ਵਿਸ਼ੇਸ਼ ਰਿਪੋਟ
ਵਾਸ਼ਿੰਗਟਨ-ਅਮਰੀਕਾ ਦੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰਿਨਰ ਨੂੰ ਰੂਸ ਨੇ ਰਿਹਾਅ ਕਰ ਦਿੱਤਾ ਹੈ। ਬਦਲੇ ਵਿੱਚ 12 ਸਾਲ ਤੋਂ ਜੇਲ੍ਹ ਵਿੱਚ ਬੰਦ ‘ਮੌਤ ਦੇ ਸੌਦਾਗਰ’ ਵੱਜੋ ਜਾਣੇ ਜਾਂਦੇ ਹਥਿਆਰਾਂ ਦੇ ਬਦਨਾਮ ਡੀਲਰ ਵਿਕਟਰ ਬਾਊਟ ਨੂੰ ਅਮਰੀਕਾ ਨੇ ਰਿਹਾਅ ਕਰ ਦਿੱਤਾ ਹੈ। 2008 ਵਿੱਚ ਅਮਰੀਕਾ ਦੀ ਖੁਫੀਆ ਕਾਰਵਾਈ ਦੌਰਾਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਵਿਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਸਾਲ ਬਾਅਦ ਵਿਕਟਰ ਨੂੰ ਅਮਰੀਕਾ ਲਿਆਂਦਾ ਗਿਆ। ਸਾਲ 2010 ਵਿੱਚ ਉਨ੍ਹਾਂ ਨੂੰ ਅੱਤਵਾਦੀਆਂ ਦੀ ਮਦਦ ਕਰਨ ’ਤੇ ਅਮਰੀਕੀਆਂ ਨੂੰ ਮਾਰਨ ਦੀ ਸਾਜ਼ਿਸ਼ ਦੇ ਇਲਜ਼ਾਮਾਂ ਦਾ ਸਾਹਮਣਾ ਕਰਦਿਆਂ 12 ਸਾਲ ਤੱਕ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਕੀਤਾ। ਵਿਕਟਰ ਦਾ ਦਾਅਵਾ ਸੀ ਕਿ ਉਸ ਨੂੰ ਗ਼ਲਤ ਢੰਗ ਨਾਲ ਸਾਊਥ ਅਮਰੀਕੀ ਬਾਗ਼ੀਆਂ ਨੂੰ ਹਥਿਆਰ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ ।
ਨਿਊਯਾਰਕ ਦੀ ਅਦਾਲਤ ਨੇ ਉਸ ਦੀਆਂ ਦਲੀਲਾਂ ਨਹੀਂ ਮੰਨੀਆਂ। ਉਸ ਨੂੰ ਅਮਰੀਕੀ ਨਾਗਰਿਕਾਂ ਤੇ ਅਧਿਕਾਰੀਆਂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਇੱਕ ਅੱਤਵਾਦੀ ਸੰਗਠਨ ਨੂੰ ਐਂਟੀ-ਏਅਰਕਰਾਫਟ ਮਿਜ਼ਾਇਲਾਂ ਮੁਹੱਈਆ ਕਰਵਾਉਣ ਦਾ ਦੋਸ਼ੀ ਮੰਨਦਿਆਂ ਅਪ੍ਰੈਲ 2012 ਵਿੱਚ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਅਨੁਸਾਰ ਹਥਿਆਰ ਕੋਲੰਬੀਅਨ ਅਧਿਕਾਰੀਆਂ ਨਾਲ ਕੰਮ ਕਰ ਰਹੇ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਲਈ ਵਰਤੇ ਜਾਣੇ ਸਨ। ਅਮਰੀਕਾ ਇਸ ਸਮੇਂ ਰੂਸ ਦੀ ਜੇਲ੍ਹ ਵਿੱਚ ਬੰਦ ਇੱਕ ਅਮਰੀਕੀ ਨਾਗਰਿਕ ਪੌਲ ਵ੍ਹੇਲਨ ਨੂੰ ਰਿਹਾਅ ਕਰਵਾਉਣ ਵਿੱਚ ਅਸਫਲ ਰਿਹਾ। ਪੌਲ ਵੈਲਾਨ ਨੂੰ 2018 ਵਿੱਚ ਜਾਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਬ੍ਰਿਟਨੀ ਦੀ ਸੁਰੱਖਿਅਤ ਰਿਹਾਈ ਹੋ ਚੁੱਕੀ ਹੈ।
ਇਥੇ ਜ਼ਿਕਰਯੋਗ ਹੈ ਕਿ ਰੂਸ ਵੱਲੋਂ ਬ੍ਰਿਟਨੀ ਗ੍ਰਾਈਨਾ ਨੂੰ ਅਤੇ ਅਮਰੀਕਾ ਵੱਲੋਂ ਵਿਕਟਰ ਬਾਊਟ ਨੂੰ ਨਿੱਜੀ ਜਹਾਜ਼ਾਂ ਜ਼ਰੀਏ ਆਬੂ ਧਾਬੀ ਹਵਾਈ ਅੱਡੇ ’ਤੇ ਲਿਆਂਦਾ ਗਿਆ। ਦੱਸਿਆ ਗਿਆ ਹੈ ਕਿ ਕੈਦੀਆਂ ਦੀ ਅਦਲਾ-ਬਦਲੀ ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਹੋਈ। ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਅਤੇ ਰੂਸੀ ਹਥਿਆਰ ਡੀਲਰ ਵਿਕਟਰ ਬਾਊਟ ਦੀ ਰਿਹਾਈ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਯਤਨਾਂ ਨਾਲ ਹੋਈ ਸੀ। ਦੋਵਾਂ ਨੇਤਾਵਾਂ ਦੇ ਅਮਰੀਕਾ ਅਤੇ ਰੂਸ ਦੇ ਵੱਡੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਰਿਹਾਈ ਤੋਂ ਬਾਅਦ ਬਾਊਟ ਵੀ ਜਹਾਜ਼ ਰਾਹੀਂ ਆਪਣੇ ਘਰ ਲਈ ਰਵਾਨਾ ਹੋ ਗਿਆ। ਹੁਣ ਇਹ ਰਿਹਾਈਆਂ ਯੂਕਰੇਨ ਯੁੱਧ ਦੌਰਾਨ ਹੋਈਆਂ, ਜਦੋਂ ਕਿ ਅਮਰੀਕਾ ਅਤੇ ਰੂਸ ਅਸਿੱਧੇ ਤੌਰ ’ਤੇ ਇਕ ਦੂਜੇ ਨਾਲ ਲੜ ਰਹੇ ਹਨ। ਕੈਦੀਆਂ ਦੀ ਇਸ ਅਦਲਾ-ਬਦਲੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਦੋਵਾਂ ਮਹਾਂਸ਼ਕਤੀਆਂ ਦਰਮਿਆਨ ਪਰਦੇ ਪਿੱਛੇ ਗੱਲਬਾਤ ਚੱਲ ਰਹੀ ਹੈ। ਇਹ ਸਥਿਤੀ ਵਿਸ਼ਵ ਸ਼ਾਂਤੀ ਲਈ ਚੰਗੀ ਹੈ।
Comment here