ਸਿਆਸਤਖਬਰਾਂਚਲੰਤ ਮਾਮਲੇ

ਗੁਰਦਾਸਪੁਰ-ਪਠਾਨਕੋਟ ਵਿਚ ਹੜ੍ਹਾਂ ਦਾ ਖਤਰਾ

ਪਠਾਨਕੋਟ-ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਅੱਜ ਸਵੇਰੇ ਇੱਕ ਵਾਰ ਫਿਰ ਉੱਜ ਦਰਿਆ ਵਿੱਚ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਪਿੱਛੋਂ ਗੁਰਦਾਸਪੁਰ, ਪਠਾਨਕੋਟ ਵਿਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਉੱਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਖੇਤਰ ਬਮਿਆਲ ਬਲਾਕ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਅੱਜ ਮਿਤੀ 19/7/2023 ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਜ ਦਰਿਆ ਵਿੱਚ 171797 ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ ਅੱਜ ਸਵੇਰੇ 8:00 ਵਜੇ ਮਕੌੜਾ ਪੱਤਣ ਕੋਲ ਰਾਵੀ ਰਦਿਆ ਵਿੱਚ ਆਣ ਮਿਲੇਗਾ ਅਤੇ ਉਸ ਤੋਂ ਦੋ ਘੰਟੇ ਬਾਅਦ ਕਰੀਬ ਦੁਪਹਿਰ 10:00 ਵਜੇ ਧਰਮਕੋਟ ਪੱਤਣ, ਘੋਨੇਵਾਲ (ਡੇਰਾ ਬਾਬਾ ਨਾਨਕ) ਤੱਕ ਪਹੁੰਚ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦਰਿਆ ਉੱਜ ਅਤੇ ਰਾਵੀ ਦੇ ਨੇੜੇ ਰਹਿੰਦੀ ਵਸੋਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਉਹ ਉੱਜ ਤੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਤ ਖੇਤਰਾਂ ਤੋਂ ਦੂਰ ਰਹਿਣ ਅਤੇ ਨਾਲ ਹੀ ਆਪਣੇ ਜਾਨਵਰਾਂ ਆਦਿ ਨੂੰ ਸੁਰੱਖਿਅਤ ਥਾਵਾਂ `ਤੇ ਲੈ ਜਾਣ।
ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹ ਵਰਗੀ ਸਥਿਤੀ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਟੋਲ ਫਰੀ ਨੰਬਰ 1800-180-1852 ਜਾਂ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

Comment here