ਅਪਰਾਧਸਿਆਸਤਖਬਰਾਂ

ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਮਾਫੀਆ ਪੈਦਾ ਕੀਤਾ-ਚੀਮਾ

ਚੰਡੀਗੜ੍ਹ-ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਨੇ ਕਈ ਨਵੀਆਂ ਨੀਤੀਆਂ ਬਣਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਦੀਆਂ ਸਾਬਕਾ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪੰਜਾਬ ਅੰਦਰ ਮਾਫੀਆ ਪੈਦਾ ਕੀਤਾ।ਇਨ੍ਹਾਂ ਸਰਕਾਰਾਂ ਨੇ ਪੰਜਾਬ ਵਿੱਚ ਮਾਫੀਆ ਰਾਜ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਅਸੀਂ 2017 ਵਿਚ ਵਿਰੋਧੀ ਧਿਰ ਵਿਚ ਆਏ ਹਾਂ, ਅਸੀਂ ਸ਼ਰਾਬ ਮਾਫੀਆ ਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਹਾਂ। ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਸ਼ਰਾਬ ਮਾਫੀਆ ਨਕਲੀ ਸ਼ਰਾਬ ਵੇਚਦਾ ਹੈ, ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।
ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਸਾਲ 2015 ਵਿੱਚ ਅਕਾਲੀ ਅਤੇ ਭਾਜਪਾ ਸਰਕਾਰਾਂ ਲਈ ਐਕਸਾਈਜ਼ ਦਾ ਮਾਲੀਆ 4797 ਸੀ। ਇਹ ਮਾਲੀਆ 2016 ਵਿੱਚ ਘਟ ਕੇ 4406 ਰਹਿ ਗਿਆ ਸੀ । ਜਦੋਂ ਸਾਡੀ ਸਰਕਾਰ ਨੇ 2022 ਵਿੱਚ 3 ਮਹੀਨਿਆਂ ਵਿੱਚ ਨਵੀਂ ਨੀਤੀ ਬਣਾਈ ਸੀ ਤਾਂ ਨਵੀਂ ਨੀਤੀ ਨਾਲ ਪੰਜਾਬ ਦਾ ਮਾਲੀਆ 6254 ਰੁਪਏ ਤੋਂ ਵਧ ਕੇ 8841 ਕਰੋੜ ਰੁਪਏ ਹੋ ਗਿਆ ਹੈ। ਪਹਿਲੇ ਸਾਲ ‘ਚ 41.4 ਫੀਸਦੀ ਦਾ ਵਾਧਾ ਹੋਇਆ ਹੈ। ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਐਕਸਾਈਜ਼ ਵਿੱਚ ਇੰਨਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 171 ਆਬਕਾਰੀ ਗਰੁੱਪ ਬਣਾਏ ਗਏ ਸਨ, ਜਿਨ੍ਹਾਂ ‘ਚ ਕਰੀਬ 70 ਫੀਸਦੀ ਦਾ ਨਵੀਨੀਕਰਨ ਹੋ ਚੁੱਕਾ ਹੈ, ਆਉਣ ਵਾਲੇ ਦਿਨਾਂ ‘ਚ ਇਹ 100 ਫੀਸਦੀ ਹੋ ਜਾਵੇਗਾ। ਐਕਸਾਈਜ਼ ਤੋਂ 9794 ਕਰੋੜ ਰੁਪਏ ਦੀ ਕਮਾਈ ਹੋਣ ਦਾ ਅੰਦਾਜ਼ਾ ਹੈ ਅਤੇ ਇਸ ਨੂੰ 10,000 ਕਰੋੜ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Comment here