ਅਪਰਾਧਸਿਆਸਤਖਬਰਾਂ

ਸੁਰੱਖਿਆ ਬਲਾਂ ਨੇ ਜੈਸ਼ ਦੇ ਤਿੰਨ ਅੱਤਵਾਦੀ ਕੀਤੇ ਢੇਰ

ਮੁਕਾਬਲੇ ਵਾਲੀ ਥਾਂ ਤੋਂ ਦੋ ਐੱਮ-4 ਕਾਰਬਾਈਨ ਤੇ ਅਸਾਲਟ ਰਾਈਫਲ ਮਿਲੀ
ਸ੍ਰੀਨਗਰ-ਬੀਤੇ ਦਿਨੀਂ ਸੁਰੱਖਿਆ ਬਲਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਚੰਦਗਾਮ ’ਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਾਵਦੀ ਮਾਰ ਦਿੱਤੇ। ਇਨ੍ਹਾਂ ’ਚੋਂ ਇਕ ਪਾਕਿਸਤਾਨੀ ਵੀ ਹੈ। ਮੁਕਾਬਲੇ ਵਾਲੀ ਥਾਂ ਤੋਂ ਦੋ-ਐੱਮ-4 ਕਾਰਬਾਈਨ ਰਾਈਫਲਾਂ ਤੇ ਇਕ ਅਸਾਲਟ ਰਾਈਫਲ ਵੀ ਮਿਲੀ ਹੈ। ਬੀਤੇ ਪੰਜ ਦਿਨਾਂ ’ਚ ਚਾਰ ਮੁਕਾਬਲਿਆਂ ’ਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤਇਬਾ ਦੇ ਅੱਤਵਾਦੀ ਸਲੀਮ ਪਰੇ ਸਮੇਤ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਆਟੋਮੈਟਿਕ ਹਥਿਆਰਾਂ ਨਾਲ ਲੈਸ ਤਿੰਨ ਅੱਤਵਾਦੀ ਮੰਗਲਵਾਰ ਰਾਤ ਚੰਦਗਾਮ ’ਚ ਆਪਣੇ ਕਿਸੇ ਸੰਪਰਕ ਸੂਤਰ ਨੂੰ ਮਿਲਣ ਪੁੱਜੇ ਸਨ। ਪਤਾ ਲੱਗਦੇ ਹੀ ਪੁਲਿਸ ਨੇ ਫ਼ੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਸਵੇਰੇ ਕਰੀਬ ਚਾਰ ਵਜੇ ਪਿੰਡ ’ਚ ਤਲਾਸ਼ੀ ਸ਼ੁਰੂ ਕੀਤੀ ਗਈ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦੇ ਦੇਖ ਅੱਤਵਾਦੀਆਂ ਨੇ ਫਾਇਰਿੰਗ ਕਰ ਕੇ ਭੱਜਣ ਦਾ ਯਤਨ ਕੀਤਾ, ਪਰ ਜਵਾਨਾਂ ਨੇ ਮੁਕਾਬਲੇ ’ਚ ਉਲਝਾ ਲਿਆ। ਅੱਤਵਾਦੀ ਨੂੰ ਸਮਰਪਣ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਫਾਇਰਿੰਗ ਜਾਰੀ ਰੱਖੀ। ਸਵੇਰੇ ਅੱਠ ਵਜੇ ਅੱਤਵਾਦੀਆਂ ਵੱਲੋਂ ਆਖ਼ਰੀ ਗੋਲ਼ੀ ਚੱਲੀ। ਇਸ ਦੇ 15 ਮਿੰਟ ਬਾਅਦ ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲਈ ਤਾਂ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਤੇ ਹਥਿਆਰ ਮਿਲੇ। ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ, ਪਰ ਸਥਾਨਕ ਸੂਤਰਾਂ ਮੁਤਾਬਕ ਉਨ੍ਹਾਂ ’ਚ ਇਕ ਪਾਕਿਸਤਾਨੀ ਅੱਤਵਾਦੀ ਤੇ ਇਕ ਜੈਸ਼-ਏ-ਮੁਹੰਮਦ ਦਾ ਜ਼ਿਲ੍ਹਾ ਕਮਾਂਡਰ ਮੀਰ ਉਵੈਸ ਹੈ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਇਨ੍ਹਾਂ ’ਚ ਇਕ ਪਾਕਿਸਤਾਨੀ ਹੈ। ਦੋ ਹੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸਾਲ ਦੀ ਕਸ਼ਮੀਰ ’ਚ ਚੌਥੀ ਕਾਮਯਾਬ ਅੱਤਵਾਦ ਰੋਕੂ ਮੁਹਿੰਮ ਹੈ।
ਇਕ ਜਨਵਰੀ : ਕੇਰਨ ਸੈਕਟਰ ’ਚ ਘੁਸਪੈਠ ਦੇ ਯਤਨਾਂ ’ਚ ਇਕ ਅੱਤਵਾਦੀ ਢੇਰ।
ਤਿੰਨ ਜਨਵਰੀ : ਸ੍ਰੀਨਗਰ ਦੇ ਸ਼ਾਲੀਮਾਰ ਇਲਾਕੇ ’ਚ ਮੁਕਾਬਲੇ ’ਚ ਲਸ਼ਕਰ ਦੇ ਸਲੀਮ ਪਰੇ ਤੇ ਪਾਕਿਸਤਾਨੀ ਅੱਤਵਾਦੀ ਹਾਫਿਜ਼ ਮਾਰਿਆ ਗਿਆ।
ਚਾਰ ਜਨਵਰੀ : ਦੱਖਣੀ ਕਸ਼ਮੀਰ ਦੇ ਓਕੇ ਕੁਲਗਾਮ ’ਚ ਟੀਆਰਐੱਫ ਦੇ ਦੋ ਸਥਾਨਕ ਅੱਤਵਾਦੀ ਮਾਰੇ ਗਏ।
ਪੰਜ ਜਨਵਰੀ : ਦੱਖਣੀ ਕਸ਼ਮੀਰ ਦੇ ਚੰਦਗਾਮ, ਪੁਲਵਾਮਾ ’ਚ ਜੈਸ਼ ਏ ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ।

Comment here