ਸਿਆਸਤਖਬਰਾਂਚਲੰਤ ਮਾਮਲੇ

ਜਲੰਧਰ ਜ਼ਿਮਨੀ ਚੋਣ ‘ਤੇ ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਘੇਰਿਆ

ਚੰਡੀਗੜ੍ਹ-ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਗਰਮਾ ਗਿਆ ਹੈ । ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ ਚੋਣ ਦੇ ਲਈ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ । ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਲੋਕਾਂ ਦੇ ਮੂਡ ਨੂੰ ਦਰਸਾਉਂਦੀਆਂ ਹਨ ਕਿ ਉਹ ਸੂਬੇ ਦੀ ਰਾਜਨੀਤੀ ਵਿੱਚ ਕੀ ਬਦਲਾਅ ਚਾਹੁੰਦੇ ਹਨ।ਢੀਂਡਸਾ ਮੁਤਾਬਕ ਸੰਗਰੂਰ ਤੋਂ ਬਾਅਦ ਹੁਣ ਜਲੰਧਰ ਦੀ ਚੋਣ ਆਮ ਆਦਮੀ ਪਾਰਟੀ ਦੇ ਲਈ ਬਹੁਤ ਅਹਿਮ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਚੋਣ ਲੜਨ ਤੋਂ ਭੱਜਦੀ ਨਜ਼ਰ ਆ ਰਹੀ ਹੈ ।ਅਕਾਲੀ ਦਲ ਆਪਣੀ ਭਾਈਵਾਲ ਬਸਪਾ ਦੇ ਹੱਥਾਂ ਵਿੱਚ ਜ਼ਿੰਮੇਵਾਰੀ ਪਾ ਕੇ ਆਪਣੇ ਆਪ ਨੂੰ ਬਚਾਉਣਾ ਦੀ ਕੋਸ਼ਿਸ਼ ਵਿੱਚ ਹੈ।
ਉਨ੍ਹਾਂ ਨੇ ਕਿਹਾ ਕਿ ਜਲੰਧਰ ਦੀ ਇਸ ਸੀਟ ‘ਤੇ ਕਾਂਗਰਸ ਜ਼ਿਆਦਾਤਰ ਜਿੱਤ ਦਰਜ਼ ਕਰਦੀ ਰਹੀ ਹੈ ਪਰ ਹੁਣ ਇਹ ਸੀਟ ਕਾਂਗਰਸ ਪਾਰਟੀ ਦੇ ਲਈ ਵੀ ਚੁਣੌਤੀ ਬਣ ਗਈ ਹੈ।ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਕਾਂਗਰਸ ਪਾਰਟੀ ਵਿੱਚ ਅੰਦਰੂਨੀ ਵਿਵਾਦ ਨਜ਼ਰ ਆ ਰਿਹਾ ਹੈ।ਕਿਉਂਕਿ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਤੋਂ ਦੂਰੀ ਬਣਾ ਰਹੇ ਹਨ ।ਨਵਜੋਤ ਸਿੰਘ ਸਿੱਧੂ ਦੇ ਨਾਲ ਉਹ ਆਗੂ ਵੀ ਹਨ ਜੋ ਕਾਂਗਰਸ ‘ਚ ਡਟੇ ਹੋਏ ਹਨ।ਪੰਜਾਬ ਕਾਂਗਰਸ ਨੂੰ ਅੱਜ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ। ਢੀਂਡਸਾ ਨੇ ਕਿਹਾ ਕਿ ਸਿੱਧੂ ਸਾਹਿਬ ਪ੍ਰਧਾਨ ਬਣਨਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕੋਲ ਮੁੱਖ ਮੰਤਰੀ ਅਹੁਦੇ ਦੇ ਸਾਰੇ ਦਾਅਵੇਦਾਰ ਹਨ।
ਭਾਜਪਾ ਬਾਰੇ ਗੱਲ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਵੀ ਆਪਣੇ ਆਪ ਨੂੰ ਇਨ੍ਹਾਂ ਚੋਣਾਂ ਵਿੱਚ ਪੇਸ਼ ਕਰ ਰਹੀ ਹੈ।ਪਰ ਜਲੰਧਰ ਜ਼ਿਮਨੀ ਚੋਣ ਦਾ ਇਹ ਮੁਕਾਬਲਾ ਕਾਂਗਰਸ, ‘ਆਪ’ ਅਤੇ ਭਾਜਪਾ ਵਿਚਾਲੇ ਹੋਵੇਗਾ।ਅਕਾਲੀ ਦਲ ਵੀ ਮੁਕਾਬਲੇ ‘ਚੋਂ ਬਾਹਰ,ਲੋਕ ਅਕਾਲੀ ਦਲ ਨੂੰ ਨਫਰਤ ਨਹੀਂ ਕਰਦੇ ਪਰ ਲੋਕ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਹਨ।ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੇ ਪਤਨ ਨੂੰ ਦੇਖ ਕੇ ਅਸੀਂ ਸਭ ਤੋਂ ਵੱਧ ਦੁਖੀ ਹਾਂ ।ਉਨ੍ਹਾਂ ਨੇ ਕਿਹਾ ਕਿ ਪੰਜਾਬ ਲਈ ਅਕਾਲੀ ਦਲ ਦਾ ਮੁੜ ਉਭਾਰ ਬੇਹੱਦ ਜ਼ਰੂਰੀ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਖੁਦ ਪਾਰਟੀ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਢੀਡਸਾ ਨੇ ਕਿਹਾ ਕਿ ਕਿਸੇ ਧਾਰਮਿਕ ਹਸਤੀ, ਸੰਤ ਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪਣੀ ਜ਼ਰੂਰੀ ਹੈ। ਫਿਰ ਅਸੀਂ ਵੀ ਮੁੜ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਹਾਂ।

Comment here