ਅੱਜ ਜਨਮ ਦਿਨ ‘ਤੇ ਵਿਸ਼ੇਸ਼
ਪੰਜਾਬੀ ਸਾਹਿਤ ਜਗਤ ਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਸੰਸਾਰ ਪ੍ਰਸਿੱਧ ਲੇਖਿਕਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਉਸ ਦੇ ਜੀਵਨ ਸਫ਼ਰ ਦੇ ਸਾਹਿਤਕ ਪੱਖੋਂ ਕੁਝ ਅਜਿਹੀ ਵੀ ਪਹਿਲੂ ਹਨ, ਜਿਹੜੇ ਉਸ ਨੂੰ ਸਰਕਾਰੀ ਹਮਾਇਤਣ ਅਤੇ ਲੋਕ ਹੱਕਾਂ ਵਿਰੋਧੀ ਲੇਖਿਕਾ ਵਜੋਂ ਪੇਸ਼ ਕਰਦੇ ਹਨ। ਇਸ ਲਿਖਤ ਰਾਹੀਂ ਅੰਮ੍ਰਿਤਾ ਦੇ ਸਾਹਿਤਕ ਸਫ਼ਰ ਨਾਲ, ਇਨ੍ਹਾਂ ਪਹਿਲੂਆਂ ਬਾਰੇ ਵੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਦਾ ਜਨਮ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ ‘ਚ ਭਾਈ ਕਰਤਾਰ ਸਿੰਘ ਹਿੱਤਕਾਰੀ ਦੇ ਗ੍ਰਹਿ ਵਿਖੇ, ਮਾਤਾ ਰਾਜ ਬੀਬੀ ਦੀ ਕੁੱਖੋਂ 31 ਅਗਸਤ 1919 ਨੂੰ ਹੋਇਆ। ਉਸ ਦਾ ਮੁੱਢਲਾ ਨਾਂ ਅੰਮ੍ਰਿਤ ਕੌਰ ਸੀ। ਹਿਤਕਾਰੀ ਜੀ ਕੰਨਿਆ ਵਿਦਿਆਲਿਆ, ਭਸੌੜ ਵਿਖੇ ਮਾਸਟਰ ਸਨ ਅਤੇ ਰਾਜ ਬੀਬੀ ਵੀ ਉਥੇ ਅਧਿਆਪਕਾ ਸੀ। ਸਿੱਖੀ ਦੇ ਪ੍ਰਚਾਰ ਕਾਰਨ ਉਨ੍ਹਾਂ ਦੀ ਧੀ ਦਾ ਨਾਂ ‘ਅੰਮ੍ਰਿਤ ਕੌਰ ਗਿਆਨੀ’ ਵਜੋਂ ਮਸ਼ਹੂਰ ਹੋਇਆ ਅਤੇ ਪਹਿਲੀਆਂ ਪੁਸਤਕਾਂ ਉੱਤੇ ਵੀ ਇਹ ਨਾਂ ਹੀ ਲਿਖਿਆ ਮਿਲਦਾ ਹੈ। ਇਸ ਦੀ ਮਿਸਾਲ ਕਿਤਾਬ ‘ਅੰਮ੍ਰਿਤ ਲਹਿਰਾਂ’ (1936) ਹੈ ਅਤੇ ਅਜਿਹੀਆਂ ਹੋਰ ਲਿਖਤਾਂ ਵੀ ਹਨ। ਅੰਮ੍ਰਿਤ ਕੌਰ ਦੀ ਸ਼ਾਦੀ ਪ੍ਰੀਤਮ ਸਿੰਘ ਨਾਲ ਹੋਈ, ਜਿਸ ਕਰ ਕੇ ਉਸ ਨੇ ਮੁੱਢਲੀ ਪਛਾਣ ਵਾਲਾ ਨਾਂ ‘ਅੰਮ੍ਰਿਤ ਕੌਰ ਗਿਆਨੀ’ ਛੱਡ ਕੇ, ਪਤੀ ਦੇ ਨਾਂ ਨਾਲ ਜੋੜ ਕੇ ‘ਅੰਮ੍ਰਿਤਾ ਪ੍ਰੀਤਮ’ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਂ ਨਾਲ ਪ੍ਰਸਿੱਧ ਹੋਈ। ਮਗਰੋਂ ਪ੍ਰੀਤਮ ਸਿੰਘ ਨਾਲੋਂ ਵੱਖ ਹੋ ਕੇ ਆਪਣਾ ਜੀਵਨ ਇਮਰੋਜ਼ ਨਾਲ ਗੁਜ਼ਾਰਿਆ, ਪਰ ਨਾਂ ਅੰਮ੍ਰਿਤਾ ਪ੍ਰੀਤਮ ਹੀ ਲਿਖਦੀ ਰਹੀ, ਜਦ ਕਿ ਵਾਸਤਵਿਕ ਰੂਪ ਵਿੱਚ ਓਦੋਂ ਉਹ ‘ਅੰਮ੍ਰਿਤਾ ਇਮਰੋਜ਼’ ਹੋ ਚੁੱਕੀ ਸੀ। ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਭਾਰਤ ਦੀ ਰਾਜਧਾਨੀ ਦਿੱਲੀ ‘ਚ 31 ਅਕਤੂਬਰ 2005 ਨੂੰ ਹੋਇਆ। ਮਨੁੱਖੀ ਹੱਕਾਂ ਦੀ ਹਮਾਇਤਣ ਵਜੋਂ ਜਾਣੀ ਜਾਂਦੀ ਕਵਿੱਤਰੀ ਅੰਮ੍ਰਿਤਾ ਦਾ ਸ਼ੇਅਰ ਹੈ:
“ਜਿੱਥੇ ਵੀ ਆਜ਼ਾਦ ਰੂਹ ਦੀ ਝਲਕ ਪਵੇ,ਸਮਝਣਾ, ਉਹ ਮੇਰਾ ਘਰ ਹੈ।”
“ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋਹ।
ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ।”
ਇਸ ਪੋਸਟ ਨਾਲ ਸਾਂਝੀ ਕੀਤੀ ਤਸਵੀਰ ਵੀ ਇਸ ਗੱਲ ਦੀ ਗਵਾਹ ਹੈ ਅਤੇ ਇਤਿਹਾਸ ਵੀ ਕਿ ਹੱਕਦਾਰਾਂ ਲਈ ਹੱਕ ਖੋਹ ਲੈਣ ਦੀ ਵਕਾਲਤ ਕਰਨ ਵਾਲੀ ਅੰਮ੍ਰਿਤਾ ਪ੍ਰੀਤਮ ਲਈ ਜਦੋਂ ਇਮਤਿਹਾਨ ਦਾ ਸਮਾਂ ਆਇਆ ਅਤੇ ਉਸ ਦੀ ‘ਸਹੇਲੀ’ ਭਾਰਤ ਦੀ ਤਤਕਾਲੀਨ ਪ੍ਰਧਾਨ ਮੰਤਰੀ “ਇੰਦਰਾ ਗਾਂਧੀ” ਨੇ 1975 ਵਿੱਚ ‘ਐਮਰਜੈਂਸੀ’ ਲਾ ਕੇ ਲੋਕਾਂ ਦੇ ਹੱਕ ਖੋਹੇ, ਤਾਂ ਅੰਮ੍ਰਿਤਾ ਪ੍ਰੀਤਮ ਨੇ ਇਸ ਦਾ ਵਿਰੋਧ ਤਾਂ ਕੀ ਕਰਨਾ ਸੀ, ਸਗੋਂ ਹਮਾਇਤ ਕੀਤੀ। ਇੱਕ ਪਾਸੇ ਪੰਜਾਬ ਦੇ ਜਨ- ਸਧਾਰਨ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚੋਂ ਜਾਗਰੂਕ ਲੇਖਕ ‘ਐਮਰਜੈਂਸੀ’ ਦਾ ਵਿਰੋਧ ਕਰ ਰਹੇ ਸਨ, ਹੱਕਾਂ ਦੀ ਰਾਖੀ ਲਈ ਜਾਣੀ ਜਾਂਦੀ ‘ਸਿਰਮੌਰ ਕਵਿੱਤਰੀ’ ਐਮਰਜੈਂਸੀ ਨੂੰ ਜਾਇਜ਼ ਠਹਿਰਾ ਰਹੀ ਸੀ।
“ਕੀ ਅੰਮ੍ਰਿਤਾ ਪ੍ਰੀਤਮ ਦਾ ਐਮਰਜੈਂਸੀ ਦੇ ਕਾਲ਼ੇ ਦੌਰ ਵਿੱਚ ਇੰਦਰਾ ਗਾਂਧੀ ਦੇ ਫੈਸਲੇ ਦਾ ਸਮਰਥਨ ਕਰਨਾ ਠੀਕ ਸੀ?” ਸਪੱਸ਼ਟ ਤੌਰ ਤੇ ਇਹ ਨਿਸ਼ਾਨੀ ‘ਸਰਕਾਰੀ ਲੇਖਕ’ ਦੀ ਹੁੰਦੀ ਹੈ, ਜੋ ਸਰਕਾਰ ਦੀ ਗਲਤ ਨੀਤੀ ਬਾਰੇ ਜਾਂ ਚੁੱਪ ਹੋਵੇ ਜਾਂ ਉਸ ਦੀ ਹਮਾਇਤ ਕਰੇ।
ਦੂਜਾ ਅੰਮ੍ਰਿਤਾ ਨੂੰ ਔਰਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੀ ਸਿਰਮੌਰ ਲੇਖਿਕਾ ਵਜੋਂ ਜਾਣਿਆ ਜਾਂਦਾ ਹੈ। ਅਖੌਤੀ ਆਜ਼ਾਦ ਭਾਰਤ ਵਿੱਚ ਜਦੋਂ ਦਿੱਲੀ ਸ਼ਹਿਰ ਵਿੱਚ ਸਿੱਖ ਔਰਤਾਂ ਦੀ ਬੇਪਤੀ ਹੋਈ, ਤਾਂ ਅੰਮ੍ਰਿਤਾ ਪ੍ਰੀਤਮ ਨੇ ਸਰਕਾਰੀ ਲੇਖਿਕਾ ਬਣ ਕੇ, ਜ਼ੁਲਮ ਖ਼ਿਲਾਫ਼ ਬੋਲਣ ਦੀ ਥਾਂ, ਚੁੱਪ ਵੱਟ ਲਈ। ਨਵੰਬਰ 1984 ਵਿੱਚ ਦਿੱਲੀ ਸ਼ਹਿਰ ਵਿੱਚ ਸਿੱਖਾਂ ਦੀਆਂ ਹਜ਼ਾਰਾਂ ਧੀਆਂ, ਮਾਵਾਂ, ਭੈਣਾਂ ਦੀ ਪੱਤ ਰੋਲੀ ਜਾ ਰਹੀ ਸੀ, ਗੈਂਗ-ਰੇਪ ਹੋ ਰਹੇ ਸਨ, ਚੌਕ- ਚੁਰਾਹਿਆਂ ਵਿੱਚ ਕਤਲ ਹੋ ਰਹੇ ਸਨ ਅਤੇ ਅਜਿਹਾ ਸਭ ਕੁਝ ਕਰਨ ਵਿੱਚ ‘ਇੰਡੀਅਨ ਸਟੇਟ’ ਸ਼ਾਮਲ ਸੀ, ਪੁਲਿਸ ਅਤੇ ਪ੍ਰਸ਼ਾਸਨ ਇਸ ਦੇ ਜ਼ਿੰਮੇਵਾਰ ਸਨ। ਦਰਅਸਲ ਇਹ ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ ਕਤਲੇਆਮ ਸੀ। ਉਸ ਵੇਲੇ ‘ਔਰਤਾਂ ਦੇ ਹੱਕਾਂ ਦੀ ਰਾਖੀ’ ਦੀ ਗੱਲ ਕਰਨ ਦਾ ਦਾਅਵਾ ਕਰਨ ਵਾਲੀ ਅੰਮ੍ਰਿਤਾ ਪ੍ਰੀਤਮ ਨੇ ਆਪਣਾ ਮੂੰਹ ਬੰਦ ਰੱਖ ਕੇ ਸਰਕਾਰ ਦਾ ਪੱਖ ਪੂਰਿਆ ਅਤੇ ਸਰਕਾਰੀ ਸਾਹਿਤਕਾਰ ਹੋਣ ਦਾ ਸਬੂਤ ਪੇਸ਼ ਕੀਤਾ।
“ਕੀ ਦਿੱਲੀ ਕਤਲੇਆਮ ਸਮੇਂ ਹਜ਼ਾਰਾਂ ਧੀਆਂ ਮਾਵਾਂ ਭੈਣਾਂ ਦੇ ਕੀਰਨੇ ਅੰਮ੍ਰਿਤਾ ਪ੍ਰੀਤਮ ਨੂੰ ਸੁਣਾਈ ਨਹੀਂ ਦਿੱਤੇ ਜਾਂ ਫਿਰ ‘ਇੰਦਰਾ ਭਗਤੀ’ ਦੀ ਕੀਮਤ ਚੁਕਾਉਂਦੇ ਹੋਏ, ਉਹ ‘ਸਿੱਖ ਨਸਲਕੁਸ਼ੀ’ ਨੂੰ ਵੀ ਅਸਿੱਧੇ ਰੂਪ ‘ਚ ਹਮਾਇਤ ਦੇ ਰਹੀ ਸੀ?” ਇੱਕੋ ਸਾਹ ਅੰਮ੍ਰਿਤਾ ਪ੍ਰੀਤਮ ਦੇ ਸੋਹਲੇ ਗਾਉਣ ਵਾਲੇ ਲੇਖਕ ਇਸ ਬਾਰੇ ਜ਼ਰੂਰ ਦੱਸਣ ਕਿ ਕੀ ਇਹਨਾਂ ਹੱਤਿਆਵਾਂ ‘ਤੇ ਅੰਮ੍ਰਿਤਾ ਪ੍ਰੀਤਮ ਦੀ ‘ਚੁੱਪ ਸਹੀ’ ਸੀ?
‘ਦਿੱਲੀ ਦੀਆਂ ਗਲੀਆਂ’ ਵਿੱਚ ਪੱਤ ਰੁਲ ਰਹੀ ਸੀ, ਪਰ ਅੰਮ੍ਰਿਤਾ ਪ੍ਰੀਤਮ ਦੀ ‘ਪੱਕੀ ਹਵੇਲੀ’ ਦਾ ‘ਬੰਦ ਦਰਵਾਜਾ’ ਰੋ-ਕੁਰਲਾ ਰਹੀਆਂ ਧੀਆਂ ਦੀਆਂ ਚੀਖਾਂ ਸੁਣ ਕੇ ਵੀ ਨਾ ਖੁੱਲ੍ਹਿਆ। ਜਾਪਦਾ ਇਉਂ ਹੈ ਕਿ ਉਹ ‘ਕੋਰੇ ਕਾਗਜ਼’ ‘ਤੇ ਇੰਡੀਅਨ ਸਟੇਟ ਦੇ ਹੱਕ ‘ਚ ‘ਮੁਹੱਬਤਨਾਮਾ’ ਲਿਖ ਕੇ ‘ਪਿੰਜਰ’ ਬਣ ਚੁੱਕੀ ਸੀ। ‘ਇੱਕ ਹੱਥ ਮਹਿੰਦੀ ਇਕ ਹੱਥ ਛੱਲਾ’ ਪਾ ਕੇ ‘ਕੱਚੇ ਅੱਖਰ’ ਲਿਖਣ ਵਾਲੀ ਸਿਰਮੌਰ ਲਿਖਾਰਨ ਨੂੰ ‘ਇਕ ਸ਼ਹਿਰ ਦੀ ਮੌਤ’ ਨਜ਼ਰ ਨਹੀਂ ਸੀ ਆ ਰਹੀ, ਜਿਸ ਕਰ ਕੇ ਵਾਰਿਸ ਸ਼ਾਹ ਦੇ ਨਾਂ ਕੋਈ ‘ਆਖ਼ਰੀ ਖ਼ਤ’ ਲਿਖਣ ਜਾਂ ‘ਸੁਨੇਹੜੇ’ ਭੇਜਣ ਲਈ, ਹੁਣ ਉਹ ਬਿਲਕੁਲ ਤਿਆਰ ਨਹੀ ਸੀ। ‘ਇਹ ਸੱਚ ਹੈ’ ਕਿ ਸਰਕਾਰ ਵੱਲੋਂ ਕਰਵਾ ਕਤਲੇਆਮ ਮੌਕੇ ਅੰਮ੍ਰਿਤਾ ਪ੍ਰੀਤਮ ਨੇ ‘ਕਾਗਜ਼ ਤੇ ਕੈਨਵਸ’ ਲੇੈ ਕੇ ‘ਇਕ ਉਦਾਸ ਕਿਤਾਬ’ ਲਿਖਦਿਆਂ ਅਮਰ ਹੋਣ ਦੀ ਥਾਂ, ਪਦਮ ਵਿਭੂਸ਼ਨਾਂ ਦੇ ‘ਪੱਥਰ ਗੀਟੇ’ ਇਕੱਠੇ ਕਰਨ ਨੂੰ ਪਹਿਲ ਦਿੱਤੀ। ਅਮਰਜੈਂਸੀ ਅਤੇ ਨਸਲਕੁਸ਼ੀ ਦੇ ਦੌਰ ਵਿੱਚ ਸਰਕਾਰੀ ਤਸ਼ੱਦਦ ਬਾਰੇ ਚੁੱਪ ਵਟਦੀ ਉਸ ਦੀ ‘ਰਸੀਦੀ ਟਿਕਟ’ ‘ਕੱਚੇ ਅੱਖਰਾਂ’ ਦੀ ਲਿਖਤ ਸਿੱਧ ਹੁੰਦਿਆਂ, ਸਰਕਾਰੀ ਜਬਰ ਦੀ ‘ਕਰੜੀ ਧੁੱਪ ਦਾ ਸਫਰ’ ਤੈਅ ਕਰਨ ਵਿੱਚ ਅਸਫਲ ਰਹਿੰਦੀ ਹੈ। ਹਕੂਮਤ ਦੇ ਸੋਹਲੇ ਗਾਉਂਦੀਆਂ ਕੱਚੀਆਂ ਲਿਖਤਾਂ ਦੀ ‘ਕੱਚੀ ਸੜਕ’ ਰਾਹੀਂ ਸਰਕਾਰੀ ‘ਹਵੇਲੀ’ ਤਕ ਪੁੱਜਣ ਦੇ ਚਾਹਵਾਨ ‘ਅੱਜ ਦੇ ਕਾਫ਼ਰ’ ਲੇਖਕ, ਸਿਰਮੌਰ ਕਵਿੱਤਰੀ ਦੇ ਇਸ ਪੱਖ ਬਾਰੇ ਮੂੰਹ ਨਹੀਂ ਖੋਲ੍ਹਣਗੇ, ਪਰ ‘ਬਾਰੀਆਂ ਝਰੋਖਿਆਂ’ ‘ਚੋਂ ‘ਤੇਹਰਵਾਂ ਸੂਰਜ’ ਇਹ ਸੱਚਾਈ ਖੁਦ ਬਿਆਨ ਕਰ ਰਿਹਾ ਹੈ ਕਿ ਅੰਮ੍ਰਿਤਾ ਪ੍ਰੀਤਮ ‘ਸਿਰਮੌਰ ਸਰਕਾਰੀ ਸਾਹਿਤਕਾਰ’ ਸੀ। ਸੱਚ ਤਾਂ ਇਹ ਹੈ ਕਿ ਸਮੇਂ ਦੀ ਸਰਕਾਰ ਦੇ ਪੱਖ ‘ਚ ਭੁਗਤਣ ਵਾਲੇ ਸਮੂਹ ਲੇਖਕ ਵਰਗ ਵਿੱਚੋਂ ਸਿਰਕੱਢ ਸ਼ਖਸੀਅਤ ਅੰਮ੍ਰਿਤਾ ਪ੍ਰੀਤਮ ਸੀ।
ਅਸੀਂ ਕਦੇ ਨਾ ਭੁਲੀਏ ਕਿ ਅੱਜ ਜੇ ਇਹ ਸਵਾਲ ਅੰਮ੍ਰਿਤਾ ਪ੍ਰੀਤਮ ਨੂੰ ਐਮਰਜੈਂਸੀ ਦੀ ਹਮਾਇਤ ਕਰਨ ਤੇ ਮਨੁੱਖੀ ਕਤਲੇਆਮ ‘ਤੇ ਚੁੱਪ ਧਾਰਨ ਕਰ ਕੇ ਪੁੱਛੇ ਜਾ ਰਹੇ ਹਨ, ਤਾਂ ਭਲਕ ਨੂੰ ਇਹੀ ਸਵਾਲ ‘ਉਨ੍ਹਾਂ ਲੇਖਕਾਂ’ ਨੂੰ ਵੀ ਪੁੱਛੇ ਜਾਣਗੇ, ਜੋ ਅੱਜ ਦੀ ਅਣ- ਐਲਾਨੀ ਐਮਰਜੈਂਸੀ ਅਤੇ ਸਰਕਾਰੀ ਕਤਲੇਆਮ ਖਿਲਾਫ ਮੂੰਹ ‘ਚ ਘੁੰਗਣੀਆਂ ਪਾਈ ਬੈਠੇ ਹਨ ਤੇ ਬੋਲਦੇ ਨਹੀਂ। ਅੱਜ ਜਦੋਂ ਦੇਸ਼ ਭਰ ਦੇ ਬੁੱਧੀਜੀਵੀ ਜੇਲ੍ਹਾਂ ਚ ਸੜ ਰਹੇ ਹਨ, ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਧੀਨ ਕਿਰਤੀ ਕਿਸਾਨ ਸਰਕਾਰੀ ਜਬਰ ਦਾ ਸ਼ਿਕਾਰ ਹੋ ਰਹੇ ਹਨ, ਇਸ ਸਮੇਂ ਸਰਕਾਰੀ ਪਦਵੀਆਂ ਦਾ ਆਨੰਦ ਮਾਨਣ ਵਾਲੇ ਮੌਨ-ਧਾਰੀ ਸਾਹਿਤਕਾਰ ਦੋਸ਼ੀ ਹਨ।
ਅੰਮ੍ਰਿਤਾ ਪ੍ਰੀਤਮ ਨੂੰ ਸਰਕਾਰ ਨੇ ‘ਪਦਮਸ੍ਰੀ’ ਅਤੇ 2004 ‘ਪਦਮ ਵਿਭੂਸ਼ਨ’ ਦਿੱਤੇ। ਅੱਜ ਵੀ ਹਕੂਮਤ ਦੇ ਸੋਹਲੇ ਗਾਉਣ ਵਾਲੇ ਅਜਿਹੇ ਪਦਮ ਸ੍ਰੀ, ਪਦਮ ਵਿਭੂਸ਼ਣ ਅਤੇ ਭਾਰਤ ਰਤਨ ਵਰਗੇ ਸਨਮਾਨ ਲੈ ਰਹੇ ਹਨ, ਪਰ ਇਤਿਹਾਸ ਵਿੱਚ ਆਪਣਾ ਨਾਂ ਮਨੁੱਖਤਾ ਵਿਰੋਧੀ ਟੋਲੀ ਵਿੱਚ ਸ਼ਾਮਿਲ ਕਰ ਰਹੇ ਹਨ। ਵਰਤਵਾਨ ਸਮੇਂ ਇੰਡੀਅਨ ਫਾਸ਼ੀਵਾਦੀ ਸਟੇਟ ਅਤੇ ਉਸ ਦੇ ਮੁਖੀ ਨਰਿੰਦਰ ਮੋਦੀ ਦੀ ਅਣ-ਅੈਲਾਨੀ ਐਮਰਜੈਂਸੀ ਵਰਗੇ ਗ਼ਲਤ ਕਦਮ ਦੀ ਹਮਾਇਤ ਕਰਨ ਵਾਲੇ ‘ਸਰਕਾਰੀ ਲੇਖਕ’ ਇਤਿਹਾਸ ਵਿੱਚ ਆਪਣਾ ਨਾਂ ‘ਲੋਕ- ਵਿਰੋਧੀ ਕੁਲੇਖਕਾਂ’ ‘ਚ ਦਰਜ ਕਰ ਰਹੇ ਹਨ।
ਲੇਖਕਾਂ ਤੋਂ ਇਲਾਵਾ ਇਕ ਸਵਾਲ ਪਾਠਕਾਂ ਨੂੰ ਵੀ ਹੈ। ਕੀ ਉਹ ਹਾਲੇ ਵੀ ਸੁੱਤੇ ਪਏ ਹਨ ਜਾਂ ਜਾਗ ਉੱਠੇ ਹਨ? ਕੀ ਅਸਲੀਅਤ ਤੋਂ ਜਾਣੂ ਹੋ ਗਏ ਹਨ ਜਾਂ ਹਰ ਜਬਰ- ਜ਼ੁਲਮ ਅਤੇ ਸਿਤਮ ਨੂੰ ਅੱਖੋਂ -ਪਰੋਖੇ ਕਰਨਾ ਜਾਂ ਬਰਦਾਸ਼ਤ ਕਰਨਾ ਆਦਤ ਬਣ ਚੁੱਕੀ ਹੈ? ਆਓ ਦੇਖਦੇ ਹਾਂ ਕਿ ਕੀ ਸਾਨੂੰ ਸੁਣਨ, ਸਮਝਣ, ਵਿਚਾਰਨ ਅਤੇ ਫਿਰ ਬੋਲਣ ਦੀ ਜਾਚ ਆਈ ਆ ਗਈ ਹੈ ਜਾਂ ਨਹੀਂ? ਜਾਂ ਫਿਰ ਅੰਮ੍ਰਿਤਾ ਪ੍ਰੀਤਮ ਦੇ ਇਹ ਬੋਲ ਢੁੱਕਦੇ ਹਨ..
” ਇਸ਼ਕ ਨੂੰ ਆਦਤ ਨਾ ਪਾਇਓ ਬੋਲਣ ਦੀ
ਅਜੇ ਤਕ ਲੋਕ ਕੰਨਾਂ ਨੂੰ ਸੁਣਨ ਦੀ ਜਾਚ ਨਹੀਂ ਆਈ।”
–ਡਾ ਗੁਰਵਿੰਦਰ ਸਿੰਘ
Comment here