ਸੱਭਿਆਚਾਰਿਕ ਪ੍ਰਭਾਵਾਂ ਹੇਠ ਉਣੇ ਸੁਪਨਿਆਂ ਦੀ ਪੇਸ਼ਕਾਰੀ ਹੁੰਦੀ ਹੈ ਵਿਆਹਾਂ ਦੇ ਸ਼ਗਨ। ਰਸਮਾਂ ਅਤੇ ਰੀਤੀ ਰਿਵਾਜ਼।
ਇਹ ਲੋਕ-ਗੀਤਾਂ ਸੱਭਿਆਚਾਰਿਕ ਪਰਛਾਵਿਆਂ ਦਾ ਸਾਥ ਹੁੰਦਾ ਹੈ। ਨਵ ਵਿਆਹੀ ਜਾਣ ਵਾਲੀ। ਵਹੁਟੀ ਕੁੜੀ ਦੀਆਂ ਅੰਦਰੂਨੀ ਮਨੋਭਾਵਨਾਵਾਂ ਤਾਂਘਾਂ ਦਾ ਸੁਨੇਹਾ। ਉਮੰਗਾਂ ਦੀ ਚਾਹਤ। ਉਡੀਕ ਕਾਮਨਾ ਹੁੰਦੀ ਹੈ ਪੁਲਾਂਘ ਵਿਆਹ ਵਰਗੀ।
ਪੰਘੂੜਾ ਹੁੰਦਾ ਹੈ ਲੋਰੀਆਂ ਤੋਂ ਲੋਕ ਗੀਤਾਂ ਨੂੰ ਸੁਣਦਾ ਗਾਉਂਦਾ। ਕਿਸੇ ਪਿਆਰੇ ਲਾੜੇ ਵਰ। ਘਰ ਦੀ ਤਮੰਨਾ ਮਾਣ ਖਾਹਿਸ਼ ਦੇ ਸੁਪਨੇ ਹੁੰਦੇ ਹਨ। ਇਹ ਘੜੀਆਂ ਘੋੜੀਆਂ ਸੁਹਾਗ।
ਇਕ ਤਰੇਹ ਪਿਆਸ। ਸੁਪਨਿਆਂ ਦੇ ਸੁਰੀਲੇ ਗੀਤਾਂ ਦੀਆਂ ਸੁਰਲਿਪੀਆਂ। ਅਣਗਾਏ ਨਗ਼ਮਿਆ ਦੀ ਬਣ ਰਹੀ ਸੁਰਤਾਲ। ਹਿੱਕ ਦੀਆਂ ਅਣਕਹੀਆਂ ਬਾਤਾਂ। ਗੱਲਾਂ। ਚਾਵਾਂ ਨਾਲ ਵਿਆਹੀ ਜਾਣ ਵਾਲੀ ਜ਼ਿੰਦਗੀ। ਰੂਹਾਂ ਦਾ ਮਿਲਣ।
ਕੁੜੀਆਂ ਸਹੇਲੀਆਂ ਨੂੰ ਸੰਗਦਿਆਂ ਸੰਗਦਿਆਂ ਨਾ ਦੱਸਣ ਵਾਲਾ ਓਹਲਾ। ਪਰਦੇ ਪਿੱਛੇ ਵਿਚ ਦਿਤੀ ਮੁਸਕਾਨ।
ਉਂਗਲ ਤੇ ਲਪੇਟੀਆਂ ਜਾਂਦੀਆਂ ਭਵਿੱਖ ਦੀਆਂ ਅੰਤਰਿਕਸ਼ਈ ਉਡਾਰੀਆਂ। ਮਹਿਕ ਬਦਨ ਦੀ। ਹਿੱਕ ਦੀ ਹੂਕ। ਆਪਣੇ ਆਪ ਆਪਣੀ ਹਿੱਕ ਨਾਲ ਬੈਠ। ਇਕੱਲ੍ਹੇ ਬਹਿ ਬਹਿ ਗੱਲਾਂ ਕਰਨ।
ਹੱਸਣ ਦੱਸਣ ਵਾਲੇ ਪਲ। ਓਸ ਆਉਣ ਵਾਲੀ ਸੁਹਾਗ ਵਾਲੀ ਬਿਨ ਬੋਲਿਆਂ ਗੱਲਾਂ ਕਰਨ ਵਾਲੇ ਪਲ। ਰਾਤ ਦੇ ਪਹਿਰਾਂ ਦਾ ਪਹਿਲਾ ਖ਼ਾਬ। ਇਕ ਦੂਸਰੇ ਵਿਚ ਡੁੱਬਣ ਵਾਲਾ।
ਪਹਿਲੀ ਰੀਝ ਦਿੱਲ ਵਾਲੀ। ਦੋ ਰੂਹਾਂ ’ਚ ਭਿਉਂ ਕੇ ਵਾਰ ਵਾਰ ਸਾਹਾਂ ਵਿੱਚ ਨਿਚੋੜਨ ਵਾਲੀ। ਵਿਆਹ ਕਰਵਾਉਣ ਤੇ ਉਪਰੋਂ ਉਪਰੋਂ ਨਾਂਹ ਕਰਨ ਦਾ ਚਾਅ। ਵੇਲਾ। ਨਾਂਹ ਚ ਹਾਂ ਕਹਿਣ ਦਾ।
ਪਿਆਰ ਵਾਲੀ ਜ਼ਿੰਦਗੀ ਦੀ ਕਲਪਨਾ। ਕੁਆਰੇ ਅੰਗਾਂ ਦੀਆਂ ਛੁਹਾਂ ਵਾਲੀ ਕਲਪਨਾ। ਲੀਲਾ ਖੇਲ, ਚੋਜ । ਸ਼ਾਦੀ ਦਾ ਜਗਤ। ਰਚਨਾ ਇਕ ਨਵੀਂ ਸੰਗਤ ਦੀ। ਚੋਜ, ਵਿਆਹ ਸ੍ਰਿਸ਼ਮੀ ਦੀ ਰਚਨਾ।
ਨਾਟਕ ਵਿਆਹੀ ਜਾਣ ਵਾਲੀ ਜ਼ਿੰਦਗੀ ਵਾਲਾ। ਸਹੁਰਿਆਂ ਨੂੰ ਜਾਣ ਵਾਲੀ ਕਾਹਲ। ਮੁਕਲਾਵੇ ਵਾਲੇ ਦਿਨ। ਸੁਹਾਗ ਰਾਤ ਦੇ ਪਲਾਂ ਦੀ ਉਡੀਕ। ਪੇਕੇ ਅਤੇ ਸਹੁਰੇ ਘਰ ਨਾਲ ਇੱਕ ਖੁੱਲ੍ਹਾ ਰਾਹ। ਰਸਤਾ। ਮੇਲ ਮਿਲਾਪ ਓਹਲਿਆਂ ਦਾ ਆਲਮ। ਉਦਰੇਵਾਂ ਵੀ। ਮਾਪਿਆਂ ਦਾ ਦਰ ਵਿਹੜਾ ਘਰ ਛੱਡੇ ਜਾਣ ਦਾ। ਬਾਬਲ ਘਰ ਰਹਿ ਗਈਆਂ ਗੁੱਡੀਆਂ ਪਟੋਲਿਆਂ ਦਾ ਵਿਗੋਚਾ। ਹੇਰਵਾ ਵੀ।
ਛੇੜਦੀਆਂ ਸਹੇਲੀਆਂ ਦਾ ਚੰਬਾ। ਨਾਲ ਵਾਲੀਆਂ ਕੁੜੀਆਂ ਦੀਆਂ ਕੁਤਕੁਤਾਰੀਆਂ ਕੱਢਣ ਵਾਲੀਆਂ ਘੜੀਆਂ ਦਾ ਵਿਯੋਗ। ਪਰ ਮਨ ਵਿਚ ਮੁਹੱਬਤ ਨੂੰ ਮਿਲਣ ਦੀ ਤਮੰਨਾ। ਚਾਹਤ। ਇੱਛਾ ਗਲਵੱਕੜੀਆਂ ਦੀ। ਜੀਅ ਭਰ ਕਿਸੇ ਨੂੰ ਦੇਖਣ ਤੱਕਣ ਦੀ ਕਾਹਲ। ਕਾਹਲੀ ਵਸਲ ਮਿਲਾਪ ਦੀ।
ਅੰਗ ਅੰਗ ਨੂੰ ਵਟਣੇ ਦੇ ਚੜ੍ਹਦੇ ਉਤਰਦੇ ਚਾਅ। ਮਹਿੰਦੀ ਦੇ ਰੰਗਾਂ ਨੂੰ ਆਇਆ ਲੋਹੜਾ। ਸੂਹੇ ਸੂਹੇ ਅੰਗਾਂ ਤੇ ਲਵੀ ਲਵੀ ਧੁੱਪ ਦੀ ਛੁਹ। ਮਿੱਠਾ ਮਿੱਠਾ ਮੋਹ ਸੱਧਰਾਂ ਦਾ। ਮਨ ਦੀਆਂ ਤਰੰਗਾਂ ਉਮੰਗਾਂ ਵਿਚ ਉਬਾਲ।
ਹਸੂੰ ਹਸੂੰ ਕਰਦੇ ਬੁੱਲ੍ਹ। ਉਕੀਕਣ ਚੁੰਮਣਾਂ ਨੂੰ। ਪੈਰ ਪੱਬ ਉਖੜਦੇ ਫ਼ਿਰਨ। ਨਿਮਾਣੀ ਜਿੰਦੜੀ ਨੂੰ ਖੋਹ ਜਿਹੇ ਪੈਣ ਦਾ ਵੇਲਾ। ਸਿਰਫ ਇਕ ਆਪਣੇ ਚੰਨ ਦਾ ਮੁੱਖ ਤੱਕਣ ਦੀ ਆਸ। ਜੋ ਕਿਸੇ ਪਿੰਡ ਸ਼ਹਿਰ ਦੀਆਂ ਇਮਾਰਤਾਂ ਦੇ ਓਹਲੇ ਹੈ। ਦੂਜੇ ਪਾਰ ਵਸਦੀਆਂ ਧੁੱਪੜੀਆਂ ਦੀ ਉਮੀਦ।
ਛਾਂਵਾਂ ਨੂੰ ਨਿੱਘੀਆਂ ਧੁੱਪਾਂ ਦਾ ਵਿਯੋਗ। ਇਸ ਉਮਰੇ। ਕਿਸੇ ਨੂੰ ਮਿਲਣ ਵਾਲੀ ਰੂਹ ਨੂੰ ਤਰਸਦਾ। ਵਿਲਕਦਾ। ਕੋਈ ਕੋਈ ਅੰਗ ਰੋਣ ਲੱਗ ਹੀ ਪੈਂਦਾ ਹੈ।
ਏਹੋ ਜਿਹੀ ਇਸ਼ਕ ਦੀ ਲੱਗ ਹੀ ਜਾਂਦੀ ਹੈ ਬਿਮਾਰੀ । ਦਸੂਤੀਆਂ ਫੁਲਕਾਰੀਆਂ ਉਤੇ ਮੋਰ ਤੇ ਘੁੱਗੀਆਂ ਕਬੂਤਰ ਕੱਢਦੀਆਂ ਸੂਈਆਂ ਤੋਪੇ ਡੁਸਕਣ ਵੀ ਲੱਗ ਪੈਂਦੈ ਹਨ।
ਇਹਨਾਂ ਨਿੰਮਾਂ ਤੂਤਾਂ ਨੂੰ ਵਿਗੋਚੇ ਆ ਹੀ ਜਾਂਦੇ ਹਨ। ਤਾਂ ਹੀ ਤਾਂ ਵਿਆਹ ਦੇ ਦਿਨ ਰੱਖੇ ਜਾਂਦੇ ਸਨ।
ਦਿਨ ਤਾਰੀਕਾਂ ਬੰਨ੍ਹੀਆਂ ਜਾਂਦੀਆਂ ਹਨ। ਫਿਰ ਯਾਦਾਂ ਲੀਕਾਂ ਮਾਰ ਮਾਰ ਇਕ ਇਕ ਦਿਨ ਕੱਟਦੀਆਂ ਹਨ।
ਤੇ ਫਿਰ ਆਪੇ ਹੀ ਓਹਲਿਆਂ ਵਿਚ ਖੜ੍ਹ ਖੜ੍ਹ ਮੁਸਕਰਾਉਂਦੀਆ ਹਨ।
ਪੀਲੇ ਲਾਲ ਸੂਹੇ ਰੰਗ। ਕੁਆਰੇ ਗੋਰੇ ਚਿੱਟੇ ਅੰਗਾਂ ਚੋਂ ਅੱਗ ਵਰਗੀਆਂ ਉਮੰਗਾਂ ਜਵਾਲਾ ਬਣਦੀਆਂ।
ਰੀਝਾਂ ਸਧਰਾਂ ਚੋਂ ਚਾਅ ਅੱਖਾਂ ਖੋਲ੍ਹਦੇ। ਨੀਂਦਾਂ ਨਾ ਆਉਂਦੀਆਂ। ਸੁਪਨੇ ਨਾ ਸੌਣ ਦਿੰਦੇ।
ਉਸ ਦਿਨ ਦੀ ਉਡੀਕ ਰਹਿੰਦੀ ਹੈ। ਇਕ ਇਕ ਦਿਨ ਸਦੀਆਂ ਵਾਂਗੂੰ ਬੀਤਦਾ। ਅੰਗ ਅੰਗ ਅੰਗੜਾਈਆਂ ਲੈਂਦੇ ਨਾ ਥੱਕਦੇ।
ਸੋਹਣੇ ਨੂੰ ਬੂਹੇ ਓਹਲੇ ਛੁਪ। ਲੁਕ ਲੁਕ ਦੇਖਣ ਦਾ। ਪਲ ਪਲ ਚਾਅ ਦਿਲ ਵਿਚ ਵਸੇ।
ਸਮਾਂ ਏਦਾਂ ਦਾ। ਮਹਿਕਾਂ ਸੁਗੰਧੀਆਂ ਨਾਲ ਜਿਵੇਂ ਕੋਈ ਪੌਣ ਭਰੀ ਪਈ ਹੋਵੇ।
ਤੇ ਤਰਲੇ ਕੱਢ ਰਹੀ ਹੋਵੇ। ਕਿ ਉਹ ਮੈਨੂੰ ਆ ਕੇ ਇਕ ਵਾਰ ਹੀ ਦੇਖ ਲਵੇ।
ਤੱਕ ਲਵੇ ਕਿਤਿਓਂ ਲੰਘਦਾ ਵੜਦਾ।
ਚਾਹਤ ਕੱਚੀ ਉਮਰ ਦੀ
ਸੁਹਾਗ ਤੇ ਕੁਆਰੀ ਦੇ ਗੀਤ-5
ਅਜੇ ਪਹਿਲ ਵਰੇਸ। ਅੱਲੜ੍ਹ।
ਕੱਚੀ ਉਮਰ ਹੁੰਦੀ ਹੈ। ਜੋ ਅਜੇ ਆਪਣੀ ਵਰੇਸ ਦੀ ਸ਼ਹਿਨਸ਼ਾਹੀ ਹੰਢਾਅ ਰਹੀ ਹੁੰਦੀ ਹੈ।
ਅੱਡਾ ਖੱਡਾ ਖੇਡਣ ਦਾ ਸਮਾਂ।
ਵਿਆਹ ਵਾਲੀ ਉਮਰ ਦੀਆਂ ਪੌੜੀਆਂ ਦਾ ਮਾਰਗ। ਪੌੜੀ ਦੇ ਹਰੇਕ ਡੰਡੇ ਤੇ ਪਿਆਰ ਦਾ ਡੰਗ ਖਾਣਾ। ਸਹਿਣਾ ਵੀ।
ਨਮਾਣਾ ਸਮਾਜ ਆਪਣੀ ਜ਼ਿੰਮੇਵਾਰੀ ਨਿਭਾਉਣ ਆ ਕੁੰਡਾ ਖੜਕਾਉਂਦਾ ਰਹਿੰਦਾ ਹੈ। ਅਜੇ ਤਾਂ ਚੜਦੀ ਉਮਰ ਦੀ ਨਾਦਾਨੀ ਨੇ ਮਾਰਨਾ ਹੁੰਦਾ ਹੈ। ਪਰ ਭੂਆ ਸਾਕ ਕਰਾਉਣ ਨੂੰ ਕਾਹਲੀ ਪੈ ਜਾਂਦੀ ਹੈ।?
ਬਚਦਿਆਂ ਬਚਦਿਆਂ ਛੁਪਦਿਆਂ ਨੂੰ ਵੀ ਜਵਾਨੀ ਡੰਗ ਮਾਰ ਹੀ ਜਾਂਦੀ ਹੈ। ਇਸ਼ਕ ਇਬਾਦਤ ਕਬੂਲਣੋ ਵੀ ਨਾਂਹ ਕਰ ਦਿੰਦਾ ਹੈ ਜ਼ਮਾਨਾ।
ਰੋਕਾਂ ਲੱਗ ਜਾਂਦੀਆਂ ਹਨ ਪੱਬਾਂ ਨੂੰ। ਪਹਿਰੇ ਲੱਗਣ ਲੱਗਦੇ ਹਨ ਪਹਿਰਾਂ ਨੂੰ। ਬਾਹਰ ਪੈਰ ਧਰਨ ਉਤੇ ਮੱਥੇ ਤਿਉੜੀਆਂ ਪੈਣ ਲੱਗ ਜਾਂਦੀਆਂ ਹਨ ਸ਼ਾਮਾਂ ਦੁਪਹਿਰਾਂ ਦੇ।
ਅੱਲੜ੍ਹ ਉਮਰ ਦੇ ਬਹਾਨੇ ਮੁੱਕ ਜਾਂਦੇ ਹਨ ਕਿਤੇ ਬਾਹਰ ਜਾਣ ਲਈ।
ਉਹਦੀ ਝਲਕ ਪਵੇ ਤਾਂ ਕਿਵੇਂ।
ਓਧਰੋਂ ਸੁੱਚੇ ਸੁੱਚੇ ਅੰਗ। ਕਿਸੇ ਦਾ ਸੰਗ ਭਾਲਦੇ ਨੇ ਸੁਬਾਹ ਸ਼ਾਮ। ਚਾਹੁੰਦੇ ਮਿਲਣ।
ਆਰਾਮ ਚੈਨ ਨਾ ਲੈਣ ਦਿੰਦੇ। ਜੱਗ ਵੈਰੀ ਬਣ ਬੈਠਦਾ।
ਲਾਲ ਸੂਹੇ ਵੇਸ। ਮਸਤੀਆਂ ਘੂਰਦੀਆਂ। ਭਿੱਜੇ ਵਾਲ। ਉਹ ਵੀ ਅਣਵਾਹੇ। ਛੱਤਾਂ ਵੀ ਕਿੱਥੋਂ
ਸੁਕਾਉਂਦੀਆਂ ਨੇ।
ਕਿੱਥੋਂ ਦਿੰਦੀਆਂ ਹਨ ਸੌਣ ਭਲਾ ਪਲ ਭਰ ਵੀ।
ਪਹਿਲੀਆਂ ਰੀਝਾਂ। ਕਿੱਥੋਂ ਆਰਾਮ ਚੈਨ ਲੈਣ ਦਿੰਦੀਆਂ ਹਨ। ਧੁਖ਼ਦੀ ਹਿੱਕ ਉਲ੍ਹਾਮੇ ਦੇਵੇ ਤਾਂ ਕਿਹਨੂੰ।
ਰੂਹ ਸੁਫ਼ਨੇ-ਵਰਗੀ ਸੌਵੇਂ ਤਾਂ ਕਿਵੇਂ। ਜਿੰਦ ਨੂੰ ਕੀ ਕਹੇ। ਕਿਹਨੂੰ ਦਿਲ ਖੋਲ੍ਹ ਕੇ ਵਿਖਾਵੇ। ਦੱਸੇ ਦੁਖੜੇ ਦਿਲ ਦੇ।
ਸੋਹਣੀਆਂ ਜਿਹੀਆਂ ਆਸਾਂ ਉ?ਮੀਦਾਂ ਨੂੰ। ਕਿਹੜੇ ਅਰਸ਼ ਦੀ ਸੱਖਣੀ ਕਿੱਲੀ ਤੇ ਟੰਗੇ।
ਇਸ ਵੇਲੇ ਤਾਂ ਸਾਰੇ ਸਰੋਵਰਾਂ ਵਿਚ ਡੁੱਬਣ ਨੂੰ ਜੀਅ ਕਰਦਾ ਹੈ। ਨਹਾਉਣ ਨਾਲ ਕਿੱਥੇ ਗੱਲ ਬਣਦੀ ਹੈ।
ਦਿਲੀ ਸੱਧਰ ਤਾਂ ਹੁੰਦੀ ਹੈ ਕਿ ਉਹ ਰਾਂਝਣ। ਹੁਣੇ ਹੀ। ਅੱਜ ਹੀ ਆ ਕੇ ਛੂਹੇ। ਕੋਮਲ ਕੋਮਲ ਸ਼ਰਮਾਉਂਦੇ। ਸੁੱਚੇ ਸੁੱਚੇ ਅੰਗਾਂ ਨੂੰ। ਭਲਕੇ ਹੀ ਆਣ ਮਿਲੇ ਸੋਹਣਾ।
ਇਸ ਵੇਲੇ ਕੁਆਰੀ ਕੁੜੀ। ਸਾਹੇ ਬੱਝੀ ਤਕਦੀਰ ਝੋਲੀ ਪਾ ਕੇ ਖੜੀ ਹੁੰਦੀ ਹੈ ਬੂਹੇ ਤੇ ਕਿਸੇ ਪਿਆਰੇ ਲਈ।
ਸਾਹਾਂ ਵਿੱਚ ਇਹ ਹੁੰਦਾ ਹੈ ਕਿ ਕੁਆਰੇ ਅੰਗਾਂ ਦੀਆਂ ਖੁਸ਼ਬੂਆਂ ਨਾ ਕਿਤੇ ਨਰਾਜ਼ ਹੋ ਜਾਣ। ਬੁਝ ਨਾ ਜਾਣ ਸੁਗੰਧੀਆਂ।
ਮਹਿਕਾਂ ਮਰ ਜਾਣ ਤਾਂ ਰੰਗੀਨ ਪੱਤੀਆਂ ਦਾ ਵੀ ਮੁੱਲ ਨਹੀਂ ਪੈਂਦਾ ਕਿਤੇ।
ਇਸ ਵੇਲੇ ਤਾਂ ਉਡੀਕਾਂ ਉਮੀਦਾਂ ਸੱਧਰਾਂ ਦੇ ਰੁਸ ਜਾਣ ਦਾ ਡਰ ਹੁੰਦਾ ਹੈ।
ਓਧਰੋਂ ਬਦਨ ਨੂੰ ਜਵਾਨੀ ਦੀ ਵਗਦੀ ਲੂ ਨਹੀਂ ਟਿਕਣ ਦਿੰਦੀ।
ਤੱਤੀ ਤੱਤੀ ’ਵਾ ਨਹੀਂ ਲੂਹਣੋ ਹਟਦੀ।
ਏਧਰ ਦਰਾਂ ਤੇ ਕੋਈ ਨਹੀਂ ਅਜੇ ਢੁਕਿਆ ਹੁੰਦਾ।
ਇਸ ਵਕਤ ਸੁਗੰਧੀਆਂ ਮਹਿਕਾਂ ਭਰੀ ਹਿੱਕ ਜਾਵੇ ਤਾਂ ਕਿੱਥੇ।
ਉਪਰੋਂ ਵਗਦੀਆਂ ਪੌਣਾਂ ਹੋਰ ਨਹੀਂ ਟਿਕਣ ਦਿੰਦੀਆਂ। ਨਾ ਸਾਹ ਲੈਣ ਦੇਣ।
ਕੌਣ ਦੇਖੇ। ਤੱਕੇ। ਇਸ ਵੇਲੇ ਕੁਆਰੀ ਰੂਹ ਦਾ ਤਰਲਾ। ਆਉਣ ਵਾਲਾ।ਬੂਹੇ ਆਵੇ। ਇਹੀ ਭੁੱਖ ਪਿਆਸ ਰਹਿ ਜਾਂਦੀ ਹੈ।
ਸ਼ਾਮ ਨੂੰ ਕੁੜੀਆਂ ਚਿੜੀਆਂ ਵਿਆਹੁਤਾ ਔਰਤਾਂ ਰਲਮਿਲ ਕੇ ਸੁਹਾਗ ਗਾਉਂਦੀਆਂ ਹਨ। ਗਾਉਣ ਦੇ ਨਾਲ ਨਾਲ ਸ਼ਬਦਾਂ, ਵਾਕੰਸ਼ਾਂ ਵਾਕਾਂ ਦਾ ਦੁਹਰਾਉ ਵੀ ਹੁੰਦਾ ਹੈ। ਮਿੱਠੇ ਬੋਲ ਸੁੰਨੀਆਂ ਉਦਾਸ ਸ਼ਾਮਾਂ ਰਾਤਾਂ ਵਿੱਚ ਲੈਅ ਸੁਰਾਂ ਨੂੰ ਵੀ ਸੱਦ ਲਿਆਉਂਦੀਆਂ ਹਨ।
ਸ਼ਬਦਾਂ ਦਾ ਰੂਪ ਇਲਾਕੇ ਅਨੁਸਾਰ ਕੁਝ ਬਦਲਿਆ ਵੀ ਹੁੰਦਾ ਹੈ। ਕੁਆਰੀ ਤੋਂ ਵਹੁਟੀ ਬਣਨ ਵਾਲੀ ਕੁੜੀ ਦੇ ਵਿਆਹ ਸੁਹਾਗ ਦੇ ਗੀਤਾਂ ਵਿਚ ਵਲਵਲੇ। ਜਜ਼ਬਾਤ, ਰੀਝਾਂ ਸੱਧਰਾਂ, ਮਾਂ ਬਾਪ ਲਈ ਵੈਰਾਗ।
ਭਰਾਵਾਂ ਦੀ ਇੱਜ਼ਤ, ਅਣਖ ਤੇ ਸ਼ਾਨ ਦੇ ਗੁਣਗਾਣ ਗਾਏ ਤੇ ਕੱਤੇ ਜਾਂਦੇ ਹਨ ਸ਼ਬਦਾਂ ਵਿਚ। ਇਹ ਅੱਜ ਵੀ ਰਸਮਾਂ ਰੀਤਾਂ ਰਿਵਾਜ ਹਨ। ਪਰ ਵਿਰਲੀਆਂ ਜੇਹੀਆਂ ਹਨ।
ਉੱਡਣ ਵੇਲੇ ਕੁੜੀਆਂ ਚਿੜੀਆਂ ਕਹਿੰਦੀਆਂ ਹਨ-
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਵੇ ਜਾਣਾ
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਡੋਲਾ ਨਹੀਂ ਲੰਘਦਾ
ਇੱਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ
ਸਹੁਰੇ ਘਰ ਲਈ ਤਰਲਾ ਕਰਦੀ ਕਿ ਕਿਹੋ ਜਿਹਾ ਹੋਵੇ –
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ,
ਸਹੁਰਾ ਸਰਦਾਰ ਹੋਵੇ
ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ,
ਇੱਕ ਮੰਗੀਏ, ਇੱਕ ਵਿਆਹੀਏ,
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ ਤੇਰਾ ਪੁੰਨ ਹੋਵੇ ।
ਭਾਵੁਕ ਕਰ ਦਿੰਦੇ ਹਨ। ਮਾਂ ਬਾਪ ਲਈ ਗਾਏ ਜਾਂਦੇ ਇਹ ਖੂਬਸੂਰਤ ਜਜ਼ਬਾਤਾਂ ਭਰੇ ਗੀਤ:
ਕਣਕਾਂ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿਸਰ ਗਿਆ
ਬਾਬਲ ਧਰਮੀ ਦਾ ਦੇਸ,
ਹੌਲੀ ਹੌਲੀ ਵਿਸਰ ਗਿਆ
ਕਸੀਦੜਾ ਕੱਢ ਰਹੀਆਂ ਕੁੜੀਆਂ। ਨਿੱਕੀਆਂ ਨਿੱਕੀਆਂ ਸੂਈਆਂ ਵਿਚ ਵਟਵੇਂ ਧਾਗਿਆਂ ਦੇ ਗੀਤ ਗਾਉਂਦੀਆਂ ਹਨ। ਰੋ ਰਹੀਆਂ ਕੁੜੀਆਂ ਨੂੰ ਨੇੜਿਓਂ ਲੰਘਣ ਵਾਲੇ ਰਾਹੀ ਰੋਣ ਦਾ ਕਾਰਨ ਪੁੱਛਦੇ ਹਨ।
ਸਾਹੇ ਬੱਝੀ ਕੁੜੀ ਪ੍ਰਦੇਸਣ ਹੋਣ ਤੇ ਬਾਬੁਲ ਤੇ ਵੀਰੇ ਤੋਂ ਦੂਰ ਟੁਰ ਜਾਣ ਦਾ। ਰੋਂਦੀ ਕਾਰਨ ਦੱਸਦੀ ਹੈ।
ਮੁੰਡੇ ਵਾਲਿਆਂ ਦੇ ਘਰ ਵਿਆਹ ਦੇ ਦਿਨੀਂ ਵਿਆਂਦੜ ਬਜ਼ੁਰਗ ਔਰਤਾਂ ਕੁੜੀਆਂ ਵੱਲੋਂ ਰਲਮਿਲ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਮੁੰਡੇ ਦੀ ਮਾਂ, ਭੈਣ ਤੇ ਹੋਰ ਨੇੜਲੇ ਰਿਸ਼ਤੇਦਾਰ ਸੁਆਣੀਆਂ ਵਿਆਂਦੜ ਮੁੰਡੇ ਦੇ ਖ਼ਾਨਦਾਨ ਜਾਇਦਾਦ ਦੀ ਵਡਿਆਈ ਕਰਦੀਆਂ ਨਹੀਂ ਥੱਕਦੀਆਂ।
ਜਿਵੇਂ ਜੱਟ ਜਾਇਦਾਦ ਦੱਸਣ ਵੇਲੇ ਸਾਰੇ ਪਾਸੇ ਹੀ ਉਂਗਲ ਘੁਮਾ ਦਿੰਦਾ ਹੈ।
ਜਿਵੇਂ ਲੇਖਕ ਕਵੀ ਆਪਣੀਆਂ ਸਾਰੀਆਂ ਲਿਖਤਾਂ ਉੱਤਮ ਉਮਦਾ ਦੱਸਦੇ ਪੁਲ ਬੰਨ੍ਹਣ ਬਹਿ ਜਾਂਦੇ ਹਨ।
ਡਾਕਟਰ ਸਾਹਿਬ ਮੇਰੀ ਕਵਿਤਾ ਦੀ ਤਾਂ ਘਰ ਘਰ ਵਿੱਚ ਚਰਚਾ ਹੁੰਦੀ ਹੈ। ਨਾਵਲ ਕਹਾਣੀਆਂ ਤਾਂ ਮੇਰੀਆਂ ਏਨੀਆਂ ਸੋਹਣੀਆਂ ਹਨ। ਪਰ ਛਪਦੀ ਪਤਾ ਨਹੀਂ ਕਿਉਂ। ਤੁਸੀਂ ਪੜ੍ਹੋਗੇ ਤਾਂ ਹੈਰਾਨ ਰਹਿ ਜਾਓਗੇ।
ਇਹੀ ਮੁੰਡੇ ਵਾਰੇ ਕਈ ਵਾਰ ਗੱਲ ਹੁੰਦੀ ਹੈ। ਅਖੇ ਪੜਿ੍ਹਆ ਕਿੰਨਾ ਕੁ ਆ।
ਜੀ ਅੱਜਕਲ ਕਿਹੜਾ ਪੁੱਛਦਾ ਹੈ ਪੜਿ੍ਹਆਂ ਲਿਖਿਆਂ ਨੂੰ।
ਭਲਾ ਦਸੋ ਪ੍ਰਧਾਨ ਮੰਤਰੀ ਤੇ ਆਪਣੇ ਮੁੱਖ ਮੰਤਰੀ ਕਿੰਨਾ ਕੁ ਪੜ੍ਹੇ ਲਿਖੇ ਹਨ।
ਇਹ ਤਾਂ ਚੱਲਦੀ ਦੀ ਗੱਲ ਹੈ ਜੀ ਅੱਜਕਲ।
ਘੁਮਾਈ ਫਿਰਦੇ ਨੇ ਅਗਲੇ ਦੇਸ਼ ਤੇ ਪੰਜਾਬ ਨੂੰ।
ਜੇ ਲੋੜ ਪਵੇ ਤਾਂ ਸਾਬ ਕਿਤਾਬ ਕਰ ਲੈਂਦਾ ਹੈ।
ਕੰਮਕਾਰ ਕੋਈ ਨੌਕਰੀ?
ਛੱਡੋ ਜੀ ਕੰਮਕਾਰ। ਆਪਣੀ ਹੀ ਹੈ ਖੇਤੀਬਾੜੀ। ਨਾਲੇ ਅੱਜਕਲ੍ਹ ਨੌਕਰੀਆਂ ’ਚ ਕੀ ਬਣਦਾ ਹੈ। ਉਪਰੋਂ ਅਜਕੱਲ ਊਂ ਨਹੀਂ ਕੁਝ ਬਣਦਾ। ਨਾ ਅਗਲੇ ਲੈਣ ਦਿੰਦੇ ਹਨ।
ਜ਼ਮੀਨ ਜਾਇਦਾਦ?
ਆਹ ਜਿੱਥੇ ਆਪਾਂ ਖੜ੍ਹੇ ਆਂ। ਔਹ ਦੂਰ ਲੱਗੇ ਖੰਬੇ ਤੋਂ ਲੈ ਕੇ ਓਥੋਂ ਤੱਕ ਸਾਰੀ ਆਪਣੀ ਹੀ ਹੈ। ਉਪਜ ਤਾਂ ਸੰਭਾਲੀ ਨਹੀਂ ਜਾਂਦੀ।
ਸਿਹਤ ਨਸ਼ੇ ਪੱਤੇ ਬਾਰੇ ਕਿੱਦਾਂ।
ਜ਼ਰਾ ਲੱਤ ਚ ਹੀ ਨੁਕਸ ਆ। ਕਦੇ ਕਦੇ ਪੁੜੀ ਵਰਤ ਵੀ ਲੈਂਦਾ ਹੈ। ਆਮ ਨਹੀਂ।
ਇੰਝ ਕਈਆਂ ਦਾ ਕੰਮ ਬਣਿਆ ਹੈ। ਕੰਮ ਵੀ ਜਾਂਦਾ ਹੈ। ਤਾਂ ਹੀ ਤਾਂ ਵਿਚੋਲੇ ਨੂੰ ਲੱਭਦੇ ਫਿਰਦੇ ਹੁੰਦੇ ਹਨ।
-ਅਮਰਜੀਤ ਟਾਂਡਾ

Comment here