ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਪੰਜਾਬ ਨੂੰ ਕਾਲੇ ਦੌਰ ਵਲ ਧਕਣ ਦੀਆਂ ਤਿਆਰੀਆਂ

ਅੱਜ ਪੰਜਾਬ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਹ ਬਦ ਤੋਂ ਬਦਤਰ ਹੋ ਰਹੇ ਹਨ। ਧਰਮ ਅਤੇ ਸਿਆਸਤ ਨੂੰ ਇਸ ਤਰ੍ਹਾਂ ਰਲਗੱਡ ਕਰ ਦਿੱਤਾ ਹੈ ਜਿਸ ਨਾਲ ਸਿੱਖੀ, ਸਿੱਖਾਂ ਅਤੇ ਪੰਜਾਬ ਦਾ ਨੁਕਸਾਨ ਹੋਣਾ ਤੈਅ ਹੈ। ਇਸ ਸਭ ਦੇ ਗੁਨਾਹਗਾਰ ਅਸੀਂ ਸਿੱਖ ਆਪ ਹੀ ਹਾਂ। ਦਾਸ 1982 ਤੋਂ ਇਸ ਗੱਲ ’ਤੇ ਜ਼ੋਰ ਪਾ ਰਿਹਾ ਹੈ ਕਿ ਧਰਮ ਤੋਂ ਸਿਆਸਤ ਅਲੱਗ ਹੋਣੀ ਚਾਹੀਦੀ ਹੈ ਅਤੇ ਗੁਰਦੁਆਰਿਆਂ ਵਿਚ ਸਿਆਸਤ ਨਹੀਂ ਹੋਣੀ ਚਾਹੀਦੀ। ਕਿਉਂ ਗੁਰੂ ਹਰਗੋਬਿੰਦ ਸਾਹਿਬ ਦੇ ਉੱਚੇ-ਸੁੱਚੇ ਮੀਰੀ-ਪੀਰੀ ਦੇ ਸੰਕਲਪ ਨੂੰ ਸਿੱਖ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਨੇ ਤਾਰ ਤਾਰ ਕਰ ਕੇ ਇਸ ਦੇ ਅਰਥ ਹੀ ਬਦਲ ਦਿੱਤੇ ਹਨ। ਸਿੱਖ ਲੀਡਰਾਂ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਅਤੇ ਹੁਣ ਸਿੱਖੀ ਨੂੰ ਵੀ ਬੇਆਬਰੂ ਕਰਵਾਉਣ ’ਤੇ ਤੁਲੇ ਹੋਏ ਹਨ।
ਪੰਜਾਬ ਵਿਚ ਜਿਹੜੇ ਵਿਰੋਧੀ ਧਿਰ ਦੇ ਲੀਡਰ ਰਾਸ਼ਟਰਪਤੀ ਰਾਜ ਲਗਾਉਣ ਦੀ ਵਕਾਲਤ ਕਰ ਰਹੇ ਹਨ, ਉਹ ਅਸਿੱਧੇ ਤਰੀਕੇ ਨਾਲ ਕੇਂਦਰ ਨੂੰ ਮਦਦ ਪਹੁੰਚਾਉਣਾ ਚਾਹੁੰਦੇ ਹਨ। ਸਭ ਜਾਣਦੇ ਹਨ ਕਿ ਪੰਜਾਬ ਨੇ ਲੰਮਾ ਸਮਾਂ ਕਤਲੇਆਮ ਦਾ ਹਨੇਰਾ ਦੌਰ ਭੁਗਤਿਆ ਹੈ। ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ, ਉਹ ਇਸ ਨੂੰ ਫਿਰ ਉਸੇ ਦੌਰ ਵੱਲ ਧੱਕ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਨਿੱਜੀ ਮੁਫ਼ਾਦ ਲਈ ਵਰਤਿਆ ਜਾ ਰਿਹਾ ਹੈ, ਉਹ ਆਪਣੇ ਆਪ ਵਿਚ ਪੰਜਾਬ ਨੂੰ ਫਿਰ ਜੰਜਾਲ ਵਿਚ ਫਸਾਉਣ ਦੀਆਂ ਸਾਜ਼ਿਸ਼ਾਂ ਵੱਲ ਇਸ਼ਾਰਾ ਕਰ ਰਿਹਾ ਹੈ।
ਪੰਜਾਬ ਦੇ ਕਾਲੇ ਦੌਰ ਤੋਂ ਬਾਅਦ ਹੁਣ ਜੋ ਸਿੱਖ ਨੌਜਵਾਨੀ ਦਿਸਣ ਲੱਗੀ ਹੈ, ਉਸ ਨੂੰ ਇਕ ਵਾਰ ਫਿਰ ਸਰਕਾਰੀ ਅਤਿਵਾਦ ਦੀ ਭੇਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਇਸ ਵਾਰ ’84 ਦੇ ਘੱਲੂਘਾਰੇ ਦੇ ਮੁਕਾਬਲੇ ਪੰਜਾਬ ਅਤੇ ਸਿੱਖ ਨੌਜਵਾਨੀ ਦਾ ਘਾਣ ਕਿਤੇ ਵੱਧ ਹੋਵੇਗਾ ਜਿਸ ਵਿਚ ਸਿੱਖ ਲੀਡਰ ਜਾਣੇ ਅਣਜਾਣੇ ਵਿਚ ਆਪਣੇ ਨਿੱਜੀ ਮੁਫ਼ਾਦਾਂ ਅਤੇ ਕੁਰਸੀ ਦੀ ਭੁੱਖ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਜਾਪਦੇ ਹਨ।
ਖਾਲਸੇ ਦੀ ਹਿੰਮਤ ਤੇ ਸਿਰੜ ਉੱਤੇ ਕੋਈ ਸ਼ੱਕ ਨਹੀਂ ਪਰ ਅੱਜ ਅਸੀਂ ਜਮਹੂਰੀ ਮਾਹੌਲ ’ਚ ਰਹਿ ਰਹੇ ਹਾਂ ਜਿੱਥੇ ਮਾਰ-ਧਾੜ ਤੇ ਖ਼ੂਨ-ਖਰਾਬੇ ਲਈ ਕੋਈ ਜਗ੍ਹਾ ਨਹੀਂ। ਅਜਨਾਲੇ ਵਾਲੀ ਘਟਨਾ ਨੇ ਕੋਈ ਸ਼ੱਕ ਸ਼ੁਬ੍ਹਾ ਨਹੀਂ ਰਹਿਣ ਦਿੱਤਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਕਿਸ ਹੱਦ ਤਕ ਵਰਤ ਸਕਦੇ ਹਨ। ਜੇਕਰ ਉੱਥੇ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਤਾਂ ਸਾਰੇ ਪੰਜਾਬ ਵਿਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ।
ਸਿੱਖ ਜਗਤ ਵੱਲੋਂ ਕਰੋਨਾ ਦੇ ਸਮੇਂ ਦੌਰਾਨ ਬਿਨਾ ਕਿਸੇ ਭੇਦਭਾਵ ਦੇ ਕੀਤੀ ਮਾਨਵ ਸੇਵਾ ਅਤੇ ਭਾਰਤ ਸਰਕਾਰ ਦੇ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਸਿੱਖਾਂ ਦੇ ਸਟੈਂਡ ਨੇ ਸਿੱਖ ਸਮਾਜ, ਸਿੱਖ ਸੋਚਣੀ ਦੇ ਨਿਆਰੇਪਣ ਨੂੰ ਪੂਰੀ ਦੁਨੀਆ ਵਿਚ ਉਜਾਗਰ ਕੀਤਾ ਹੈ ਪਰ ਸਿੱਖ ਪੰਥ ਦੇ ਦੋਖੀ ਜਿਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਕਰਵਾ ਕੇ ਪੰਜਾਬ ਅਤੇ ਸਿੱਖਾਂ ਨੂੰ ਭਾਰਤ ਅਤੇ ਪੂਰੀ ਦੁਨੀਆ ਵਿਚ ਬਦਨਾਮ ਕਰ ਰਹੇ ਹਨ, ਇਸ ਤੋਂ ਬਚਣ ਦੀ ਸਖ਼ਤ ਜ਼ਰੂਰਤ ਹੈ। ਧਾਰਮਿਕ ਕੱਟੜਵਾਦ ਕਿਸੇ ਵੀ ਧਰਮ ਲਈ ਆਪਾ-ਮਾਰੂ ਹੁੰਦਾ ਹੈ। ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਨਾ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਗੁਰਧਾਮਾਂ ਨੂੰ ਸਿਆਸਤ ਤੋਂ ਮੁਕਤ ਕੀਤਾ ਜਾਵੇ ਅਤੇ ਗੁਰੂ ਦੀ ਹਜ਼ੂਰੀ ਵਿਚ ਕੋਈ ਸਿਆਸੀ ਬਿਆਨਬਾਜ਼ੀ ਨਾ ਹੋਵੇ। ਸਿੱਖ ਸਮਾਜ ਵਿਚ ਜੋ ਐਸ ਵੇਲੇ ਭੰਬਲਭੂਸੇ ਪਏ ਹੋਏ ਹਨ, ਉਨ੍ਹਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਸੁਹਿਰਦ ਹਿਰਦੇ ਨਾਲ ਬੈਠ ਕੇ ਨਜਿੱਠਣ ਦੀ ਲੋੜ ਹੈ ਤਾਂ ਕਿ ਹਰ ਇਕ ਦਾ ਮਾਨ-ਸਨਮਾਨ ਬਰਕਰਾਰ ਰੱਖਦੇ ਹੋਏ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਸਮੇਂ ਸਿਰ ਨੱਥ ਪਾਈ ਜਾ ਸਕੇ। ਅੱਜ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਅਮਲ ਵਿਚ ਲਿਆਉਣ ਨਾਲ ਹੀ ਸਿੱਖ ਸਮਾਜ ਬਿਹਤਰੀ ਵੱਲ ਵਧ ਸਕਦਾ ਹੈ।
ਭਾਈ ਅਸ਼ੋਕ ਸਿੰਘ ਬਾਗੜੀਆਂ

Comment here