ ਟੈਗੋਰ ਨੂੰ ਸੰਨ 1913 ਵਿਚ ਉਸ ਦੀ ਰਚਨਾ ’ਗੀਤਾਂਜਲੀ’ ਲਈ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ। ਅਜਿਹੀ ਉਪਲਬੱਧੀ ਹਾਸਲ ਕਰਨ ਵਾਲਾ ਉਹ ਪਹਿਲਾ ਭਾਰਤੀ ਬਣਿਆ ਸੀ। ਏਸ਼ੀਆ ਵਿਚ ਸਭ ਤੋਂ ਵੱਧ 24 ਨੋਬਲ ਪੁਰਸਕਾਰ ਜਾਪਾਨ ਨੂੰ ਮਿਲੇ ਹਨ ਅਤੇ ਦੂਜੇ ਨੰਬਰ ’ਤੇ ਭਾਰਤ ਆਉਂਦਾ ਹੈ, ਜਿਸ ਨੂੰ 13 ਨੋਬਲ ਪੁਰਸਕਾਰ ਪ੍ਰਾਪਤ ਹੋਏ ਹਨ।
ਸੱਭਿਆਚਾਰਕ ਵਿਰਸੇ ਪੱਖੋਂ ਭਾਰਤ ਏਸ਼ੀਆ ਦਾ ਇਕ ਪੁਰਾਤਨ ਦੇਸ਼ ਹੈ। ਇੱਥੇ ਕਰੋੜਾਂ ਵਿਦੇਸ਼ੀ ਸੈਲਾਨੀ ਹਰ ਸਾਲ ਦਿੱਲੀ, ਪੰਜਾਬ, ਆਗਰਾ, ਮੁੰਬਈ ਅਤੇ ਜੈਪੁਰ ਵਿਖੇ ਯਾਤਰਾ ਲਈ ਆਉਂਦੇ ਰਹਿੰਦੇ ਹਨ। ਆਗਰਾ ਦਾ ਤਾਜ ਮਹਿਲ, ਦਿੱਲੀ ਦਾ ਲਾਲ ਕਿਲ੍ਹਾ ਅਤੇ ਜੈਪੁਰ ਦੇ ਸਿਟੀ ਪੈਲੇਸ, ਜੰਤਰ ਮੰਤਰ ਅਤੇ ਹਵਾ ਮਹਿਲ ਯਾਤਰੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਪੰਜਾਬ ਦਾ ਅਮੀਰ ਸੱਭਿਆਚਾਰਕ ਵਿਰਸਾ ਸੈਲਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸਾਰੀ ਮਨੁੱਖਤਾ ਨੂੰ ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ ਅਤੇ ਗੁਰਬਾਣੀ ਦੇ ਨਿਰੰਤਰ ਚੱਲਦੇ ਅੰਮ੍ਰਿਤਮਈ ਪ੍ਰਵਾਹ ਦਾ ਅਨੰਦ ਮਾਣਦੇ ਹਨ। ਏਸ਼ੀਆ ਦਾ ਸਭ ਤੋਂ ਵੱਡਾ ਹਿਮਾਲਾ ਪਰਬਤ ਚਾਰ ਦੇਸ਼ਾਂ ਭੂਟਾਨ, ਭਾਰਤ, ਚੀਨ ਅਤੇ ਨਿਪਾਲ ਵਿਚੋਂ ਹੋ ਕੇ ਲੰਘਦਾ ਹੈ, ਜਿਸ ਦੀ ਤਕਰੀਬਨ ਲੰਬਾਈ 2400 ਕਿਲੋਮੀਟਰ ਹੈ। ਇਹ ਭਾਰਤੀ ਉਪ ਮਹਾਂਦੀਪ ਦੇ ਮੈਦਾਨਾਂ ਨੂੰ ਤਿੱਬਤ ਦੇ ਪਠਾਰਾਂ ਤੋਂ ਵੱਖ ਕਰਦਾ ਹੈ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ, ਜਿਸਦੀ ਉਚਾਈ 8848.86 ਮੀਟਰ ਜਾਂ 29031.7 ਫੁੱਟ ਹੈ, ਹਿਮਾਲਿਆ ਪਰਬਤ ਦਾ ਹੀ ਹਿੱਸਾ ਹੈ। ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫਾ ਏਸ਼ੀਆ ਦੇ ਦੁਬਈ ਵਿਚ ਸਥਿਤ ਹੈ। ਏਸ਼ੀਆ ਦੇ ਨਿਪਾਲ, ਭੂਟਾਨ, ਅਫਗਾਨਿਸਤਾਨ, ਮੰਗੋਲੀਆ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਐਜ਼ਰਬਾਈਜਾਨ ਅਤੇ ਆਰਮੀਨੀਆ ਦੇਸ਼ਾਂ ਦੀ ਹੱਦ ਕਿਸੇ ਸਮੁੰਦਰ ਨਾਲ ਨਹੀਂ ਲੱਗਦੀ ਹੈ। ਏਸ਼ੀਆ ਦੇ ਸਭ ਤੋਂ ਵੱਡੇ ਟਾਪੂ ’ਬਾਰਨਿਓ’ ਉੱਤੇ ਤਿੰਨ ਦੇਸ਼ਾਂ ਮਲੇਸ਼ੀਆ, ਬਰੂਨੀ ਅਤੇ ਇੰਡੋਨੇਸ਼ੀਆ ਦਾ ਹੱਕ ਹੈ। ਏਸ਼ੀਆ, ਜੋ ਕਿ ਵਿਸ਼ਵ ਦੇ ਅਨੇਕਾਂ ਪ੍ਰਮੁੱਖ ਧਰਮਾਂ ਦਾ ਜਨਮ ਸਥਾਨ ਵੀ ਹੈ, ਵਿਚ ਸਾਰਿਆਂ ਹੀ ਧਰਮਾਂ ਦੇ ਲੋਕ ਆਪਸ ਵਿਚ ਮਿਲਵਰਤਨ ਅਤੇ ਭਾਈਚਾਰੇ ਦੀ ਭਾਵਨਾ ਨਾਲ ਰਹਿੰਦੇ ਹਨ। ਇਸ ਮਹਾਂਦੀਪ ਵਿਚ 2300 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਵਿਚ 20 ਮਿਲੀਅਨ ਟਨ ਅੰਬ ਹਰ ਸਾਲ ਪੈਦਾ ਕੀਤੇ ਜਾਂਦੇ ਹਨ, ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਉਤਪਾਦਨ ਹੈ। ਸੰਸਾਰ ਵਿਚ ਸਭ ਤੋਂ ਵੱਧ ਚਾਵਲ ਏਸ਼ੀਆ ਵਿਚ ਹੀ ਪੈਦਾ ਕੀਤੇ ਜਾਂਦੇ ਹਨ। ਦੁਨੀਆ ਵਿਚ ਸਭ ਤੋਂ ਵੱਧ ਮਨੁੱਖੀ ਔਸਤ ਉਮਰ ਏਸ਼ੀਆ ਦੇ ਹਾਂਗਕਾਂਗ ਅਤੇ ਜਾਪਾਨ ਦੇ ਲੋਕਾਂ ਦੀ ਹੈ। ਸੰਸਾਰ ਦਾ ਸਭ ਤੋਂ ਘੱਟ ਕਾਰਬਨ ਨਿਕਾਸੀ ਕਰਨ ਵਾਲਾ ਦੇਸ਼ ਭੂਟਾਨ ਵੀ ਏਸ਼ੀਆ ਵਿਚ ਹੀ ਹੈ। ਇੰਡੋਨੇਸ਼ੀਆ ਵਿਚ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਮੌਜ਼ੂਦ ਹਨ। ਕਾਗਜ਼ ਦੀ ਖੋਜ ਕਰੀਬ ਦੋ ਹਜ਼ਾਰ ਸਾਲ ਪਹਿਲਾਂ ਚੀਨ ਵਿਚ ਹੋਈ ਸੀ। ਇੰਡੋਨੇਸ਼ੀਆ ਸਭ ਤੋਂ ਜ਼ਿਆਦਾ ਨਾਰੀਅਲ ਬਰਾਮਦ ਕਰਨ ਵਾਲਾ ਦੇਸ਼ ਹੈ। ਇਜ਼ਰਾਈਲ ਅਤੇ ਜਾਰਡਨ ਵਿਚਾਲੇ ਸਥਿਤ ’ਡੈੱਡ ਸੀ’ ਭਾਵ ’ਮ੍ਰਿਤ ਸਾਗਰ’, ਧਰਤੀ ਦੀ ਸਭ ਤੋਂ ਨੀਵੀਂ ਥਾਂ ਹੈ। ਭੂਟਾਨ ਇਕੱਲਾ ਦੇਸ਼ ਹੈ, ਜਿਸ ਵਿਚ ਤੰਬਾਕੂ ਉੱਤੇ ਰੋਕ ਲੱਗੀ ਹੋਈ ਹੈ।
ਦੁਨੀਆ ਦੀ ਸਭ ਤੋਂ ਉੱਚੀ ਸੜਕ ਲੱਦਾਖ ਵਿਚ ਹੈ। ਸੰਸਾਰ ਵਿਚ ਅਰਬਪਤੀਆਂ ਦੀ ਗਿਣਤੀ ਏਸ਼ੀਆ ਵਿਚ ਸਭ ਤੋਂ ਜ਼ਿਆਦਾ ਹੈ। ਜਾਪਾਨ ਦਾ ਟੋਕੀਓ ਸ਼ਹਿਰ ਸਭ ਤੋਂ ਵੱਧ ਵਸੋਂ ਵਾਲਾ ਸ਼ਹਿਰ ਹੈ, ਜਿੱਥੇ 38 ਮਿਲੀਅਨ ਲੋਕ ਰਹਿੰਦੇ ਹਨ। 2,81,800 ਵਰਗ ਕਿਲੋਮੀਟਰ ਰਕਬੇ ਵਾਲਾ ਗੋਬੀ ਮਾਰੂਥਲ ਏਸ਼ੀਆ ਦਾ ਸਭ ਤੋਂ ਵੱਡਾ, ਠੰਢਾ ਅਤੇ ਖੁਸ਼ਕ ਰੇਗਿਸਤਾਨ ਹੈ। ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਤਿੰਨ ਅਜੂਬੇ ਤਾਜ ਮਹਿਲ (ਭਾਰਤ), ਚੀਨ ਦੀ ਦੀਵਾਰ ਅਤੇ ਜਾਰਡਨ ਦਾ ਪੈਟਰਾ ਗੁੰਬਦ ਏਸ਼ੀਆ ਵਿਚ ਹੀ ਹਨ।
-ਅਸ਼ਵਨੀ ਚਤਰਥ

Comment here