ਨਵੀਂ ਦਿੱਲੀ-ਇੱਥੇ ਭਾਜਪਾ ਆਗੂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਵਾਰਕਾ ਦੇ ਰੁਝੇਵੇਂ ਵਾਲੇ ਇਲਾਕੇ ’ਚ ਮੁੱਖ ਮਾਰਗ ’ਤੇ ਸਥਿਤ ਇਕ ਭਾਜਪਾ ਆਗੂ ਦੇ ਦਫ਼ਤਰ ’ਚ 2 ਹਮਲਾਵਰਾਂ ਨੇ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 8 ਵਜੇ ਵਾਪਰੀ। ਹਮਲਾਵਰ ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਉਸ ਸਮੇਂ ਭਾਜਪਾ ਆਗੂ ਸੁਰਿੰਦਰ (60) ਆਪਣੇ ਦਫ਼ਤਰ ’ਚ ਬੈਠੇ ਸਨ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੁਝ ਸਮਝ ਲੱਗਦੀ ਆਪਣੇ ਨਾਲ ਪਿਸਤੌਲ ਲੈ ਕੇ ਆਏ ਹਮਲਾਵਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਨੂੰ 12 ਗੋਲੀਆਂ ਲੱਗੀਆਂ ਹਨ। ਗੋਲੀਆਂ ਦੀ ਆਵਾਜ਼ ਕਾਰਨ ਉੱਥੇ ਹਫੜਾ-ਦਫੜੀ ਮੱਚ ਗਈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਦੋਵੇਂ ਹਮਲਾਵਰ ਮੋਟਰਸਾਈਕਲ ’ਤੇ ਮੌਕੇ ਤੋਂ ਫਰਾਰ ਹੋ ਗਏ। ਸੁਰਿੰਦਰ ਦੇ ਸਾਥੀ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੁਰਿੰਦਰ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਸਨ ਅਤੇ ਪਿਛਲੀਆਂ ਨਿਗਮ ਚੋਣਾਂ ’ਚ ਭਾਜਪਾ ਦੀ ਟਿਕਟ ’ਤੇ ਚੋਣ ਵੀ ਲੜ ਚੁੱਕੇ ਸਨ। ਤੁਰੰਤ ਪੁਲਸ ਨੇ ਹੱਤਿਆ ਦੀ ਧਾਰਾ ’ਚ ਮਾਮਲਾ ਦਰਜ ਕਰ ਲਿਆ ਹੈ। ਕਾਤਲਾਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਦੇ ਆਲੇ-ਦੁਆਲੇ ਸੀ. ਸੀ. ਟੀ. ਵੀ. ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ।
ਦਿੱਲੀ ‘ਚ ਭਾਜਪਾ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

Comment here