ਅਪਰਾਧਸਿਆਸਤਖਬਰਾਂ

ਬੇਅਦਬੀ ਮਾਮਲਿਆਂ ’ਚ ਘਟੀਆ ਸਿਆਸਤ ਬੰਦ ਕਰੋ—ਕੈਪਟਨ

ਚੰਡੀਗੜ੍ਹ-ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਘਟੀਆ ਸਿਆਸਤ ਕਰਨੀ ਬੰਦ ਕਰੋ। ਅਜਿਹੀਆਂ ਗੱਲਾਂ ਕਾਰਨ ਪਹਿਲਾਂ ਵੀ ਇਨਸਾਫ ਮਿਲਣ ਦੀ ਪ੍ਰਕਿਰਿਆ ਨੂੰ ਧੱਕਾ ਲੱਗ ਚੁੱਕਾ ਹੈ। ਜਿਨ੍ਹਾਂ ਕਾਨੂੰਨੀ ਪ੍ਰਕਿਰਿਆਵਾਂ ਦਾ ਹੁਣ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਸਭ ਮੇਰੇ ਸੀ. ਐੱਮ. ਹੁੰਦਿਆਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੀ ਸਰਕਾਰ ਦੇ ਸਮੇਂ ਉਕਤ ਮਾਮਲਿਆਂ ’ਚ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਸਮੇਤ 19 ਪੁਲਸ ਅਧਿਕਾਰੀਆਂ ਅਤੇ 24 ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ’ਚੋਂ ਕਈ ਹੁਣ ਜ਼ਮਾਨਤਾਂ ’ਤੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਇਨਸਾਫ ਮਿਲੇਗਾ।
ਕੈਪਟਨ ਅਮਰਿੰਦਰ ਸਿਘ ਵਲੋਂ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਦਾ 19 ਸਤੰਬਰ ਦਾ ਇਕ ਬਿਆਨ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਰੰਧਾਵਾ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਬੇਅਦਬੀ ਵਰਗੇ ਮਾਮਲਿਆਂ ’ਚ ਇਨਸਾਫ ਦੇਣ ਲਈ ਸਰਕਾਰਾਂ ਨੂੰ 4 ਮਹੀਨੇ ਹੀ ਨਹੀਂ, ਸਗੋਂ 4 ਦਿਨ ਹੀ ਬਹੁਤ ਹੁੰਦੇ ਹਨ। ਇਸ ਲਈ ਕੁਰਸੀ ਉੱਤੇ ਬੈਠੇ ਵਿਅਕਤੀ ਦੀ ਨੀਯਤ ਅਤੇ ਏਜੰਡਾ ਸਪੱਸ਼ਟ ਹੋਣਾ ਚਾਹੀਦਾ ਹੈ। ਇਹ ਜਵਾਬ ਰੰਧਾਵਾ ਨੇ ਇਹ ਪੁੱਛੇ ਜਾਣ ’ਤੇ ਦਿੱਤਾ ਸੀ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਪਿੱਛੋਂ ਕੰਮ ਕਰਨ ਲਈ ਬਾਕੀ ਬਚੇ 4-5 ਮਹੀਨਿਆਂ ਦੌਰਾਨ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ’ਚ ਇਨਸਾਫ ਮਿਲ ਸਕੇਗਾ।
ਉਧਰ ਕੈਪਟਨ ਅਮਰਿੰਦਰ ਸਿੰਘ ਵਲੋਂ ਸੀ. ਚੰਨੀ ਦੇ ਉਸ ਬਿਆਨ ਨੂੰ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਚੰਨੀ ਇਹ ਕਹਿ ਰਹੇ ਹਨ ਕਿ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ ਮਿਲੇਗਾ ਅਤੇ ਇਸ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਚੰਨੀ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਪੁੱਛਗਿੱਛ ਕੀਤੇ ਜਾਣ ਲਈ ਮਿਲੀ ਅਦਾਲਤ ਦੀ ਆਗਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਬਿਕਰਮਜੀਤ ਨੂੰ ਬਹਾਲ ਕਰਨ ਦੇ ਹੁਕਮ ਕੈਪਟਨ ਨੇ ਦਿੱਤੇ—ਰੰਧਾਵਾ
ਬੀਤੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਉਦੋਂ ਦੇ ਫ਼ਰੀਦਕੋਟ ਦੇ ਐਸ.ਪੀ. (ਡੀ.) ਬਿਕਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਹਾਲ ਕਰਨ ਸੰਬੰਧੀ ਹੁਕਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਨ। ਸ. ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ, ਵੱਲੋਂ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਸਬੰਧਤ ਪੁਲਸ ਅਫਸਰ ਦੇ ਹੱਕ ਵਿੱਚ ਨਾ ਲਿਖੇ ਜਾਣ ਦੇ ਬਾਵਜੂਦ ਸਿਰਫ ਇਕ ਇੰਕਰੀਮੈੰਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਗਏ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ 13 ਜੁਲਾਈ 2021 ਨੂੰ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੇ ਮੁੱਖ ਮੰਤਰੀ ਨੂੰ ਭੇਜੇ ਆਪਣੇ ਨੋਟ ਵਿੱਚ ਲਿਖਿਆ ਸੀ ਕਿ ਪੜਤਾਲ ਦੌਰਾਨ ਇਹ ਅਫਸਰ ਕੋਈ ਠੋਸ ਸਬੂਤ ਪੇਸ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਆਪਣੀ ਬੇਗੁਨਾਹੀ ਦਾ ਨਵਾਂ ਤੱਥ ਪੇਸ ਕਰ ਸਕਿਆ। ਇਸ ਤੋਂ ਬਾਅਦ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 19 ਜੁਲਾਈ 2021 ਨੂੰ ਬਿਕਰਮਜੀਤ ਸਿੰਘ ਨੂੰ ਸਿਰਫ ਇਕ ਇੰਕਰੀਮੈਂਟ ਰੋਕ ਕੇ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਸਨ।

Comment here