ਸਿਆਸਤਖਬਰਾਂ

ਕੈਪਟਨ ਦੇ ਗੜ੍ਹ ’ਚ ਪਹੁੰਚੇ ਹਰੀਸ਼ ਚੌਧਰੀ ਦੀ ਪਲੇਠੀ ਮੀਟਿੰਗ

ਪਟਿਆਲਾ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਕਾਂਗਰਸ ਨੇ ਪਟਿਆਲਾ ਵਿੱਚ ਮੀਟਿੰਗ ਕੀਤੀ। ਸਰਕਟ ਹਾਊਸ ਪਹੁੰਚੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਦੀ ਨਬਜ਼ ਚੈੱਕ ਕੀਤੀ ਹੈ। ਚੌਧਰੀ ਨੇ ਕਿਹਾ ਮੋਦੀ ਅਤੇ ਅਮਿਤ ਸ਼ਾਹ ਦੇ ਪੰਜਾਬ ਪ੍ਰਤੀ  2022 ਦੀਆਂ ਚੋਣਾਂ ਦੇ ਏਜੰਡੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਪਟਿਆਲਾ ਇਲਾਕੇ ਦੇ ਸਾਰੇ ਵਿਧਾਇਕ ਪਹੁੰਚੇ ਜਦੋਂਕਿ ਕੈਪਟਨ ਦੀ ਪਤਨੀ ਬੀਬੀ ਪ੍ਰਨੀਤ ਕੌਰ ਸ਼ਾਮਲ ਨਹੀਂ ਹੋਈ।
2022 ਦਾ ਚੋਣ ਨਤੀਜਾ ਕੇਂਦਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਕਰ ਦੇਵੇਗਾ। ਪਟਿਆਲਾ ਦੇ ਸਰਕਟ ਹਾਊਸ ਪਹੁੰਚੇ ਹਰੀਸ਼ ਚੌਧਰੀ ਨੇ ਕਿਹਾ, ਅੱਜ ਦੀ ਬੈਠਕ ਦਾ ਮਕਸਦ ਸਿਰਫ਼ ਆਗੂਆਂ ਤੇ ਵਰਕਰਾਂ ਦੀ ਗੱਲ ਸੁਣਨਾ ਹੈ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਪੰਜਾਬ ਦੇ ਹਰ ਜ਼ਿਲੇ ਵਿਚ ਜਾ ਕੇ ਲੋਕਾਂ ਦੀ ਗੱਲ ਸੁਣਨਾ ਹੀ ਉਨ੍ਹਾਂ ਦਾ ਏਜੰਡਾ ਹੈ।
ਸਟੇਜ ਤੋਂ ਬੋਲਦਿਆਂ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਹਲਕਿਆਂ ਦੇ ਐਮਐਲਏ ਤੇ ਇੰਚਾਰਜਾਂ ਨੇ ਕਿਹਾ ਕਿ ਵਰਕਰ ਦਾ ਸਨਮਾਨ ਪਾਰਟੀ ਵਿੱਚ ਰਹਿ ਕੇ ਹੀ ਹੁੰਦਾ ਹੈ। ਇਸ ਮੌਕੇ ਸਾਰਿਆਂ ਨੇ ਹਰੀਸ਼ ਚੌਧਰੀ ਨੂੰ ਯਕੀਨ ਦਵਾਇਆ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਜਿੱਤੇਗੀ।
ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ 4 ਸਾਲਾਂ ਦੌਰਾਨ ਵਰਕਰ ਤਾਂ ਬਹੁਤ ਦੂਰ ਦੀ ਗੱਲ ਉਹ ਵਿਧਾਇਕਾਂ ਨੂੰ ਵੀ ਨਹੀਂ ਮਿਲੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ 4 ਦਹਾਕਿਆਂ ਤੋਂ ਬੜੀ ਨੇੜਤਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਵਰਕਰ ਕੈਪਟਨ ਦਾ ਨਹੀਂ ਬਲਕਿ ਪਾਰਟੀ ਨਾਲ ਖੜ੍ਹਨਗੇ।
ਇਸ ਮੌਕੇ ਜ਼ਿਲ੍ਹਾ ਪਟਿਆਲਾ ਇੰਚਾਰਜ ਰਾਜ ਕੁਮਾਰ ਵੇਰਕਾ ਨੇ ਵਰਕਰਾਂ ਨੂੰ ਦੱਸਿਆ ਕੀ ਉਹ ਹਫ਼ਤੇ ਵਿੱਚ ਘੱਟੋ-ਘੱਟ 2 ਦਿਨ ਸਰਕਟ ਹਾਊਸ ਵਿੱਚ ਬੈਠਣਗੇ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹਰ ਗੱਲ ਦੀ ਸੁਣਵਾਈ ਕਰਨਗੇ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਚੰਗੇ ਫ਼ੈਸਲੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਲਏ ਹਨ ਜੋ ਲੋਕ ਹਿਤੈਸ਼ੀ ਹਨ। ਹਾਲਾਂਕਿ ਇਸ ਮੀਟਿੰਗ ਤੋਂ ਪਹਿਲਾਂ ਹੀ ਸ਼ਹਿਰ ਦੇ ਮੇਅਰ ਸਮੇਤ ਹੋਰ ਅਹੁਦਿਆਂ ’ਤੇ ਫੇਰਬਦਲ ਦੀ ਚਰਚਾ ਛਿੜੀ ਹੋਈ ਹੈ ਅਤੇ ਕਈ ਕੌਂਸਲਰਾਂ ਵੱਲੋਂ ਮੇਅਰ ਬਦਲਣ ਤੱਕ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ।
ਦੱਸ ਦਈਏ ਕਿ ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਕਾਂਗਰਸ ਨੂੰ ਡਰ ਹੈ ਕਿ ਕੁਝ ਵਿਧਾਇਕ ਉਨ੍ਹਾਂ ਨਾਲ ਜਾ ਸਕਦੇ ਹਨ। ਕੈਪਟਨ ਨੇ ਵੀ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਸੰਪਰਕ ਵਿੱਚ ਕਈ ਵਿਧਾਇਕ ਤੇ ਸੰਸ ਮੈਂਬਰ ਹਨ। ਇਸ ਲਈ ਕਾਂਗਰਸ ਪਹਿਲਾਂ ਹੀ ਮੌਕਾ ਸੰਭਾਲਣ ਵਿੱਚ ਜੁੱਠ ਗਈ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਪੱਧਰੀ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰਨਗੇ ਤੇ ਪਾਰਟੀ ਕਾਰਕੁਨਾਂ ਨਾਲ ਵੀ ਗੱਲਬਾਤ ਕਰਨਗੇ। ਇਨ੍ਹਾਂ ਮੀਟਿੰਗਾਂ ਦੀ ਸ਼ੁਰੂਆਤ ਪਟਿਆਲਾ ਤੋਂ ਹੋਈ ਹੈ ਕਿਉਂਕਿ ਸ਼ਾਹੀ ਸ਼ਹਿਰ ਕੈਪਟਨ ਦਾ ਗੜ੍ਹ ਹੈ।

Comment here