ਇਸਲਾਮਾਬਾਦ-ਇਸਲਾਮਾਬਾਦ ਪੁਲਸ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੂੰ ਖਿੰਡਾਉਣ ਲਈ ਪੁਲਸ ਨੇ ਮੰਗਲਵਾਰ ਨੂੰ ਅੱਥਰੂ ਗੈਸ ਦੇ ਗੋਲ਼ੇ ਛੱਡੇ ਅਤੇ ਪਾਣੀ ਦੀਆਂ ਵਾਛੜਾਂ ਛੱਡੀਆਂ। ਖਾਨ ਦੇ ਸਮਰਥਕ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਇਸਲਾਮਾਬਾਦ ਪੁਲਸ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਤੋਸ਼ਾਖਾਨਾ ਮਾਮਲੇ ‘ਚ ਖਾਨ ਖ਼ਿਲਾਫ਼ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਇਕ ਦਿਨ ਬਾਅਦ ਪੁਲਸ ਉਸ ਦੇ ਘਰ ਪਹੁੰਚੀ। ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਇਕ ਬਖਤਰਬੰਦ ਗੱਡੀ ਦਾ ਪਿੱਛਾ ਕਰਦੇ ਹੋਏ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਵੱਲ ਵਧ ਰਹੀ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਸਮਰਥਕਾਂ ਨੂੰ ਜਲ ਤੋਪਾਂ ਦੀ ਵਰਤੋਂ ਕਰਕੇ ਖਿੰਡਾਇਆ ਜਾ ਰਿਹਾ ਹੈ।
ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਤੋਸ਼ਾਖਾਨਾ ਮਾਮਲੇ ਵਿੱਚ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਇੱਥੇ ਆਈ ਹੈ। ਖਾਨ (70) ‘ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫ਼ਿਆਂ ਨੂੰ ਤੋਸ਼ਾਖਾਨਾ ਤੋਂ ਮਹਿੰਗੇ ਭਾਅ ‘ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਦੋਸ਼ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਚੇਅਰਮੈਨ ਖਾਨ ਦੀ ਰਿਹਾਇਸ਼ ਵੱਲ ਮਾਰਚ ਕਰਦੇ ਸਮੇਂ ਪੁਲਸ ਅਤੇ ਪੀਟੀਆਈ ਵਰਕਰਾਂ ਵਿਚਕਾਰ ਝੜਪਾਂ ਹੋ ਗਈਆਂ। ਖਾਨ ਦੇ ਸਮਰਥਕਾਂ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਪੁਲਸ ਵਾਲਿਆਂ ‘ਤੇ ਪਥਰਾਅ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਇਸਲਾਮਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ (ਆਪ੍ਰੇਸ਼ਨ) ਸ਼ਹਿਜ਼ਾਦ ਬੁਖਾਰੀ, ਜੋ ਪੁਲਸ ਟੀਮ ਦੀ ਅਗਵਾਈ ਕਰ ਰਹੇ ਸਨ, ਪੱਥਰਬਾਜ਼ੀ ਵਿੱਚ ਜ਼ਖ਼ਮੀ ਹੋ ਗਏ। ਝੜਪਾਂ ਵਿੱਚ ਖਾਨ ਦੇ ਸਮਰਥਕ ਅਤੇ ਪੁਲਸ ਕਰਮਚਾਰੀ ਦੋਵੇਂ ਜ਼ਖ਼ਮੀ ਹੋ ਗਏ। ਇਕ ਵੀਡੀਓ ਸੰਦੇਸ਼ ਵਿੱਚ ਖਾਨ ਨੇ ਆਪਣੇ ਸਮਰਥਕਾਂ ਨੂੰ “ਅਸਲ ਆਜ਼ਾਦੀ” ਲਈ ਬਾਹਰ ਆਉਣ ਦੀ ਅਪੀਲ ਕੀਤੀ।
ਖਾਨ ਨੇ ਕਿਹਾ, ”ਉਹ (ਸਰਕਾਰ) ਸੋਚਦੇ ਹਨ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਸੌਂ ਜਾਵੇਗਾ। ਤੁਹਾਨੂੰ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਹੋਵੇਗਾ।” ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ”ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਅਤੇ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਾਂ ਮੈਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਸਾਬਤ ਕਰਨਾ ਹੋਵੇਗਾ ਕਿ ਤੁਸੀਂ ਇਮਰਾਨ ਖਾਨ ਤੋਂ ਬਿਨਾਂ ਵੀ ਲੜ ਸਕਦੇ ਹੋ ਅਤੇ ਇਨ੍ਹਾਂ ਚੋਰਾਂ ਅਤੇ ਦੇਸ਼ ਲਈ ਫੈਸਲੇ ਲੈਣ ਵਾਲੇ ਇਕ ਵਿਅਕਤੀ ਦੀ ਗੁਲਾਮੀ ਸਵੀਕਾਰ ਨਹੀਂ ਕਰੋਗੇ। ਇਸ ਤੋਂ ਪਹਿਲਾਂ ਦਿਨ ‘ਚ ਪੀਟੀਆਈ ਦੇ ਸੀਨੀਅਰ ਨੇਤਾ ਫਾਰੂਕ ਹਬੀਬ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਵੀ ਹੋ ਜਾਵੇ, ਇਮਰਾਨ ਖਾਨ ਫਰਜ਼ੀ ਮਾਮਲਿਆਂ ‘ਚ ਪੁਲਸ ਸਾਹਮਣੇ ਆਤਮ-ਸਮਰਪਣ ਨਹੀਂ ਕਰਨਗੇ।”
ਇਮਰਾਨ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਪੁਲਸ ਨਾਲ ਭਿੜੇ ਸਮਰਥਕ

Comment here