ਅਪਰਾਧਸਿਆਸਤਖਬਰਾਂ

ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਗਿ੍ਰਫਤਾਰ

ਸਿਰਸਾ-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਇਕ ਗੁਰਗੇ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਫੋਨ ਕਰ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਹੁਣ ਪੁਲਸ ਨੇ ਇਕ ਵਿਅਕਤੀ ਪ੍ਰਦੀਪ ਕੁਮਾਰ ਪੁੱਤਰ ਬਲਵੰਤ ਰਾਏ ਡੱਬਵਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਰਸਾ ਪੁਲਸ ਦੀ ਐਡੀਸ਼ਨਲ ਕਪਤਾਨ ਦੀਪਤੀ ਗਰਗ ਨੇ ਦੱਸਿਆ ਕਿ ਹਨੀਪ੍ਰੀਤ ਨੇ ਪੁਲਸ ਵਿਚ ਸ਼ਿਕਾਇਤ ਦਿੱਤੀ ਸੀ ਕਿ 5 ਅਪ੍ਰੈਲ ਨੂੰ ਉਸ ਦੇ ਵਟਸਐਪ ਨੰਬਰ ’ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਤੇ ਮੈਸੇਜ ਆਏ ਸਨ। ਕਾਲ ਤੇ ਮੈਸੇਜ ਕਰਨ ਵਾਲੇ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਉਸ ਨੇ ਫਿਰੌਤੀ ਦੇ ਤੌਰ ’ਤੇ 50 ਲੱਖ ਰੁਪਏ ਦੇਣ ਦੀ ਡਿਮਾਂਡ ਰੱਖੀ ਸੀ। 50 ਲੱਖ ਰੁਪਏ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਪੁਲਸ ਦੀ ਮੁੱਢਲੀ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਪ੍ਰਦੀਪ ਪਹਿਲਾਂ ਡੇਰੇ ਦਾ ਹੀ ਪੈਰੋਕਾਰ ਸੀ। ਪ੍ਰਦੀਪ ਦਾ ਕਹਿਣਾ ਹੈ ਕਿ ਉਸਦੇ ਸਿਰ ’ਤੇ ਕਰਜ਼ਾ ਹੈ ਤੇ ਫੇਸਬੁੱਕ ਪੇਜ ਤੋਂ ਹੀ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿਚ ਆਇਆ ਸੀ। ਉਸਨੂੰ ਕੁਝ ਵਾਟਸਅਪ ਨੰਬਰ ਦਿੱਤੇ ਗਏ ਸੀ, ਜਿਨ੍ਹਾਂ ਨੂੰ ਆਪਣੇ ਫੋਨ ’ਚ ਇੰਸਟਾਲ ਕਰ ਕੇ ਫਿਰੌਤੀ ਮੰਗੀ ਸੀ। ਪੁਲਸ ਕਪਤਾਨ ਨੇ ਦੱਸਿਆ ਕਿ ਹਾਲੇ ਪੁਲਸ ਦੀ ਜਾਂਚ ਜਾਰੀ ਹੈ। ਮੁਲਜ਼ਮ ਪ੍ਰਦੀਪ ਵੱਲੋਂ ਇਸ ਮਾਮਲੇ ਵਿਚ ਡਾਕਟਰ ਮੋਹਿਤ ਦਾ ਨਾਂ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ ਪਰ ਪੁਲਸ ਪੁੱਛਗਿੱਛ ਵਿਚ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਮਿਲੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ 2017 ’ਚ ਪੰਚਕੂਲਾ ਦੰਗੇ ਵਿਚ ਵੀ ਸ਼ਾਮਲ ਸੀ। ਪੁਲਸ ਇਸ ਬਾਰੇ ਜਾਂਚ ਕਰ ਰਹੀ ਹੈ।

Comment here