ਚੰਡੀਗੜ੍ਹ-ਪੰਜਾਬ ਵਿਚ ਧਰਮ ਪਰਿਵਰਤਨ ਤੇ ਮਸੀਹੀ ਸਮਾਜ ਗਿਰਜਾਘਰਾਂ ਦੀ ਸੁਰਖਿਆ ਨੂੰ ਲੈ ਕੇ ਮਾਮਲਾ ਭੱਖ ਗਿਆ ਹੈ। ਇਸ ਸੰਬੰਧੀ ਤਰਨਤਾਰਨ ਦੇ ਪੱਟੀ ਨੇੜੇ ਯੀਸ਼ੂ ਮਸੀਹ ਦੇ ਬੁੱਤ ਦੀ ਭੰਨ ਤੋੜ ਕੀਤੇ ਜਾਣ ਤੋਂ ਰੌਅ ਵਿੱਚ ਆਇਆ ਮਸੀਹੀ ਸਮਾਜ, ਮਸੀਹੀਆਂ ਤੇ ਗਿਰਜਿਆਂ ਦੀ ਸੁਰੱਖਿਆ ਲਈ ਹਾਈਕੋਰਟ ਪੁੱਜ ਗਿਆ ਹੈ। ਇੱਕ ਪਟੀਸ਼ਨ ਵਿੱਚ ਨੈਸ਼ਨਲ ਕਿੑਸ਼ਚੀਅਨ ਲੀਗ ਨੇ ਕਿਹਾ ਹੈ ਕਿ ਤਰਨਤਾਰਨ ਜਿਲ੍ਹੇ ਵਿੱਚ 30 ਤੇ 31 ਅਗਸਤ ਨੂੰ ਯੀਸੂ ਮਸੀਹ ਦੇ ਬੁੱਤਾਂ ਦੀ ਭੰਨ ਤੋੜ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸ ਵਿੱਚ ਕਿਹਾ ਹੈ ਕਿ ਇਸ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਮੀਡੀਆ ਸਾਹਮਣੇ ਆਏ ਹਨ ਤੇ ਇਹ ਮੰਨਿਆ ਹੈ ਕਿ ਉਕਤ ਹਾਲਾਤ ਖਤਰੇ ਦੀ ਘੰਟੀ ਹੈ।
ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਤੇ ਚੰਡੀਗੜ੍ਹ ਦੇ ਸੁਖਜਿੰਦਰ ਗਿੱਲ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਨਿਆਂ ਤੇ ਭਲਾਈ ਦੇ ਮੱਦੇਨਜ਼ਰ ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਢੁੱਕਵੀਂ ਹਦਾਇਤਾਂ ਕੀਤੀਆਂ ਜਾਣ।
ਪਟੀਸ਼ਨ ਰਾਹੀਂ ਮਸੀਹੀ ਭਾਈਚਾਰੇ ਦੀ ਉਕਤ ਸੰਸਥਾ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਸਾਰੇ ਗਿਰਜਾ ਘਰਾਂ ਤੇ ਗਿਰਜਿਆਂ ਦੇ ਯੀਸੂ ਮਸੀਹ ਦੇ ਧਾਰਮਿਕ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਹੱਥੋਂ ਬਾਹਰ ਹੋ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਘੱਟ ਗਿਣਤੀ ਮਸੀਹੀ ਭਾਈਚਾਰੇ ਨੂੰ ਬਚਾਇਆ ਜਾਵੇ। ਇਹ ਪਟੀਸ਼ਨ ਅਜੇ ਰਜਿਸਟਰੀ ਵਿੱਚ ਦਾਖ਼ਲ ਹੋਈ ਹੈ ਤੇ ਪਾਸ ਹੋਣ ਮਗਰੋਂ ਸੁਣਵਾਈ ਹਿੱਤ ਆਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਚਰਚ ਵਿੱਚ ਅਣਪਛਾਤੇ ਵਿਅਕਤੀਆਂ ਨੇ ਭੰਨਤੋੜ ਕਰਦੇ ਹੋਏ ਕਾਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਮਸੀਹੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮਾਮਲਾ ਉਦੋਂ ਹੋਰ ਭਖ ਗਿਆ ਸੀ ਜਦੋਂ ਧਰਮ ਪਰਿਵਰਤਨ ਮਾਮਲੇ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਲਈ ਕਿਹਾ ਸੀ। ਉਧਰ, ਪੰਜਾਬ ਕ੍ਰਿਸ਼ਚਨ ਭਾਈਚਾਰੇ ਦੇ ਹਾਮਿਦ ਮਸੀਹ ਨੇ ਇਸ ਮਾਮਲੇ ’ਤੇ ਵਿਵਾਦਤ ਬਿਆਨ ਦਿੱਤਾ ਸੀ, ਜਦੋਂ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਕਾਰਵਾਈ ਲਈ ਜ਼ਿੰਮੇਵਾਰ ਦੱਸਿਆ ਸੀ ਅਤੇ ਉਨ੍ਹਾਂ ਦੀ ਸ਼ਹਿ ’ਤੇ ਇਹ ਕੰਮ ਕੀਤੇ ਗਏ ਦੱਸੇ ਸਨ।
ਮੁੱਖ ਮੰਤਰੀ ਨੇ ਦਿੱਤਾ ਸੀ ਸਖਤ ਕਾਰਵਾਈ ਦਾ ਭਰੋੋਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨੇ ਕਿਹਾ, “ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।” ਭਗਵੰਤ ਮਾਨ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਮਕਸਦ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਅਤੇ ਪੰਜਾਬ ਦੀ ਫਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਲੀਹੋਂ ਲਾਹੁਣਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਨਾ-ਮੁਆਫੀਯੋਗ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਪੰਜਾਬ ਪੁਲੀਸ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ
ਪੰਜਾਬ ਵਿਚ ਧਾਰਮਿਕ ਸਥਾਨਾਂ ਦੀ ਬੇਅਦਬੀ ਦੇ ਕੇਸ ਵਧ ਰਹੇ ਹਨ। ਹੁਣੇ ਜਿਹੇ ਤਰਨਤਾਰਨ ਵਿਚ ਚਰਚ ਦੀ ਹੋਈ ਭੰਨਤੋੜ ਅਤੇ ਪਾਦਰੀ ਦੀ ਗੱਡੀ ਨੂੰ ਅੱਗ ਲਗਾਉਣ ਦੀ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਪੁਲਸ ਨੇ ਸੂਬੇ ਭਰ ’ਚ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਚਾਨਕ ਵਧਾ ਦਿੱਤੀ ਹੈ। ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਅਮਰਦੀਪ ਸਿੰਘ ਰਾਏ ਵੱਲੋਂ ਧਾਰਮਿਕ ਸਥਾਨਾਂ ਦਾ ਅੱਜ ਦੌਰਾ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਤੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਂਦੀ ਭਵਿੱਖ ਵਿਚ ਮੁੜ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਏ. ਡੀ. ਜੀ. ਪੀ. ਅਮਰਦੀਪ ਸਿੰਘ ਰਾਏ ਅਤੇ ਐੱਸ. ਐੱਸ. ਪੀ. ਖੰਨਾ ਸਮੇਤ ਕਈ ਪੁਲਸ ਅਧਿਕਾਰੀਆਂ ਦੀ ਟੀਮ ਅੱਜ ਅਚਾਨਕ ਸਮਰਾਲਾ ਪਹੁੰਚੀ ਅਤੇ ਇੱਥੋਂ ਦੇ ਮਸ਼ਹੂਰ ਚਰਚ ਸਮੇਤ ਚਹਿਲਾਂ ਦੇ ਪ੍ਰਾਚੀਨ ਸ਼ਿਵ ਮੰਦਰ ਸਮੇਤ ਹੋਰ ਕਈ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ।
ਇਸ ਮੌਕੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਦੇਖ-ਰੇਖ ਕਰ ਰਹੇ ਪ੍ਰਬੰਧਕਾਂ ਅਤੇ ਧਰਮ ਗੁਰੂਆਂ ਨਾਲ ਵੀ ਪੁਲਸ ਅਧਿਕਾਰੀਆਂ ਨੇ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਖੁਦ ਵੀ ਚੌਕੰਨੇ ਰਹਿਣ ਅਤੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਚੌਕਸੀ ਲਈ ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਸਾਰੇ ਕੀਤੇ ਜਾਣ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ. ਡੀ. ਜੀ. ਪੀ. ਅਮਰਦੀਪ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਸ ਦੇ ਹੈੱਡਕੁਆਰਟਰ ਪੱਧਰ ਦੇ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਾਰੇ ਅਧਿਕਾਰੀ ਸੂਬੇ ਭਰ ਵਿਚ ਧਾਰਮਿਕ ਸਥਾਨਾਂ ’ਤੇ ਜਾ ਕੇ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਪੁਲਸ ਭਵਿੱਖ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰਨ ਦੇਵੇਗੀ ਅਤੇ ਮਾਹੌਲ ਵਿਗਾੜਨ ’ਚ ਲੱਗੇ ਮੌਕਾਪ੍ਰਸਤ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਪੁਲਸ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਅਤੇ ਧਰਮ ਗੁਰੂਆਂ ਨੂੰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾ ਰਹੀ ਹੈ ਕਿ ਪੰਜਾਬ ਪੁਲਸ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕੰਨੀ ਹੈ ਅਤੇ ਸੁਰੱਖਿਆ ਪ੍ਰਬੰਧਾਂ ’ਚ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।

Comment here