ਖਬਰਾਂਚਲੰਤ ਮਾਮਲੇ

ਪ੍ਰਕਾਸ਼ ਦਿਵਸ : ਸ੍ਰੀ ਗੁਰੁੂ ਤੇਗ ਬਹਾਦਰ ਸਾਹਿਬ

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਨਿਰਮਲ ਪੰਥ ਦੇ ਰੂਪ ਵਿਚ ਚਲਾਇਆ ਗਿਆ ਸਿੱਖ ਧਰਮ ਸੰਸਾਰਿਕ ਅਤੇ ਪਰਿਵਾਰਕ (ਗ੍ਰਹਿਸਥ ਪ੍ਰਧਾਨ) ਧਰਮ ਹੈ। ਜਗਤ ਗੁਰੂੁ ਨੇ ਆਪਣੀ ਅਣਥੱਕ ਘਾਲਣਾ ਅਤੇ ਸਰਵ-ਹਿੱਤਕਾਰੀ ਸੋਚ ਨਾਲ ਦੁਨੀਆਂ ਨੂੰ ਇੱਕ ਅਜਿਹੀ ਜੀਵਨ-ਜੁਗਤ ਦਿੱਤੀ ਹੈ ਜਿਸ ਨੂੰ ਤਨੋਂ-ਮਨੋਂ ਅਪਨਾਉਣ ਅਤੇ ਕਮਾਉਣ ਨਾਲ ਕੋਈ ਵੀ ਬਸ਼ਰ ਆਪਣੇ ਲੋਕ ਅਤੇੇੇ ਪ੍ਰਲੋਕ ਨੂੰ ਸੰਵਾਰ ਸਕਦਾ ਹੈ। ਸਿੱਖ ਧਰਮ ਵਿਚ ਪ੍ਰਲੋਕ ਨੂੰ ਸੰਵਾਰਨ ਤੋਂ ਪਹਿਲਾਂ ਲੋਕ ਨੂੰ ਸੰਵਾਰਨ ਅਤੇ ਲੋਕ ਨੂੰ ਸੰਵਾਰਨ ਤੋਂ ਪਹਿਲਾਂ ਨਿੱਜ ਨੂੰ ਸੰਵਾਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਧਾਂਤਕ ਅਤੇ ਵਿਵਹਾਰਕ ਰੂਪ ਵਿਚ ਸਰਬਤ ਦਾ ਭਲਾ ਮੰਗਣਾ ਕੇਵਲ ਸਿੱਖ ਧਰਮ ਦੇ ਹਿੱਸੇ ਵਿਚ ਹੀ ਆਇਆ ਹੈ। ਬੇਸ਼ੱਕ ਸੰਸਾਰ ਦੇ ਬਾਕੀ ਧਰਮ ਵੀ ਮਾਨਵ-ਹਿੱਤੂ ਹੋਣ ਦੀ ਹਾਮੀ ਭਰਦੇ ਹਨ ਪਰ ਜਿਹੜਾ ਕਲਾਵਾ ਸਿੱਖ ਗੁਰੁ ਸਾਹਿਬਾਨ ਅਤੇ ਉਨ੍ਹਾਂ ਦੇ ਪਿਆਰੇ ਸਿੱਖਾਂ ਨੇ ਸਮੇਂ-ਸਮੇਂ ਭਰਿਆ ਹੈ ਉਸ ਵਿਚ ਗ਼ੈਰ ਸਿੱਖਾਂ ਦੇ ਸਮਾਅ ਜਾਣ ਦੀ ਗੂੰਜ਼ਾਇਸ਼ ਵੀ ਬਰਾਬਰ ਰਹੀ ਹੈ। ਇਸ ਬਰਾਬਰਤਾ ਦਾ ਆਧਾਰ ‘ਤੂੰ ਕਿਸੈ ਨ ਦਿਸੈ ਬਾਹਰਾ ਜੀਓ’ ਦਾ ਸਿਧਾਂਤ ਹੈ ਜਿਹੜਾ ਪਰਉਪਕਾਰ ਦੀ ਭਾਵਨਾ ਦਾ ਜਨਮਦਾਤਾ ਹੈ ਅਤੇ ਇਹ ਭਾਵਨਾ ਸਿੱਖੀ ਸੋਚ ਦਾ ਕੇਂਦਰੀ ਬਿੰਦੂ ਰਹੀ ਹੈ। ਇਹ ਭਾਵਨਾ ਏਨੀ ਬਲਵਾਨ ਰਹੀ ਹੈ ਕਿ ਇਸ ਦੇ ਪ੍ਰਭਾਵ ਹੇਠ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਸਮੇਂ-ਸਮੇਂ ਸ਼ਹਾਦਤ ਦੇ ਜਾਮ ਵੀ ਪੀਣੇ ਪਏ ਹਨ। ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਭਾਵੇਂ ਪੰਚਮ ਪਾਤਸ਼ਾਹ ਸ੍ਰੀ ਗੁਰੂੁ ਅਰਜਨ ਦੇਵ ਜੀ ਨੂੰ ਹਾਸਲ ਹੈ ਪਰ ਪਰਉਪਕਾਰ ਦੀ ਭਾਵਨਾ ਤਹਿਤ ਸ਼ਹੀਦ ਹੋਣ ਦਾ ਮਾਣ ਉਨ੍ਹਾਂ ਦੇ ਪੋਤੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਜਾਂਦਾ ਹੈ।
ਹਿੰਦੋਸਤਾਨ ਦੇ ਹਾਕਮ ਔਰੰਗਜ਼ੇਬ ਦੇ ਹੁਕਮ ਉਪਰ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੇ ਜਦੋਂ ਕਸ਼ਮੀਰ ਦੇ ਪੰਡਤਾਂ ‘ਤੇ ਅਕਹਿ ਅਤੇ ਅਸਹਿ ਜ਼ੁਲਮ ਕਰਨੇ ਸ਼ੁਰੂ ਕੀਤੇ ਤਾਂ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਥੱਕ ਹਾਰ ਕੇ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਰਾਹ ਫੜਿਆ ਲਿਆ ਅਤੇ ਨੋਵੇਂ ਨਾਨਕ ਸ੍ਰੀ ਗੁਰੂੁ ਤੇਗ ਬਹਾਦਰ ਕੋਲ ਆ ਫ਼ਰਿਆਦੀ ਹੋਏ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂੁ ਸਾਹਿਬ ਅਜੇ ਕੁੱਝ ਸੋਚ ਹੀ ਰਹੇ ਸਨ ਕਿ ਇਸ ਸਮੇਂ ਦੌਰਾਨ ਬਾਲ ਗੋਬਿੰਦ ਰਾਇ ਜੀ ਵੀ ਉਥੇ ਪਹੁੰਚ ਗਏ। ਉਦਾਸ ਬੈਠੇ ਪੰਡਤਾਂ ਨੂੰ ਦੇਖ ਕੇ ਪੁੱਛਣ ਲੱਗੇ-
‘ਪਿਤਾ ਜੀ! ਇਹ ਕੌਣ ਲੋਕ ਹਨ ਜੋ ਉਦਾਸ ਬੈਠੇ ਹਨ?’
‘ਇਹ ਕਸ਼ਮੀਰ ਦੇ ਵਿਦਵਾਨ ਲੋਕ ਹਨ। ’
ਗੁਰੂ ਸਾਹਿਬ ਨੇ ਜਵਾਬ ਦਿੱਤਾ।
‘ਇਹ ਇਥੇ ਕਿਉਂ ਆਏ ਹਨ?’
ਬਾਲ ਗੋਬਿੰਦ ਰਾਇ ਨੇ ਸਵਾਲੀਆ ਨਜ਼ਰਾਂ ਨਾਲ ਕਿਹਾ।
‘ਪੁੱਤਰ ਜੀ! ਦਿੱਲੀ ਦਾ ਹਾਕਮ ਔਰੰਗਜ਼ੇਬ ਇਨ੍ਹਾਂ ਦੇ ਧਾਰਮਿਕ ਸਥਾਨਾਂ (ਮੰਦਰਾਂ) ਅਤੇ ਧਾਰਮਿਕ ਚਿੰਨ੍ਹਾਂ (ਤਿਲਕ, ਜੰਝੂ ਅਤੇ ਟਿੱਕਾ) ਦੀ ਬੇਅਦਬੀ ਕਰ ਰਿਹਾ ਹੈ, ਇਹ ਇੱਥੇ ਇਸ ਕਰਕੇ ਆਏ ਹਨ ਕਿ ਇਨ੍ਹਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ।’
ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਆਮਦ ਦਾ ਸਬੱਬ ਬਿਆਨਦੇ ਹੋਏ ਕਿਹਾ।
‘ਪਿਤਾ ਜੀ ਫਿਰ ਰਾਖੀ ਹੋਵੇਗੀ ਕਿ ਨਹੀਂ?’
‘ਪੁੱਤਰ ਜੀ! ਇਨ੍ਹਾਂ ਦੇ ਧਰਮ ਦੀ ਰਾਖੀ ਲਈ ਕਿਸੇ ਮਹਾਨ-ਪੁਰਖ ਦੀ ਕੁਰਬਾਨੀ ਦੀ ਲੋੜ ਹੈ ਜੋ ਆਪਣਾ ਬਲੀਦਾਨ ਦੇ ਕੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾ ਸਕੇ। ’ ‘ਪਿਤਾ ਜੀ ! ਉਹ ਮਹਾਨ-ਪੁਰਖ ਤੁਹਾਡੀ ਨਜ਼ਰ ਵਿਚ ਹੈ ਕਿ ਜਾਂ ਫਿਰ ਮੈਂ ਦੱਸ ਦਿਆਂ।’
‘ਪੁੱਤਰ ਚੱਲ ਫਿਰ ਤੂੰ ਹੀ ਦੱਸ ਦੇ।’
‘ਪਿਤਾ ਜੀ! ਉਹ ਮਹਾਨ-ਪੁਰਖ ਤੁਹਾਡੇ ਤੋਂ ਵੱਧ ਕੇ ਭਲਾ ਹੋਰ ਕੌਣ ਹੋ ਸਕਦਾ ਹੈ। ’ ‘ਬੱਚਾ ! ਦੇਖ ਲੈ ਤੂੰ ਅਨਾਥ ਹੋ ਜਾਵੇਂਗਾ। ’
‘ਪਿਤਾ ਜੀ! ਜੇਕਰ ਹਿੰਦੋਸਤਾਨ ਦੇ ਹਜ਼ਾਰਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਤਾਂ ਮੇਰੇ ਇੱਕ ਦੇ ਅਨਾਥ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ’
ਇੱਕ ਪੌਣੇ ਕੁੁ ਨੌ ਸਾਲ ਦੇ ਬਾਲ ਦੇ ਮੁਖ਼ਾਰਬਿੰਦ ‘ਚੋਂ ਨਿਕਲੇ ਇਹ ਵਾਕ ਸਿੱਖੀ ਸੋਚ ਵਿਚਲੀ ਪਰਉਪਕਾਰੀ ਭਾਵਨਾ ਦੀ ਸਿਖਰ ਸਨ ਜਿਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੌਵੇਂ ਪਾਤਸ਼ਾਹ ਨੂੰ ਆਪਣਾ ਬਲੀਦਾਨ ਦੇਣਾ ਪਿਆ। ਇਹ ਬਲੀਦਾਨ ਗੁਰੁੁੂ ਘਰ ਦੀ ਉਸ ਵਚਨਬੱਧਤਾ ਨੂੰ ਵੀ ਸਾਰਧਿਕ ਕਰਦਾ ਹੈ ਜਿਸ ਕਿਹਾ ਗਿਆ ਹੈ:-
ਗੁਰੂੁ ਤੇਗ ਬੋਲਿਆ ਧਰ ਪਾਈਏ ਧਰਮ ਨਾ ਛੋੜੀਐ। ’
‘ਬਾਹਿ ਜਿਨਾ ਦੀ ਪਕੜੀਐ ਸਿਰ ਦੀਜੈ ਬਾਹਿ ਨ ਛੋੜੀਐ। ’

Comment here