ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਭਲੇ ਦੀ ਵਿਚਾਰਧਾਰਾ ਦਿੱਤੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਵਿਸਮਾਦੀ ਸ਼ਕਤੀ ਨਾਲ ਅੱਗੇ ਤੋਰਿਆ। ਗੁਰੂ ਗੋਬਿੰਦ ਸਿੰਘ ਜੀ ਨੇ ਅਲੌਕਿਕ ਵਿਉਂਤਬੰਦੀ ਨਾਲ ਸੰਤ ਤੇ ਸਿਪਾਹੀ ਦੇ ਮਿਸ਼ਨ ਨੂੰ ਸਾਕਾਰ ਰੂਪ ਵਿਚ ਪੇਸ਼ ਕੀਤਾ। ਆਪਾ ਨਿਛਾਵਰ ਕਰਨ ਵਾਲੀ ਖ਼ਾਲਸਾ ਫ਼ੌਜ ਤਿਆਰ ਕੀਤੀ ਜਿਸ ਵਿਚ ਉਹੀ ਭਰਤੀ ਹੁੰਦਾ ਸੀ ਜੋ ਧਰਮ ਦੇ ਪ੍ਰਗਾਸ ਤੇ ਦੁਸ਼ਟਾਂ ਦੇ ਨਾਸ ਲਈ ਜਾਨ ਕੁਰਬਾਨ ਕਰਨ ਤਕ ਦਾ ਸਾਹਸ ਰੱਖਦਾ ਸੀ। ਇਸ ਪਰਉਪਕਾਰੀ ਮਿਸ਼ਨ ਵਿਚ ਹਰ ਕੋਈ ਭਰਤੀ ਨਹੀਂ ਹੋ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਉੱਚੇ-ਸੁੱਚੇ ਕਿਰਦਾਰ ਦੇ ਲਖਾਇਕ ਕਕਾਰ ਯੋਗ ਸਿੱਖਾਂ ਨੂੰ ਹੀ ਸ਼ੋਭਾ ਦਿੰਦੇ ਹਨ। ਕੀ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਪਾਂਧੀਆਂ ਤੋਂ ਇਲਾਵਾ ਹਰ ਕੋਈ ਇਸ ਦਾਤ ਦੀ ਕਦਰ ਕਰ ਸਕਦਾ ਹੈ? ਸਿੱਖ ਧਰਮ ਵਿਚ ਵੀ ਅਨੇਕਾਂ ਜਥੇਬੰਦੀਆਂ ਜੰਮੀਆਂ ਅਤੇ ਮਰੀਆਂ।
ਦਰਜਨਾਂ ਜਥੇਬੰਦੀਆਂ ਜਰਜਰ ਹਾਲਤ ਵਿਚ ਹੋਂਦ ਰੱਖਦੀਆਂ ਹਨ। ਅਕਾਲੀ ਦਲ ਵੀ ਉਸੇ ਕੜੀ ਵਿਚ ਸਮੇਂ ਮੁਤਾਬਕ ਹੋਂਦ ਵਿਚ ਆਇਆ ਸੀ। ਇਹ 102 ਸਾਲ ਦਾ ਹੋ ਗਿਆ ਹੈ ਅਤੇ ਇਸ ਦਾ ਮੁੱਢਲਾ ਸਮਾਂ ਸੁਨਹਿਰੀ ਇਤਿਹਾਸ ਰੱਖਦਾ ਹੈ। ਸੰਨ 1952-57 ਦੌਰਾਨ ਸਿਆਸੀ ਅਕਾਲੀ ਦਲ ਵਿਚ ਜਾਗੀਰਦਾਰਾਂ ਨੂੰ ਚੌਧਰਾਂ ਤੇ ਟਿਕਟਾਂ ਮਿਲਣੀਆਂ ਸ਼ੁਰੂ ਹੋ ਗਈਆਂ। ਸਿੱਖ ਸਮਾਜ ਨੂੰ ਹੀ ਨਹੀਂ ਬਲਕਿ ਪੰਜਾਬ ਨੂੰ ਮਾੜੇ ਨਤੀਜੇ ਭੁਗਤਣੇ ਪੈ ਗਏ। ਉਦਾਹਰਨ ਵਜੋਂ ਸੰਤ ਫਤਿਹ ਸਿੰਘ ਮਰਨ ਵਰਤ ਦੀ ਅਰਦਾਸ ’ਤੇ ਪੂਰੇ ਨਾ ਉੱਤਰ ਸਕੇ। ਸਿਦਕੀ ਤੇ ਸਿਰੜੀ ਸਿੱਖ ਸ: ਦਰਸ਼ਨ ਸਿੰਘ ਫੇਰੂਮਾਨ ਸ਼ਹੀਦੀ ਦੇ ਕੇ ਢੌਂਗੀ ਨੇਤਾਵਾਂ ਦੇ ਪਾਜ ਖੋਲ੍ਹ ਗਿਆ। ਉਸ ਦਾ ਨਾਂ ਕੋਈ ਕਿਉਂ ਨਹੀਂ ਲੈਂਦਾ? ਸੰਨ 1965 ਤਕ ਅਕਾਲੀ ਦਲ ਦੀ ਭੱਲ ਬਣੀ ਰਹੀ। ਅਕਾਲੀ ਦਲ ਵਿਚ ਵੀ ਅਤੇ ਕਾਂਗਰਸ ਵਿਚ ਵੀ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਸੰਘਰਸ਼ ਕੀਤਾ। ਏਥੋਂ ਤਕ ਕਿ ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਧਾਨ ਬਣਿਆ ਅਤੇ ਕਾਂਗਰਸ ਦਾ ਵੀ ਪ੍ਰਧਾਨ ਬਣਿਆ। ਗੁਰਮੁਖ ਸਿੰਘ ਅਕਾਲ ਤਖ਼ਤ ਦਾ ਜਥੇਦਾਰ ਵੀ ਬਣਿਆ ਅਤੇ ਪੰਜਾਬ ਦਾ ਮੁੱਖ ਮੰਤਰੀ ਵੀ ਬਣਿਆ। ਏਥੋਂ ਤਕ ਕਿ ਕਾਮਰੇਡਾਂ ਨੇ ਵੀ ਅਕਾਲੀ ਦਲ ਦੇ ਸੰਘਰਸ਼ਾਂ ਵਿਚ ਵੱਡਾ ਹਿੱਸਾ ਪਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਪ੍ਰਤਾਪ ਸਿੰਘ ਕੈਰੋਂ ਵੀ ਪਹਿਲਾਂ ਅਕਾਲੀ ਹੀ ਸੀ। ਸਿੱਖ ਗੁਰਦੁਆਰਾ ਲਹਿਰ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਦਾ ਚੰਗਾ ਯੋਗਦਾਨ ਸੀ। ਮਗਰੋਂ ਸਮਾਂ ਪਾ ਕੇ ਵਿਚਾਰਾਂ ਦੇ ਵਖਰੇਵਿਆਂ ਕਾਰਨ ਸਾਰੇ ਅਕਾਲੀਆਂ ਤੋਂ ਦੂਰ ਹੁੰਦੇ ਚਲੇ ਗਏ। ਅੱਜ ਤਾਂ ਇਹ ਵੀ ਸਵਾਲ ਖੜ੍ਹਾ ਹੈ ਕਿ ਕੀ ਸਿੱਖ ਪੰਥ ਦੇ ਠੇਕੇਦਾਰ ਸਹਿਜਧਾਰੀ ਸਿੱਖਾਂ ਨੂੰ ਜਾਂ ਗੁਰਬਾਣੀ ਨੂੰ ਪ੍ਰਣਾਏ ਸਿੰਧੀਆਂ ਤੇ ਹੋਰਾਂ ਨੂੰ ਸਿੱਖ ਮੰਨਣਗੇ ਜਾਂ ਨਹੀਂ? ਕੀ ਸਿੱਖ ਮਤ ਦੀ ਧਾਰਨੀ ਸੰਗਤ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਸ਼ੋਭਾ ਨਹੀਂ ਵਧਾਉਂਦੀ?
ਸੰਨ 1965 ’ਵਿਚ ਨਿਘਾਰ ਆਇਆ ਤਾਂ ਅਨਪੜ੍ਹ ਮਹੰਤ ਤੇ ਜਾਗੀਰਦਾਰ ਅਕਾਲੀ ਦਲ ਦੇ ਪ੍ਰਧਾਨ ਬਣਾਉਣੇ ਸ਼ੁਰੂ ਕਰ ਦਿੱਤੇ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣ ਕੇ ਜੋ ਪੰਜਾਬ ਦਾ ਘਾਣ ਕੀਤਾ ਉਹ ਕਲੰਕਤ ਇਤਿਹਾਸ ਹੈ। ਨਕਸਲੀ ਹੱਤਿਆਵਾਂ, ਨਿਰੰਕਾਰੀ ਕਾਂਡ ਅਤੇ 1984 ਦੇ ਕਾਲੇ ਦੌਰ ਦਾ ਇਹ ਮੁੱਖ ਦੋਸ਼ੀ ਹੈ। ਖਾੜਕੂਆਂ ਦੇ ਭੋਗਾਂ ’ਤੇ ਵੀ ਜਾਂਦਾ ਸੀ ਅਤੇ ਸਰਕਾਰਾਂ ਨਾਲ ਭਾਈਵਾਲੀ ਵੀ ਰੱਖਦਾ ਸੀ। ਇਨ੍ਹਾਂ ਦੇ ਰਾਜ ਵਿਚ ਭ੍ਰਿਸ਼ਟਾਚਾਰ, ਪਰਿਵਾਰਵਾਦ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ 328 ਸਰੂਪਾਂ ਦੀ ਚੋਰੀ ਆਦਿ ਵੱਡੇ ਗ਼ੁਨਾਹ ਹੋਏ ਹਨ।
ਇਹ ਅਕਾਲੀ ਤਾਂ ਦੂਰ ਦੀ ਗੱਲ, ਸਾਧਾਰਨ ਸਿੱਖ ਵੀ ਨਹੀਂ ਹੈ। ਕੀ ਸਿੱਖ ਜਗਤ ਬਾਦਲ ਜੁੰਡਲੀ ਨੂੰ ਸਿੰਘ ਤਾਂ ਕੀ ਕਦੇ ਸਿੱਖ ਵੀ ਕਹਿ ਸਕੇਗਾ? ਕਦਾਚਿਤ ਨਹੀਂ। ਇਸ ਦੀਆਂ ਦੋਗਲੇਪਨ ਦੀਆਂ ਕਹਾਣੀਆਂ ਜੱਗ ਜ਼ਾਹਰ ਹਨ। ਪੰਦਰਾਂ ਜੂਨ 1989 ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸੈਕੂਲਰ ਕਦਰਾਂ-ਕੀਮਤਾਂ ’ਤੇ ਚੱਲਣ ਲਈ ਹਲਫ਼ਨਾਮਾ ਭਰਨ ਲਈ ਕਿਹਾ। ਅਕਾਲੀ ਦਲ ਨੇ ਇਹ ਹਲਫ਼ਨਾਮਾ ਪਾਰਟੀ ਵੱਲੋਂ ਦਿੱਤਾ। ਅਕਾਲੀ ਦਲ ਵਿਰੁੱਧ ਪਾਰਟੀ ਦੇ ਦੂਹਰੇ ਸੰਵਿਧਾਨ ਸਬੰਧੀ ਚੱਲ ਰਹੇ ਕੇਸ ਵਿਚ ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਤਤਕਾਲੀ ਅਕਾਲੀ ਦਲ ਦੇ ਸਕੱਤਰ ਤੇ ਖਜ਼ਾਨਚੀ ਨੇ ਤਾਜ਼ਾ ਗਵਾਹੀ ਦਿੱਤੀ ਹੈ ਕਿ ਅਸੀਂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਗ਼ੈਰ-ਪੰਥਕ ਕੰਮ ਕਰਨ ਤੋਂ ਵਰਜਿਆ। ਪਰ ਬਾਦਲ ਨੇ ਕਿਹਾ ਕਿ ਇਕ ਵਾਰ ਕਾਰਵਾਈ ਹੋਣ ਦੇਵੋ ਤੇ ਇਸ ਤੋਂ ਬਾਅਦ ਦੇਖ ਲਵਾਂਗੇ। ਸ: ਮਨਜੀਤ ਸਿੰਘ ਤਰਨਤਾਰਨੀ ਅਨੁਸਾਰ ਉਨ੍ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਉਸ ਹਲਫ਼ਨਾਮੇ ’ਤੇ ਦਸਤਖ਼ਤ ਕਰਦਿਆਂ ਇਹ ਨੋਟ ਦੇ ਦਿੱਤਾ ਕਿ ਅਸੀਂ ਆਪਣੇ ਪੁਰਾਣੇ ਵਿਧਾਨ ’ਤੇ ਚੱਲਦੇ ਰਹਾਂਗੇ।
ਸੰਨ 1996 ਵਿਚ ਮੋਗਾ ਕਾਨਫਰੰਸ ਵਿਚ ਇਹ ਐਲਾਨ ਕਰ ਦਿੱਤਾ ਗਿਆ ਕਿ ਇਹ ਪਾਰਟੀ ਪੰਜਾਬੀ ਪਾਰਟੀ ਬਣ ਗਈ ਹੈ। ਇਸ ਦਾ ਕਿਰਦਾਰ ਜ਼ਾਹਰ ਹੋ ਗਿਆ। ਅਕਾਲੀ ਦਲ ਦੇ ਦੂਹਰੇ ਸੰਵਿਧਾਨ ਬਣਾ ਕੇ ਰੱਖ ਦਿੱਤੇ। ਇਕ ਸੰਵਿਧਾਨ ਪਾਰਟੀ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ 2003 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਦੂਸਰਾ ਭਾਰਤੀ ਚੋਣ ਕਮਿਸ਼ਨ ਕੋਲ 2008 ਵਿਚ ਪੇਸ਼ ਕਰ ਦਿੱਤਾ। ਜਿਹੜਾ ਵਿਧਾਨ ਸੰਨ 2008 ਵਿਚ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੀ ਹੈਸੀਅਤ ਵਿਚ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜਿਆ, ਉਹ ਅਕਾਲੀ ਦਲ ਦੇ ਕਿਸੇ ਜਨਰਲ ਅਜਲਾਸ ਵਿਚ ਪਾਸ ਨਹੀਂ ਹੋਇਆ ਤੇ ਨਾ ਹੀ ਕਾਰਵਾਈ ਰਜਿਸਟਰ ਵਿਚ ਦਰਜ ਹੈ। ਉਹ ਅੰਗਰੇਜ਼ੀ ਵਿਚ ਸੀ ਤੇ ਉਸ ਦੀ ਪੰਜਾਬੀ ਕਾਪੀ ਵੀ ਪ੍ਰਕਾਸ਼ਤ ਨਹੀਂ ਕੀਤੀ ਗਈ। ਸੰਨ 1996 ਵਿਚ ਬਾਦਲ ਤੇ ਬਰਨਾਲਾ ਦਲਾਂ ਦਾ ਆਪਸੀ ਰਲੇਵਾਂ ਵੀ ਗ਼ੈਰ-ਸੰਵਿਧਾਨਕ ਤੇ ਗ਼ੈਰ-ਕਾਨੂੰਨੀ ਸੀ।
ਇਸ ਤਰ੍ਹਾਂ ਦੇ ਕਿਰਦਾਰ ਵਾਲਿਆਂ ਦਾ ਕਬਜ਼ਾ ਸਾਰੀ ਦੁਰਦਸ਼ਾ ਦਾ ਕਾਰਨ ਹੈ। ਜਦੋਂ ਤਕ ਸੰਨ 1920 ਵਾਲਾ ਸੇਵਾ ਨੂੰ ਸਮਰਪਿਤ ਅਕਾਲੀ ਦਲ ਸੁਰਜੀਤ ਨਹੀਂ ਹੋਵੇਗਾ ਉਦੋਂ ਤਕ ਇਸ ਦਾ ਭਵਿੱਖ ਖ਼ਤਰਿਆਂ ਵਿਚ ਘਿਰਦਾ ਜਾਵੇਗਾ। ਸੱਚੇ-ਸੁੱਚੇ ਅਸਲ ਅਕਾਲੀ ਹੀ ਅਕਾਲੀ ਦਲ ਦੇ ਵਾਰਿਸ ਹੋ ਸਕਦੇ ਹਨ।
-ਬਲਵੰਤ ਸਿੰਘ ਖੇੜਾ (ਸਰਪ੍ਰਸਤ, ਸੋਸ਼ਲਿਸਟ ਪਾਰਟੀ ਆਫ ਇੰਡੀਆ)
Comment here