ਇਕ ਨੇਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਦੀ ਆਤਮਾ ਨੂੰ ਯਮਦੂਤਾਂ ਨੇ ਦੇਵ ਨਗਰੀ ਦੇ ਗੇਟ ਅੱਗੇ ਲਿਆ ਸੁੱਟਿਆ। ਕੁਝ ਦੇਰ ਪਿਛੋਂ ਇਕ ਅਧਿਕਾਰੀ ਆਇਆ। ਉਸ ਨੇ ਖਚਰਾ ਹਾਸਾ ਹੱਸਦਿਆਂ ਨੇਤਾ ਨੂੰ ਕਿਹਾ, ‘ਸ੍ਰੀਮਾਨ, ਤੁਹਾਡੇ ਵਰਗੇ ਵੀ.ਆਈ.ਪੀ. ਬੰਦਿਆਂ ਵਾਸਤੇ ਇਥੇ ਅਸੀਂ ਬਹੁਤ ਹੀ ਖਾਸ ਪ੍ਰਬੰਧ ਕਰ ਰੱਖਿਆ ਹੈ। ਪਹਿਲਾਂ ਅਸੀਂ ਤੁਹਾਨੂੰ ਇਕ ਦਿਨ ਨਰਕ ਦੀ ਸੈਰ ਕਰਾਵਾਂਗੇ ਤੇ ਦੂਸਰੇ ਦਿਨ ਸਵਰਗ ਦੀ ਸੈਰ ਕਰਵਾਈ ਜਾਵੇਗੀ। ਫਿਰ ਤੁਸੀਂ ਸੋਚ ਕੇ ਆਪ ਫ਼ੈਸਲਾ ਕਰਨਾ ਹੈ ਕਿ ਤੁਸੀਂ ਨਰਕ ਵਿਚ ਰਹਿਣਾ ਪਸੰਦ ਕਰੋਗੇ ਜਾਂ ਸਵਰਗ ਵਿਚ।’ ਅਫਸਰ ਦੀ ਗੱਲ ਸੁਣ ਕੇ ਨੇਤਾ ਬਹੁਤ ਖੁਸ਼ ਹੋਇਆ ਕਿ ਫ਼ੈਸਲਾ ਤਾਂ ਆਪਣੇ ਹੀ ਹੱਥ ਵਿਚ ਹੈ। ਉਹ ਅਫ਼ਸਰ ਦੇ ਨਾਲ ਤੁਰ ਪਿਆ।
ਅਫ਼ਸਰ ਨੇਤਾ ਨੂੰ ਇਕ ਲਿਫਟ ਰਾਹੀਂ ਨਰਕ ਵਿਚ ਲੈ ਗਿਆ। ਨਰਕ ਦਾ ਨਜ਼ਾਰਾ ਦੇਖ ਕੇ ਨੇਤਾ ਜੀ ਦੀਆਂ ਵਾਛਾਂ ਖਿੜ ਗਈਆਂ। ਸਾਹਮਣੇ ਹਰਿਆ-ਭਰਿਆ ਗੋਲਫ਼ ਦਾ ਮੈਦਾਨ ਸੀ। ਮੈਦਾਨ ਵਿਚ ਕਲੱਬ ਦਾ ਦਫ਼ਤਰ ਸੀ। ਉਥੇ ਨੇਤਾ ਜੀ ਨੂੰ ਕਈ ਪੁਰਾਣੇ ਦੋਸਤ ਮਿਲ ਗਏ, ਜਿਨ੍ਹਾਂ ਵਿਚ ਔਰਤਾਂ ਵੀ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਘਪਲੇ ਕਰਕੇ ਕਰੋੜਾਂ ਰੁਪਿਆ ਕਮਾਇਆ ਸੀ। ਔਰਤਾਂ ਨਾਲ ਕਈ ਸਾਂਝਾਂ ਪਾਈਆਂ ਸਨ। ਨੇਤਾ ਨੂੰ ਜਵਾਨੀ ਦੇ ਦਿਨ ਯਾਦ ਆ ਗਏ। ਕਿਵੇਂ ਉਹ ਕਲੱਬਾਂ ਵਿਚ ਜਾ ਕੇ ਮਸਤੀ ਕਰਿਆ ਕਰਦੇ ਸਨ। ਉਨ੍ਹਾਂ ਸਾਰਿਆਂ ਨੇ ਨੇਤਾ ਜੀ ਨੂੰ ਜੀ ਆਇਆਂ ਕਿਹਾ ਤੇ ਵਾਰੀ-ਵਾਰੀ ਗਲੇ ਮਿਲੇ। ਰਾਤ ਨੂੰ ਬੜੇ ਸੁਆਦੀ ਖਾਣੇ ਖਾਣ ਨੂੰ ਮਿਲੇ। ਨੇਤਾ ਜੀ ਦਾ ਬੇਮੌਕੇ ਮਰਨ ਦਾ ਦੁੱਖ ਦੂਰ ਹੋ ਗਿਆ। ਉਨ੍ਹਾਂ ਦਾ ਸਾਰਾ ਗ਼ਮ ਖੁਸ਼ੀ ਵਿਚ ਬਦਲ ਗਿਆ। ਉਹ ਸਾਰੀ ਰਾਤ ਔਰਤਾਂ ਨਾਲ ਚੋਚਲੇ ਕਰਦੇ ਰਹੇ ਤੇ ਆਨੰਦ ’ਚ ਰਹੇ। ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਸੂਰਜ ਨੇ ਖਿੜਕੀ ਵਿਚ ਦੀ ਅੰਦਰ ਝਾਤ ਮਾਰੀ ਤੇ ਉੱਠਣ ਵਾਸਤੇ ਕਿਹਾ। ਉਸੇ ਵੇਲੇ ਯਮਦੂਤ ਨੇ ਵੀ ਸਵਰਗ ਵਿਚ ਜਾਣ ਦੀ ਆਵਾਜ਼ ਦੇ ਦਿੱਤੀ। ਨੇਤਾ ਜੀ ਫਟਾਫਟ ਉੱਠੇ ਕਿ ਸਵਰਗ ਵਿਚ ਤਾਂ ਏਦੂੰ ਵੱਧ ਨਜ਼ਾਰੇ ਹੋਣਗੇ। ਉਹ ਯਮਦੂਤ ਦੇ ਪਿਛੇ ਹੋ ਤੁਰੇ।
ਕਾਫੀ ਦੇਰ ਤੱਕ ਲਿਫਟ ਉੱਪਰ ਜਾਂਦੀ ਰਹੀ। ਜਦੋਂ ਲਿਫਟ ਰੁਕੀ ਤਾਂ ਗੇਟ ਖੋਲ੍ਹ ਕੇ ਯਮਦੂਤ ਨੇ ਨੇਤਾ ਜੀ ਨੂੰ ਸਵਰਗ ਵਿਚ ਜਾਣ ਲਈ ਕਿਹਾ।
ਸਵਰਗ ਵੈਸੇ ਤਾਂ ਬਹੁਤ ਵਧੀਆ ਥਾਂ ਸੀ। ਪਰ ਨੇਤਾ ਜੀ ਦੀ ਪਸੰਦ ਦਾ ਉਥੇ ਕੁਝ ਵੀ ਦਿਸ ਨਹੀਂ ਸੀ ਰਿਹਾ। ਨੇਤਾ ਜੀ ਨੇ ਤਾਂ ਸੁਣ ਰੱਖਿਆ ਸੀ ਕਿ ਸਵਰਗ ਵਿਚ ਹੂਰਾਂ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦੀਆਂ ਹਨ, ਪਰ ਏਥੇ ਹੂਰਾਂ ਤਾਂ ਕੀ, ਕੋਈ ਜ਼ਨਾਨੀ ਵੀ ਨਹੀਂ ਸੀ ਦਿਸ ਰਹੀ। ਹੋਰ ਵੀ ਉਨ੍ਹਾਂ ਦੀ ਲੋੜ ਦਾ ਕੋਈ ਸਾਮਾਨ ਉਨ੍ਹਾਂ ਨੂੰ ਨਹੀਂ ਸੀ ਦਿਸ ਰਿਹਾ। ਉਦਾਸ ਹੋ ਗਏ। ਉਨ੍ਹਾਂ ਦੀਆਂ ਅੱਖਾਂ ਅੱਗੇ ਰਾਤ ਦੇ ਨਜ਼ਾਰੇ ਘੁੰਮਣ ਲੱਗੇ। ਉਹ ਯਮਦੂਤ ਨਾਲ ਕਲੱਬ ਦੇ ਦਫ਼ਤਰ ਵਿਚ ਆ ਗਏ। ਉਥੇ ਵੀ ਕੋਈ ਖੁਸ਼ੀ ਭਰੀ ਖ਼ਬਰ ਉਨ੍ਹਾਂ ਨੂੰ ਨਹੀਂ ਮਿਲੀ। ਉਨ੍ਹਾਂ ਨੂੰ ਇਕ ਫਾਰਮ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਇਹ ਭਰਨਾ ਸੀ ਕਿ ਉਹ ਸਵਰਗ ਵਿਚ ਰਹਿਣਾ ਚਾਹੁੰਦੇ ਹਨ ਜਾਂ ਨਰਕ ਵਿਚ? ਉਨ੍ਹਾਂ ਲਿਖ ਦਿੱਤਾ ਕਿ ਉਹ ਨਰਕ ਵਿਚ ਰਹਿ ਕੇ ਹੀ ਖੁਸ਼ ਹਨ।
ਯਮਦੂਤ ਉਨ੍ਹਾਂ ਨੂੰ ਵਾਪਸ ਨਰਕ ਦੇ ਗੇਟ ਕੋਲ ਲੈ ਗਿਆ। ਨੇਤਾ ਜੀ ਨੇ ਖੁਸ਼ੀ ਵਿਚ ਬੜੀ ਤੇਜ਼ੀ ਨਾਲ ਗੇਟ ਖੋਲ੍ਹਿਆ ਤੇ ਅੰਦਰ ਲੰਘ ਗਏ। ਗੇਟ ਬੰਦ ਹੋ ਗਿਆ।
‘ਇਹ ਕੀ? ਏਥੇ ਦਾ ਤਾਂ ਸਾਰਾ ਨਜ਼ਾਰਾ ਹੀ ਬਦਲਿਆ ਹੋਇਆ ਹੈ।’ ਨੇਤਾ ਜੀ ਹੈਰਾਨੀ ਨਾਲ ਆਲੇ-ਦੁਆਲੇ ਦੇਖਣ ਲੱਗੇ। ਉਥੇ ਨਾ ਤਾਂ ਗੋਲਫ਼ ਦਾ ਮੈਦਾਨ ਸੀ ਤੇ ਨਾ ਹੀ ਕਲੱਬ, ਨਾ ਔਰਤਾਂ, ਨਾ ਉਹ ਰੰਗ ਭਰਿਆ ਮਾਹੌਲ। ਉਥੇ ਤਾਂ ਹੁਣ ਹਰ ਪਾਸੇ ਗੰਦਗੀ ਦੇ ਢੇਰ ਨਜ਼ਰ ਆ ਰਹੇ ਸਨ। ਨੇਤਾ ਜੀ ਨੇ ਆਲੇ-ਦੁਆਲੇ ਨਜ਼ਰ ਮਾਰੀ ਤਾਂ ਉਨ੍ਹਾਂ ਨੇ ਇਕ ਬੰਦੇ ਨੂੰ ਚੀਥੜੇ ਪਾਈ ਗੰਦਗੀ ਦੀ ਟੋਕਰੀ ਚੁੱਕੀ ਆਪਣੇ ਵੱਲ ਆਉਂਦਾ ਦੇਖਿਆ। ਨੇਤਾ ਜੀ ਨੇ ਉਸ ਨੂੰ ਰਾਤ ਦੇ ਨਜ਼ਾਰਿਆਂ ਬਾਰੇ ਪੁੱਛਿਆ, ’ਬਾਕੀ ਸਾਰੇ ਕਿੱਥੇ ਗਏ ਨੇ?’ ਨੇਤਾ ਜੀ ਨੇ ਤਲਖੀ ਨਾਲ ਉਸ ਨੂੰ ਕਿਹਾ।
ਏਨੇ ਨੂੰ ਸ਼ੈਤਾਨ ਹੱਸਦਾ ਹੋਇਆ ਸਾਹਮਣੇ ਆ ਕੇ ਖੜ੍ਹਾ ਹੋ ਗਿਆ। ‘ਕੀ ਸੋਚ ਰਹੇ ਹੋ ਨੇਤਾ ਜੀ?’ ਉਸ ਨੇ ਸਵਾਲ ਕੀਤਾ।
‘ਕੱਲ੍ਹ ਜੋ ਕੁਝ ਦੇਖਿਆ ਸੀ, ਅੱਜ ਕਿਥੇ ਗਿਆ?’
‘ਜਨਾਬ! ਕੱਲ੍ਹ ਅਸੀਂ ਨਰਕ ਦੇ ਪੱਖ ਵਿਚ ਤੁਹਾਡਾ ਵੋਟ ਲੈਣ ਲਈ ਕਿਰਾਏ ਦੇ ਬੰਦਿਆਂ ਕੋਲੋਂ ਪ੍ਰਚਾਰ ਕਰਵਾਇਆ ਸੀ। ਉਸ ਦਾ ਹੀ ਨਤੀਜਾ ਹੈ ਕਿ ਤੁਸੀਂ ਸਾਨੂੰ ਸੇਵਾ ਦਾ ਮੌਕਾ ਦੇ ਰਹੇ ਹੋ। ਹੁਣ ਅਸੀਂ ਤੁਹਾਡਾ ਖ਼ੂਨ ਪੀਆਂਗੇ।’ ਨੇਤਾ ਜੀ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਧਰਤੀ ਉਤੇ ਜਦ ਅਸੀਂ ਚੋਣ ਪ੍ਰਚਾਰ ਵਿਚ ਜਨਤਾ ਨੂੰ ਸਬਜ਼ਬਾਗ਼ ਦਿਖਾਉਂਦੇ ਹਾਂ ਅਤੇ ਚੋਣਾਂ ਤੋਂ ਪਿਛੋਂ ਜਿੱਤ ਕੇ ਮੁੱਕਰ ਜਾਂਦੇ ਹਾਂ ਤਾਂ ਜਨਤਾ ਨੂੰ ਵੀ ਏਦਾਂ ਹੀ ਮਹਿਸੂਸ ਹੁੰਦਾ ਹੋਵੇਗਾ।
-ਜਸਵਿੰਦਰ ਸ਼ਰਮਾ

Comment here