ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪ੍ਰਦੂਸ਼ਣ ਰਹਿਤ ਸਨਅਤੀ ਵਿਕਾਸ ਹੀ ਪੰਜਾਬ ‘ਚ ਬੇਰੁਜ਼ਗਾਰੀ ਦਾ ਹੱਲ

ਖੇਤੀ ਦੇ ਨਾਲੋ-ਨਾਲ ਪੰਜਾਬ ਦੇ ਸਨਅਤੀ ਵਿਕਾਸ ਵਿਚ ਵੀ ਖੜੋਤ ਆ ਗਈ ਹੈ। ਇੱਥੇ ਜਦੋਂ ਹਰੇ ਇਨਕਲਾਬ ਨਾਲ ਜਾਣਿਆ ਜਾਂਦਾ ਖੇਤੀ ਵਿਕਾਸ ਹੋਇਆ ਸੀ ਉਦੋਂ ਹੀ ਸਨਅਤ ਵਿਚ ਵੀ ਚੋਖਾ ਵਿਕਾਸ ਹੋਇਆ ਸੀ। ਸੂਬੇ ਵਿਚ ਕਈ ਸਨਅਤੀ ਕੇਂਦਰ ਸਥਾਪਤ ਹੋਏ ਸਨ। ਖੇਤੀ ਦੇ ਨਾਲ ਹੁਣ ਸਨਅਤੀ ਵਿਕਾਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਖੇਤੀ ਜੋਤਾਂ ਦੇ ਘਟ ਰਹੇ ਆਕਾਰ ਕਾਰਨ ਵਿਹਲੇ ਹੋ ਰਹੇ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਸੋਚਣਾ ਪਵੇਗਾ ਕਿ ਇੱਥੇ ਕਿਹੋ ਜਿਹੀ ਸਨਅਤ ਵਿਕਸਤ ਕੀਤੀ ਜਾਵੇ।
ਪੰਜਾਬ ’ਚ ਅਜਿਹੀ ਸਨਅਤ ਦੀ ਲੋੜ ਹੈ ਜਿਹੜੀ ਘੱਟ ਤੋਂ ਘੱਟ ਪ੍ਰਦੂਸ਼ਣ ਫੈਲਾਵੇ ਅਤੇ ਘੱਟੋ-ਘੱਟ ਧਰਤੀ ਦੀ ਵਰਤੋਂ ਕਰੇ ਕਿਉਂਕਿ ਕਿਸਾਨਾਂ ਦੇ ਉਜਾੜੇ ਨਾਲ ਸਨਅਤਾਂ ਦੀ ਕਾਇਮੀ ਲਾਭ ਦੀ ਥਾਂ ਨੁਕਸਾਨ ਵਧੇਰੇ ਕਰਦੀ ਹੈ। ਵੱਡੀ ਫੈਕਟਰੀ ਦੀ ਸਥਾਪਨਾ ਸੈਂਕੜੇ ਕਿਸਾਨਾਂ ਦਾ ਉਜਾੜਾ ਕਰਦੀ ਹੈ। ਇਸ ਨਾਲ ਪ੍ਰਦੂਸ਼ਣ ਵਿਚ ਵੀ ਵਾਧਾ ਹੁੰਦਾ ਹੈ। ਫੈਕਟਰੀ ਮਾਲਕ ਉਜਾੜੇ ਗਏ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਪਰਵਾਸੀ ਕਾਮਿਆਂ ਉੱਤੇ ਵਧੇਰੇ ਨਿਰਭਰ ਕਰਦੇ ਹਨ। ਪੰਜਾਬ ਵਿਚ ਸੈਰ-ਸਪਾਟਾ, ਵਿੱਦਿਆ ਅਤੇ ਸਿਹਤ-ਸਹੂਲਤਾਂ ਨੂੰ ਸਨਅਤ ਦੇ ਰੂਪ ਵਿਚ ਵਿਕਸਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਖੇਤੀ ਉਪਜ ਆਧਾਰਿਤ ਛੋਟੇ ਕਾਰਖਾਨੇ ਵੀ ਲਗਾਏ ਜਾ ਸਕਦੇ ਹਨ। ਇਨ੍ਹਾਂ ਸਨਅਤਾਂ ਦਾ ਵਿਕਾਸ ਪੰਜਾਬੀਆਂ ਨੂੰ ਰੁਜ਼ਗਾਰ ਦੇਵੇਗਾ, ਕਿਸਾਨਾਂ ਦਾ ਉਜਾੜਾ ਰੁਕੇਗਾ, ਸਰਕਾਰੀ ਆਮਦਨ ਵਿਚ ਵਾਧਾ ਹੋਵੇਗਾ ਤੇ ਪ੍ਰਦੂਸ਼ਣ ’ਚ ਵੀ ਵਾਧਾ ਨਹੀਂ ਹੋਵੇਗਾ। ਪੰਜਾਬ ’ਚ ਸੈਰ-ਸਪਾਟਾ ਵਿਭਾਗ ਤੇ ਇਕ ਕਾਰਪੋਰੇਸ਼ਨ ਵੀ ਹੈ। ਇਸ ਮਹਿਕਮੇ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ। ਸ਼ਾਇਦ ਇਹੀ ਸਮਝਿਆ ਜਾਂਦਾ ਹੈ ਕਿ ਪੰਜਾਬ ਵਿਚ ਪਹਾੜ ਅਤੇ ਸਮੁੰਦਰੀ ਕੰਢੇ ਨਹੀਂ ਹਨ, ਇਸੇ ਕਰਕੇ ਇੱਥੇ ਸੈਲਾਨੀ ਨਹੀਂ ਆ ਸਕਦੇ ਪਰ ਸਾਨੂੰ ਰਾਜਸਥਾਨ ਵੱਲ ਵੇਖਣਾ ਚਾਹੀਦਾ ਹੈ। ਉੱਥੇ ਰਾਜਿਆਂ ਦੇ ਮਹਿਲਾਂ ਅਤੇ ਰੇਗਿਸਤਾਨ ਦੇ ਸਹਾਰੇ ਹੀ ਸੈਲਾਨੀਆਂ ਨੂੰ ਖਿੱਚਿਆ ਗਿਆ ਹੈ। ਪੰਜਾਬ ’ਚ ਇਹੋ ਜਿਹੀ ਸੈਰ-ਸਪਾਟਾ ਸਨਅਤ ਵਿਕਸਤ ਹੋਵੇ। ਸਰਕਾਰੀ ਕਦਮ ਵੀ ਚੁੱਕੇ ਗਏ ਹਨ ਪਰ ਇੱਕਾ-ਦੁੱਕਾ ਯਤਨ ਵਧੇਰੇ ਪ੍ਰਭਾਵਸ਼ਾਲੀ ਨਹੀਂ ਹੁੰਦੇ ਸਗੋਂ ਇਕ ਵੱਡੇ ਪੱਧਰ ਦੀ ਸਮੁੱਚੀ ਯੋਜਨਾ ਦੀ ਲੋੜ ਹੈ। ਪੰਜਾਬ ਵਿਚ ਧਾਰਮਿਕ ਤੇ ਹਰਿਆਵਲ ਯਾਤਰਾਵਾਂ ਬਹੁਤ ਸਫਲ ਹੋ ਸਕਦੀਆਂ ਹਨ। ਇੱਥੇ ਸਿੱਖਾਂ ਦੇ ਤਿੰਨ ਤਖ਼ਤ ਹਨ। ਯਾਤਰੂਆਂ ਲਈ ਇਹ ਯਾਤਰਾ ਦੀ ਸੁੰਦਰ ਤਿਕੋਣ ਬਣ ਸਕਦੀ ਹੈ।
ਸੈਲਾਨੀਆਂ ਵੱਲੋਂ ਭਾਖੜਾ ਤੋਂ ਸ਼ੁਰੂ ਹੋ ਕੇ ਅਨੰਦਪੁਰ ਸਾਹਿਬ, ਚੰਡੀਗੜ੍ਹ, ਛੱਤਬੀੜ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਤੇ ਦਮਦਮਾ ਸਾਹਿਬ ਦੀ ਯਾਤਰਾ ਕੀਤੀ ਜਾ ਸਕਦੀ ਹੈ। ਇੱਥੋਂ ਹਰੀਕੇ ਪੱਤਣ, ਤਰਨ ਤਾਰਨ ਹੁੰਦੇ ਹੋਏ ਅੰਮ੍ਰਿਤਸਰ ਤੇ ਜਲੰਧਰ ਘੁੰਮਿਆ ਜਾ ਸਕਦਾ ਹੈ। ਅੰਮ੍ਰਿਤਸਰ ਪਹਿਲਾਂ ਹੀ ਕੌਮਾਂਤਰੀ ਹਵਾਈ ਅੱਡਾ ਹੈ ਤੇ ਮੁਹਾਲੀ ਤਿਆਰ ਹੋ ਗਿਆ ਹੈ। ਇਨ੍ਹਾਂ ਦੋਵਾਂ ਥਾਵਾਂ ਤੋਂ ਯਾਤਰਾ ਸ਼ੁਰੂ ਕਰ ਕੇ ਇੱਥੇ ਹੀ ਸਮਾਪਤ ਹੋ ਸਕਦੀ ਹੈ। ਪੰਜਾਬ ਵਿਚ ਯੋਜਨਾਬੱਧ ਯਾਤਰਾਵਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜੇਕਰ ਵਧੀਆ ਏਸੀ ਬੱਸਾਂ ਰਾਹੀਂ ਸਾਫ਼-ਸੁਥਰੇ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ ਤਾਂ ਹਜ਼ਾਰਾਂ ਵਿਦੇਸ਼ੀ ਸਿੱਖ ਅਤੇ ਗ਼ੈਰ-ਸਿੱਖ ਇਸ ਦਾ ਲਾਭ ਜ਼ਰੂਰ ਉਠਾਉਣਗੇ। ਤਲਵੰਡੀ ਸਾਬੋ ਨੂੰ ਵਿਕਸਤ ਕਰਨ ਦੀ ਲੋੜ ਹੈ। ਇਸ ਇਲਾਕੇ ਵਿਚ ਹਰ ਪਾਸੇ ਅੰਗੂਰਾਂ ਅਤੇ ਕਿੰਨੂਆਂ ਦੇ ਬਗੀਚੇ ਹਨ। ਇਸੇ ਤਰ੍ਹਾਂ ਪੰਜਾਬ ਦੀ ਸਾਰੀ ਧਰਤੀ ਸਾਲ ਵਿਚ ਦਸ ਮਹੀਨੇ ਫ਼ਸਲਾਂ ਦੀ ਹਰੀ ਚਾਦਰ ਨਾਲ ਢਕੀ ਰਹਿੰਦੀ ਹੈ। ਪਿੰਡਾਂ ਵਿਚ ਸ਼ਾਨਦਾਰ ਕੋਠੀਆਂ ਹਨ। ਅਜਿਹੇ ਵਿਕਸਤ ਪਿੰਡ ਹੋਰ ਸੂਬਿਆਂ ਵਿਚ ਨਹੀਂ ਹਨ। ਇਸ ਨਜ਼ਾਰੇ ਨੂੰ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਵਿਵਸਥਾ ਅਜਿਹੀ ਹੋਵੇ ਕਿ ਹਵਾਏ ਅੱਡੇ ਤੋਂ ਹੀ ਸੈਲਾਨੀਆਂ ਦਾ ਸਵਾਗਤ ਕਰ ਕੇ ਸਾਰਾ ਪ੍ਰਬੰਧ ਸਬੰਧਤ ਅਦਾਰੇ ਵੱਲੋਂ ਕੀਤਾ ਜਾਵੇ। ਇਸ ਸਬੰਧੀ ਬੁਕਿੰਗ ਵਿਦੇਸ਼ਾਂ ਵਿਚ ਵੀ ਹੋ ਸਕਦੀ ਹੈ। ਸਿੰਗਾਪੁਰ, ਦੁਬਈ, ਮਲੇਸ਼ੀਆ ਆਦਿ ਦੇਸ਼ਾਂ ਵੱਲੋਂ ਅਜਿਹੀਆਂ ਸਹੂਲਤਾਂ ਸਾਰੇ ਸੰਸਾਰ ਵਿਚ ਹਨ। ਹਿਮਾਚਲ ਅਤੇ ਕਸ਼ਮੀਰ ਨੂੰ ਜਾਣ ਵਾਲੇ ਯਾਤਰੀ ਵੀ ਪੰਜਾਬ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣਨਾ ਚਾਹੁੰਣਗੇ। ਪੰਜਾਬੀ ਪ੍ਰਾਹੁਣਚਾਰੀ ਲਈ ਪ੍ਰਸਿੱਧ ਹਨ ਪਰ ਇੱਥੇ ਯਾਤਰੀਆਂ ਅਤੇ ਸੈਲਾਨੀਆਂ ਲਈ ਢੁੱਕਵਾਂ ਅਤੇ ਸੁਖਾਵਾਂ ਪ੍ਰਬੰਧ ਨਹੀਂ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਬਹੁਤ ਸਾਰੇ ਤਕਨੀਕੀ ਕਾਲਜ ਖੁੱਲ੍ਹ ਗਏ ਹਨ। ’ਵਰਸਿਟੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।

ਪੰਜਾਬੀ ਖੁੱਲ੍ਹੀ ਕਵਿਤਾ ਦੇ ਮੋਢੀ
ਪ੍ਰੋ. ਪੂਰਨ ਸਿੰਘ ਨੂੰ ਚੇਤੇ ਕਰਦਿਆਂ
ਜੇ ਇੱਥੇ ਮਿਆਰੀ ਵਿੱਦਿਆ ਪ੍ਰਦਾਨ ਕੀਤੀ ਜਾਵੇ, ਦੂਜੇ ਸੂਬਿਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਵਿੱਦਿਆ ਨੂੰ ਵੀ ਸਨਅਤ ਦੇ ਰੂਪ ਵਿਚ ਵਿਕਸਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਸਰਕਾਰੀ ਆਮਦਨ ਵੀ ਵਧ ਸਕਦੀ ਹੈ। ਇਹ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ’ਚੋਂ ਬਹੁਤੇ ਕਾਲਜ ਮਿਆਰੀ ਵਿੱਦਿਆ ਨਹੀਂ ਦੇ ਰਹੇ ਅਤੇ ਵਿਦਿਆਰਥੀਆਂ ਲਈ ਵੀ ਪੂਰੀਆਂ ਸਹੂਲਤਾਂ ਨਹੀਂ ਹਨ। ਜੇ ਇਹ ਆਪਣਾ ਮਿਆਰ ਉੱਚਾ ਕਰ ਲੈਣ ਤਾਂ ਇਸ ਸਬੰਧੀ ਦੂਜੇ ਸੂਬਿਆਂ ਤੇ ਵਿਦੇਸ਼ਾਂ ’ਚ ਪ੍ਰਚਾਰ ਕੀਤਾ ਜਾ ਸਕਦਾ ਹੈ। ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਅਪਣੱਤ ਦੀ ਘਾਟ ਰੜਕਦੀ ਹੈ ਜਿਸ ਕਰਕੇ ਉਹ ਉਦਰੇਵਾਂ ਮਹਿਸੂਸ ਕਰਦੇ ਹਨ। ਅਮਰੀਕਾ ਵਰਗੇ ਦੇਸ਼ ਵਿਚ ਵੀ ਬਾਹਰੋਂ ਆਏ ਵਿਦਿਆਰਥੀਆਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮੈਂ ਜਦੋਂ ਕੁਝ ਸਮੇਂ ਲਈ ਅਮਰੀਕਾ ਪੜ੍ਹਨ ਗਿਆ ਸਾਂ ਤਾਂ ਵਿਭਾਗ ਦਾ ਮੁਖੀ ਆਪ ਹਵਾਈ ਅੱਡੇ ’ਤੇ ਲੈਣ ਆਇਆ ਸੀ। ਉਸੇ ਨੇ ਮੇਰੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਯੂਨੀਵਰਸਿਟੀ ਵਿਚ ਜਾਣ-ਪਛਾਣ ਕਰਵਾਈ ਅਤੇ ਹਰੇਕ ਲੋੜ ਦਾ ਧਿਆਨ ਰੱਖਿਆ। ਜੇ ਅਸੀਂ ਵੀ ਅਜਿਹਾ ਕਰ ਸਕੀਏ ਤਾਂ ਇਹ ਸਨਅਤ ਦਾ ਰੂਪ ਧਾਰਨ ਕਰ ਸਕਦੀ ਹੈ।
ਅਸੀਂ ਵਿਦੇਸ਼ੀਆਂ ਦਾ ਸਵਾਗਤ ਕਰਨ ਦੀ ਥਾਂ ਉਨ੍ਹਾਂ ਨੂੰ ਖ਼ਰਾਬ-ਖੁਆਰ ਕਰਨ ਦਾ ਵਧੇਰੇ ਯਤਨ ਕੀਤਾ ਹੈ। ਪੰਜਾਬ ਵਿਚ ਕੁਝ ਵੱਡੇ ਅਤੇ ਵਧੀਆ ਹਸਪਤਾਲ ਹਨ। ਇਨ੍ਹਾਂ ਵਿਚ ਹਜ਼ਾਰਾਂ ਲੋਕ ਕੰਮ ਕਰ ਰਹੇ ਹਨ। ਜੇਕਰ ਇਸ ਗਿਣਤੀ ਵਿਚ ਵਾਧਾ ਕੀਤਾ ਜਾਵੇ, ਵਿਦੇਸ਼ੀਆਂ ਲਈ ਵੱਖਰੇ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਦੀ ਪੂਰੀ ਸੇਵਾ ਅਤੇ ਦੇਖ-ਭਾਲ ਕੀਤੀ ਜਾਵੇ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਇੱਥੇ ਇਲਾਜ ਕਰਵਾਉਣ ਆਉਣਗੇ।
ਪੰਜਾਬ ਦੇ ਪਿੰਡਾਂ ਵਿਚ ਖੇਤੀ ਉਪਜ ਆਧਾਰਿਤ ਛੋਟੇ ਕਾਰਖਾਨੇ ਸਥਾਪਤ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਖੇਤੀ ਉਪਜ, ਫ਼ਲ, ਸਬਜ਼ੀਆਂ, ਦੁੱਧ ਆਦਿ ਦਾ ਪਦਾਰਥੀਕਰਨ ਕੀਤਾ ਜਾ ਸਕਦਾ ਹੈ। ਹੁਣ ਅਜਿਹੀਆਂ ਇਕਾਈਆਂ ਬਹੁਤ ਘੱਟ ਹਨ। ਪੰਜਾਬ ਵਿਚ ਵਿਕਣ ਵਾਲਾ ਬਹੁਤ ਸਾਰਾ ਤਿਆਰ ਮਾਲ ਵੀ ਦੂਜੇ ਸੂਬਿਆਂ ਵਿੱਚੋਂ ਆਉਂਦਾ ਹੈ। ਪਿੰਡਾਂ ਵਿਚ ਸਥਾਪਤ ਅਜਿਹੀਆਂ ਇਕਾਈਆਂ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇਣਗੀਆਂ। ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਖੇਤੀ ਵਿਚ ਵਿਭਿੰਨਤਾ ਆਵੇਗੀ। ਨਵੀਆਂ ਸਨਅਤੀ ਇਕਾਈਆਂ ਸਥਾਪਤ ਕਰਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਕੇਵਲ ਉਨ੍ਹਾਂ ਇਕਾਈਆਂ ਨੂੰ ਹੀ ਮਨਜ਼ੂਰੀ ਮਿਲੇ ਜੋ ਵਾਤਾਵਰਨ ਤੇ ਪਾਣੀ ਨੂੰ ਪ੍ਰਦੂਸ਼ਿਤ ਨਾ ਕਰਦੀਆਂ ਹੋਣ। ਨਵੇਂ ਕਾਰਖਾਨੇ ਵੱਡੇ ਸ਼ਹਿਰਾਂ ਲਾਗੇ ਲਗਾਉਣ ਦੀ ਥਾਂ ਸੂਬੇ ਦੇ ਦੂਰ-ਦਰਾਡੇ ਦੇ ਇਲਾਕਿਆਂ ’ਚ ਲਗਾਏ ਜਾਣ ਜਿਵੇਂ ਮਾਨਸਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ’ਚ ਤਾਂ ਜੋ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਉਪਜਾਊ ਧਰਤੀ ਨੂੰ ਸਾਂਭਿਆ ਜਾ ਸਕੇ। ਲੁਧਿਆਣੇ ’ਚ ਸਭ ਤੋਂ ਵੱਧ ਕਾਰਖਾਨੇ ਹਨ ਪਰ ਇਨ੍ਹਾਂ ਨੇ ਸੌ ਤੋਂ ਵੱਧ ਪਿੰਡ ਖਾ ਲਏ ਹਨ। ਕਿਸਾਨ ਆਪਣੀ ਜ਼ਮੀਨ ਵੇਚ ਕੇ ਹੋਰ ਥਾਈਂ ਚਲੇ ਗਏ ਹਨ। ਇਨ੍ਹਾਂ ਪਿੰਡਾਂ ’ਚ ਦੂਜੇ ਸੂਬਿਆਂ ਤੋਂ ਆਏ ਕਾਮੇ ਰਹਿੰਦੇ ਹਨ ਤੇ ਉਹ ਹੀ ਫੈਕਟਰੀਆਂ ’ਚ ਕੰਮ ਕਰਦੇ ਹਨ। ਸੂਬੇ ਦੇ ਸਨਅਤੀ ਸਿਖਲਾਈ ਕੇਂਦਰਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇ ਤਾਂ ਜੋ ਪੰਜਾਬੀ ਬੱਚਿਆਂ ਨੂੰ ਹੁਨਰਮੰਦ ਬਣਾਇਆ ਜਾ ਸਕੇ।
ਹੁਣ ਸੂਬੇ ਵਿਚ ਹੁਨਰੀ ਕਾਮੇ ਵੀ ਦੂਜਿਆਂ ਸੂਬਿਆਂ ਤੋਂ ਹੀ ਆਏ ਹਨ। ਇਕ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਕੋਈ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਕੰਮ ਕਰਦੇ ਹਨ ਜਦਕਿ ਪੰਜਾਬੀ ਬੇਰੁਜ਼ਗਾਰੀ ਦਾ ਰੋਣਾ ਰੋਂਦੇ ਹਨ। ਜੇ ਸੋਚੀ-ਸਮਝੀ ਵਿਉਂਤਬੰਦੀ ਨਾਲ ਸਨਅਤੀ ਵਿਕਾਸ ਕੀਤਾ ਜਾਵੇ ਤਾਂ ਪੰਜਾਬ ਵਿੱਚੋਂ ਬੇਰੁਜ਼ਗਾਰੀ ਖ਼ਤਮ ਹੋ ਸਕਦੀ ਹੈ। ਕਦੇ ਬਾਦਲ ਸਰਕਾਰ ਨੇ ਫੋਕਲ ਪੁਆਇੰਟ ਸਥਾਪਤ ਕੀਤੇ ਸਨ ਪਰ ਮੁੜ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਇਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਸਨਅਤੀ ਵਿਕਾਸ ਲਈ ਲੋੜੀਂਦਾ ਮਾਹੌਲ ਵੀ ਸਿਰਜਣ ਦੀ ਲੋੜ ਹੈ। ਹੁਣ ਸਰਕਾਰੀ ਦਫ਼ਤਰਾਂ ਵਿਚ ਬਹੁਤ ਖ਼ੱਜਲ-ਖੁਆਰੀ ਹੁੰਦੀ ਹੈ। ਪਤਾ ਲੱਗਿਆ ਹੈ ਕਿ ਫੈਕਟਰੀਆਂ ਦੀ ਦੇਖ-ਰੇਖ ਲਈ 14 ਤੋਂ ਵੱਧ ਮਹਿਕਮੇ ਹਨ। ਹਰੇਕ ਇੰਸਪੈਕਟਰ ਨੇ ਮਹੀਨਾ ਬੰਨਿ੍ਹਆ ਹੋਇਆ ਹੈ। ਫੈਕਟਰੀ ਦਾ ਚਲਾਨ ਗ਼ਲਤ ਕੰਮ ਕਰਨ ਕਰ ਕੇ ਨਹੀਂ ਸਗੋਂ ਮਹੀਨਾ ਨਾ ਦੇਣ ਦੀ ਸੂਰਤ ਵਿਚ ਹੁੰਦਾ ਹੈ। ਨਵੀਂ ਸਰਕਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਯਤਨ ਕਰ ਰਹੀ ਹੈ। ਪੰਜਾਬ ਵਿਚ ਅਜਿਹਾ ਮਾਹੌਲ ਸਿਰਜਿਆ ਜਾਵੇ ਕਿ ਸਨਅਤੀ ਵਿਕਾਸ ਹੋ ਸਕੇ ਤਾਂ ਜੋ ਬੇਰੁਜ਼ਗਾਰੀ ਖ਼ਤਮ ਹੋ ਸਕੇ। ਪ੍ਰਚਾਰ ਉੱਤੇ ਲੋੜ ਤੋਂ ਵੱਧ ਪੈਸਾ ਖ਼ਰਚ ਕਰਨ ਦੀ ਲੋੜ ਨਹੀਂ ਪਵੇਗੀ। ਸਗੋਂ ਸਰਕਾਰ ਦਾ ਕੀਤਾ ਕੰਮ ਆਪਣੇ-ਆਪ ਬੋਲੇਗਾ।

-ਡਾ. ਰਣਜੀਤ ਸਿੰਘ

Comment here