ਲੰਗਰ ਲਾਉਣਾ ਪੰਜਾਬੀਆਂ ਨੂੰ ਰੱਬ ਦੀ ਸਭ ਤੋਂ ਵੱਡੀ ਦੇਣ ਹੈ। ਹਰ ਮੇਲੇ, ਮੱਸਿਆ, ਸੰਗਰਾਂਦ, ਪੁੰਨਿਆਂ ਅਤੇ ਖੁਸ਼ੀ ਗਮੀਦੇ ਮੌਕੇ ‘ਤੇ ਲੰਗਰ ਜਰੂਰ ਲਗਾਇਆ ਜਾਂਦਾ ਹੈ। ਇਥੋਂ ਤੱਕ ਕਿ ਜੇ ਬਾਰਸ਼ ਨਾ ਹੋਵੇ ਤਾਂ ਬਾਰਸ਼ ਪਵਾਉਣ ਲਈ ਲੰਗਰ ਤੇ ਜੇ ਬਾਰਸ਼ ਜਿਆਦਾ ਹੋ ਜਾਵੇ ਤਾਂ ਬਾਰਸ਼ ਹਟਾਉਣ ਲਈ ਲੰਗਰ। ਕਿਸਾਨ ਅੰਦੋਲਨ ਵੇਲੇ ਕਿਸਾਨਾਂ ਲਈ ਲਗਾਏ ਗਏ ਫਾਈਵ ਸਟਾਰ ਲੰਗਰ ਤਾਂ ਨੈਸ਼ਨਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸਨ। ਕਈ ਲੋਕਾਂ ਦੇ ਢਿੱਡ ਵਿੱਚ ਇਹ ਵੇਖ ਕੇ ਬੜੀ ਪੀੜ ਹੋਈ ਸੀ ਕਿ ਕਿਸਾਨ ਮਠਿਆਈਆਂ, ਸਮੋਸੇ, ਪਕੌੜੇ, ਪੀਜ਼ੇ, ਬਰਗਰ ਅਤੇ ਨੂਡਲਜ਼ ਆਦਿ ਕਿਉਂ ਖਾ ਰਹੇ ਹਨ ਤੇ ਕਿੱਲੋਆਂ ਦੇ ਕਿੱਲੋ ਡਰਾਈ ਫਰੂਟਦੇ ਫੱਕੇ ਕਿਉਂ ਮਾਰ ਰਹੇ ਹਨ। ਆਮ ਭਾਰਤੀਆਂ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬੀਆਂ ਦਾ ਲਿਵਿੰਗ ਸਟੈਂਡਰਡ ਬਾਕੀ ਸੂਬਿਆਂ ਨਾਲੋਂ ਬਹੁਤ ਅਲੱਗ ਹੈ।
ਲੰਗਰਾਂ ਵੇਲੇ ਕਈ ਵਾਰ ਕੁਝ ਹਾਸੋਹੀਣੀਆਂ ਗੱਲਾਂ ਵੀ ਵਾਪਰ ਜਾਂਦੀਆਂ ਹਨ। ਕਈ ਬੰਦਿਆਂ ਨੂੰ ਲੰਗਰ ਵਿੱਚ ਸੇਵਾ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਕਿਤੇ ਵੀ ਦੂਰ ਨੇੜੇ ਲੰਗਰ ਲੱਗਾ ਹੋਵੇ, ਜਰੂਰ ਪਹੁੰਚਦੇ ਹਨ ਤੇ ਦਾਲ ਵਾਲੀ ਬਾਲਟੀ ਜਾਂ ਰੋਟੀਆਂ ਵਾਲੀ ਟੋਕਰੀ ਪਕੜ ਲੈਂਦੇ ਹਨ। ਸਭ ਨੇ ਨੋਟ ਕੀਤਾ ਹੋਵੇਗਾ ਕਿ ਲੰਗਰਾਂ ਵਿੱਚ ਸੰਬੋਧਨ ਕਰਨ ਲੱਗਿਆਂ ਇਸਤਰੀ ਲਿੰਗ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਾਣੀ ਨੂੰ ਜਲ, ਰੋਟੀ ਨੂੰ ਪ੍ਰਸ਼ਾਦਾ ਅਤੇ ਦਾਲ ਨੂੰ ਦਾਲਾ ਕਿਹਾ ਜਾਂਦਾ ਹੈ। ਜਦੋਂ ਮੈਂ ਮਲੋਟ ਐਸ.ਪੀ. ਲੱਗਾ ਹੋਇਆ ਸੀ ਤਾਂ ਮੇਰੇ ਇੱਕ ਮਾਨ ਨਾਮਕ ਗੰਨਮੈਨ ਨੂੰ ਲੰਗਰਾਂ ਵਿੱਚ ਸੇਵਾ ਕਰਨ ਦਾ ਬਹੁਤ ਸ਼ੌਂਕ ਸੀ। ਨਾਲੇ ਤਾਂ ਉਸ ਨੇ ਲੰਗਰਾਂ ਵਿੱਚ ਸੇਵਾ ਕਰਨੀ ਤੇ ਨਾਲੇ ਬਾਕੀ ਗੰਨਮੈਨਾਂ ਵਾਸਤੇ ਖੁਲ੍ਹਾ ਰਾਸ਼ਨ ਲੈ ਕੇ ਆਉਣਾ। ਗੰਨਮੈਨਾਂ ਨੇ ਵੀ ਉਸ ਨੂੰ ਇਸ ਕੰਮ ਵਾਸਤੇ ਵਿਹਲਾ ਰੱਖਣਾ ਤੇ ਉਸ ਦੀ ਡਿਊਟੀ ਖੁਦ ਕਰ ਲੈਣੀ। ਉਹ ਥਾਣੇ ਲੰਬੀ ਦੀ ਹੱਦ ਨਾਲ ਲੱਗਦੇ ਹਰਿਆਣੇ ਅਤੇ ਰਾਜਸਥਾਨ ਤੱਕ ਮਾਰ ਕਰਦਾ ਸੀ।
ਕਈ ਵਾਰ ਮੁਫਤ ਦਾ ਲੰਗਰ ਛਕਣਾ ਮਹਿੰਗਾ ਵੀ ਪੈ ਜਾਂਦਾ ਹੈ। ਕਈ ਸਾਲ ਪਹਿਲਾਂ ਮੇਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਮੇਲੇ ਵਿੱਚ ਡਿਊਟੀ ਲੱਗੀ ਹੋਈ ਸੀ। ਪੰਜਾਬ ਦੇ ਸਾਰੇ ਮੇਲਿਆਂ ਨਾਲੋਂ ਉਥੋਂ ਦੀ ਡਿਊਟੀ ਪੁਲਿਸ ਨੂੰ ਜਿਆਦਾ ਪਸੰਦ ਆਉਂਦੀ ਹੈ। ਇੱਕ ਤਾਂ ਮੌਸਮ ਵਧੀਆ ਹੁੰਦਾ ਹੈ ਤੇ ਦੂਸਰਾ ਉਥੇ ਭਿੰਨ ਭਿੰਨ ਪ੍ਰਕਾਰ ਦੇ ਲੰਗਰ ਲੱਗਦੇ ਹਨ। ਮੇਰੇ ਨਾਲ ਪਟਿਆਲੇ ਦਾ ਇੱਕ ਡੀ.ਐਸ.ਪੀ. ਵੀ ਡਿਊਟੀ ਕਰ ਰਿਹਾ ਸੀ। ਅਸੀਂ ਗੱਡੀਆਂ ਇੱਕ ਲੰਗਰ ਦੇ ਨਜ਼ਦੀਕ ਖੜੀਆਂ ਕੀਤੀਆਂ ਹੋਈਆਂ ਸਨ। ਉਸ ਲੰਗਰ ਦਾ ਖਾਣਾ ਕੁਝ ਜਿਆਦਾ ਹੀ ਸਵਾਦ ਸੀ। ਮੇਰੇ ਤੇ ਉਸ ਡੀ.ਐਸ.ਪੀ. ਦੇ ਗੰਨਮੈਨਾਂ ਸਮੇਤ ਅਸੀਂ ਕੋਈ 7 – 8 ਬੰਦੇ ਸੀ। ਅਸੀਂ ਉਸ ਲੰਗਰ ਵਿੱਚੋਂ ਦਿਨ ਵਿੱਚ 2 – 3 ਵਾਰ ਲੰਗਰ ਛਕਿਆ ਪਰ ਲੰਗਰ ਦੀ ਸੇਵਾ ਵਾਸਤੇ ਇੱਕ ਪੈਸਾ ਵੀ ਭੇਂਟ ਨਾ ਕੀਤਾ। ਉਸ ਲੰਗਰ ਦੇ ਪ੍ਰਬੰਧਕ ਸਾਡੇ ਵੱਲ ਕੌੜਾ ਕੌੜਾ ਝਾਕਣ। ਉੱਪਰੋਂ ਸਿਤਮ ਇਹ ਕਿ ਜਦੋਂ ਸ਼ਾਮੀਂ ਡਿਊਟੀ ਖਤਮ ਹੋਈ ਤਾਂ ਉਸ ਡੀ.ਐਸ.ਪੀ. ਨੇ ਲੰਗਰ ਘਰ ਲਿਜਾਣ ਲਈ ਵੱਡਾ ਸਾਰਾ ਟਿਫਨ ਕੱਢ ਲਿਆ ਤੇ ਪੰਜ ਛੇ ਬੰਦਿਆਂ ਦੇ ਖਾਣ ਜੋਗਾ ਰਾਸ਼ਨ ਪੈਕ ਕਰਵਾ ਲਿਆ। ਖਿਝ੍ਹੇ ਖਪੇ ਪ੍ਰਬੰਧਕਾਂ ਨੇ ਉਹ ਟਿਫਨ ਵੀ ਭਰ ਦਿੱਤਾ।
ਅਗਲੇ ਦਿਨ ਅਸੀਂ ਫਿਰ ਡਿਊਟੀ ਵਾਸਤੇ ਇਕੱਠੇ ਹੋਏ ਤਾਂ ਮੈਂ ਵੇਖਿਆ ਕਿ ਡੀ.ਐਸ.ਪੀ ਰੋਣਹਾਕਾ ਹੋਇਆ ਪਿਆ ਹੈ। ਮੈਂ ਕਾਰਣ ਪੁੱਛਿਆ ਤਾਂ ਕਹਿਣ ਲੱਗਾ ਕਿ ਮੇਰੇ ਨਾਲ ਇਸ ਲੰਗਰ ਵਾਲਿਆ ਨੇ ਬਹੁਤ ਮਾੜਾ ਕੀਤਾ ਹੈ। ਇਹਨਾਂ ਨੇ ਲੰਗਰ ਪੈਕ ਕਰਨ ਲੱਗਿਆਂ ਦਾਲ ਵਾਲੇ ਡੱਬੇ ਵਿੱਚ ਲਾਲ ਮਿਰਚਾਂ ਦੀ ਕੜਛੀ ਪਾ ਦਿੱਤੀ ਸੀ। ਮੇਰੀ ਪਤਨੀ ਨੇ ਇੱਕ ਹੀ ਬੁਰਕੀ ਲਾਈ ਤੇ ਚੀਕਾਂ ਮਾਰਨ ਲੱਗ ਪਈ। ਮੈਂ ਹੱਸਦੇ ਹੋਏ ਕਿਹਾ ਕਿ ਇਹਨਾਂ ਨੇ ਬਿਲਕੁਲ ਠੀਕ ਕੀਤਾ ਹੈ। ਆਪਾਂ ਕਲ੍ਹ ਲੰਗਰ ਵਿੱਚ ਇੱਕ ਦੁਆਨੀ ਵੀ ਭੇਂਟ ਨਹੀਂ ਕੀਤੀ, ਸੱਤਾਂ ਅੱਠਾਂ ਬੰਦਿਆਂ ਨੇ ਤਿੰਨ ਤਿੰਨ ਵਾਰ ਲੰਗਰ ਛੱਕਿਆ ਤੇ ਉੱਪਰੋਂ ਤੂੰ ਘਰ ਵਾਸਤੇ ਵੀ ਪੈਕ ਕਰਵਾ ਲਿਆ। ਇਸ ਤੋਂ ਬਾਅਦ ਪੰਜ ਸੌ ਰੁਪਏ ਮੈਂ ਪਾਏ, ਪੰਜ ਸੌ ਰੁਪਏ ਡੀ.ਐਸ.ਪੀ. ਤੋਂ ਪਵਾਏ ਤੇ ਨਾਲ ਗੰਨਮੈਨਾਂ ਕੋਲੋਂ ਸ਼ਰਧਾ ਮੁਤਾਬਕ ਤਿਲ ਫੁੱਲ ਲੈ ਕੇ ਲੰਗਰ ਵਿੱਚ ਭੇਂਟ ਕੀਤੇ। ਫਿਰ ਕਿਤੇ ਜਾ ਕੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ।
ਕਿਸੇ ਘਰ ਕੁਝ ਅਮਲੀ ਇੱਕਠੇ ਹੋ ਕੇ ਦਾਰੂ ਸਿੱਕਾ ਛਕ ਰਹੇ ਸਨ ਤੇ ਉਹਨਾਂ ਨੇ ਬੱਕਰਾ ਬਣਾਇਆ ਹੋਇਆ ਸੀ। ਜਿਸ ਅਮਲੀ ਦੇ ਘਰ ਪ੍ਰੋਗਰਾਮ ਚੱਲ ਰਿਹਾ ਸੀ, ਉਸ ਦੀ ਪਤਨੀ ਉਸ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਪਹਿਲਾਂ ਹੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ। ਜਦੋਂ ਸ਼ਰਾਬ ਦਾ ਦੌਰ ਖਤਮ ਹੋਇਆ ਤਾਂ ਰੋਟੀ ਖਾਣ ਦਾ ਸਮਾਂ ਹੋ ਗਿਆ। ਹੁਣ ਘਰ ਵਿੱਚ ਜਨਾਨੀ ਹੋਵੇ ਤਾਂ ਰੋਟੀ ਪਕਾਵੇ। ਉਹਨਾਂ ਦੇ ਘਰ ਦੇ ਨਜ਼ਦੀਕ ਹੀ ਕਿਸੇ ਬਹੁਤ ਹੀ ਕੱਟੜ ਧਾਰਮਿਕ ਸੰਸਥਾ ਨੇ ਲੰਗਰ ਲਗਾਇਆ ਹੋਇਆ ਸੀ। ਦੋ ਅਮਲੀ ਉਥੋਂ ਰੋਟੀਆਂ ਲੈਣ ਲਈ ਚਲੇ ਗਏ। ਦਾਰੂ ਦੀ ਮੁਸ਼ਕ ਮਾਰਦੇ ਅਮਲੀਆਂ ਨੂੰ ਸੇਵਾਦਾਰਾਂ ਨੇ ਨੱਕ ਮੂੰਹ ਵੱਟ ਕੇ ਰੋਟੀਆਂ ਪੋਣੇ ਵਿੱਚ ਵਲੇਟ ਦਿੱਤੀਆਂ। ਜਦੋਂ ਅਮਲੀ ਤੁਰਨ ਲੱਗੇ ਤਾਂ ਇੱਕ ਸੇਵਾਦਾਰ ਨੇ ਕਿਹਾ ਕਿ ਭਾਈ ਦਾਲ ਤਾਂ ਲੈ ਲਉ, ਰੋਟੀਆਂ ਸੁੱਕੀਆਂ ਕਿਵੇਂ ਖਾਉਗੇ? ਇੱਕ ਅਮਲੀ ਸਿਆਣਾ ਜਿਹਾ ਬਣ ਕੇ ਕਹਿਣ ਲੱਗਾ, “ਦਾਲ ਦੀ ਲੋੜ ਨਹੀਂ ਬਾਬਾ ਜੀ, ਘਰੇ ਬੱਕਰਾ ਬਣਿਆ ਹੋਇਆ ਹੈ।” ਪਹਿਲਾਂ ਹੀ ਅਮਲੀਆਂ ਦੇ ਮੂੰਹ ਵਿੱਚੋਂ ਆਉਂਦੀ ਮੁਸ਼ਕ ਤੋਂ ਸੜੇ ਬਲੇ ਸੇਵਾਦਾਰਾਂ ਨੇ ਐਨਾ ਸੁਣਦੇ ਹੀ ਉਹਨਾਂ ਨੂੰ ਬੱਕਰੇ ਵਾਂਗ ਢਾਹ ਲਿਆ ਤੇ ਕੁੱਟ ਕੁੱਟ ਕੇ ਬਾਂਦਰ ਬਣਾ ਦਿੱਤਾ।
-ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

Comment here