ਚੰਡੀਗੜ-ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਚੌਕੰਨਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਅਦਾਲਤ ਵਿਚ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਸ ਚਿੱਠੀ ਵਿਚ ਆਖਿਆ ਗਿਆ ਹੈ। ਭਰੋਸੇਯੋਗ ਇਨਪੁਟ ਅਨੁਸਾਰ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਅਦਾਲਤੀ ਕਾਰਵਾਈ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਜਾਨਲੇਵਾ ਹਮਲਾਨ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਵੀ ਆਖਿਆ ਹੈ ਕਿ ਸ਼ੂਟਰਾਂ ਵੱਲੋਂ ਵਕੀਲਾਂ ਜਾਂ ਅਦਾਲਤੀ ਸਟਾਫ ਦੇ ਭੇਸ ਵਿਚ ਇਸ ਹਮਲੇ ਨੂੰ ਅੰਜਾਮ ਦੇਣ ਦੀ ਸੰਭਾਵਨਾ ਹੈ। ਇਨਪੁਟ ਵਿਚ ਆਖਿਆ ਗਿਆ ਹੈ ਕਿ ਬਠਿੰਡਾ ਜੇਲ੍ਹ ਵਿਚ ਗੈਂਗਸਟਰ ਸਾਰਜ ਸਿੰਘ ਸੰਧੂ ’ਤੇ ਹਮਲੇ ਤੋਂ ਬਾਅਦ ਬੰਬੀਹਾ ਗੈਂਗ ਹੁਣ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ਵਿਚ ਹੈ।
ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਫੇਸਬੁੱਕ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਮਨਕੀਰਤ ਔਲਖ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਪੋਸਟ ’ਚ ਦਵਿੰਦਰ ਬੰਬੀਹਾ ਗਰੁੱਪ ਨੇ ਲਿਖਿਆ ਹੈ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਜੋ ਕਿਹਾ, ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਕਿ ਗੋਲਡੀ ਬਰਾੜ ਤੇ ਲਾਰੈਂਸ ਨਸ਼ਾ ਵੇਚਣ ਅਤੇ ਪੈਸੇ ਲੈ ਕੇ ਬੰਦਾ ਮਾਰਦੇ ਹਨ। ਪੋਸਟ ’ਚ ਅੱਗੇ ਲਿਖਿਆ ਹੈ, ‘‘ਤੁਸੀਂ ਸਭ ਨੇ ਨੋਟ ਕੀਤਾ ਹੋਵੇਗਾ, ਜਿਸ ਦਿਨ ਦਾ ਸਿੱਧੂ ਦਾ ਕਤਲ ਕਾਂਡ ’ਚ ਗਾਇਕਾਂ ਦਾ ਨਾਂ (ਜੋ ਕਿ ਗੁਪਤ ਰੱਖਿਆ ਹੈ ਅਜੇ ਤੱਕ) ਆਇਆ, ਉਸ ਦਿਨ ਦਾ ਗੋਲਡੀ ਬਰਾੜ ਦਾ ਸਾਰਾ ਝੂਠ ਸਾਹਮਣੇ ਆਇਆ ਹੈ ਤੇ ਇਨ੍ਹਾਂ ਵਲੋਂ ਕੋਈ ਪੱਖ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਇਨ੍ਹਾਂ ਨੂੰ ਪਤਾ ਕਿ ਇਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ, ਜਿਸ ਦੀ ਮੁਆਫ਼ੀ ਇਨ੍ਹਾਂ ਦੀ ਮੌਤ ਤੋਂ ਬਾਅਦ ਵੀ ਇਨ੍ਹਾਂ ਨੂੰ ਨਹੀਂ ਮਿਲਣੀ। ਅਸੀਂ ਵੀ ਇਹ ਸਾਫ ਕਰਦੇ ਹਾਂ ਕਿ ਸਿੱਧੂ ਦੇ ਕਾਤਲਾਂ ਤੋਂ ਬਦਲਾ ਜ਼ਰੂਰ ਲਵਾਂਗੇ, ਭਾਵੇਂ ਸਮਾਂ ਜਿੰਨਾ ਮਰਜ਼ੀ ਲੱਗ ਜਾਵੇ। ਜੋ ਵੀ ਬੰਦਾ ਜੱਗੂ, ਲਾਰੈਂਸ ਤੇ ਗੋਲਡੀ ਬਰਾੜ ਦਾ ਸਾਥ ਦੇਵੇਗਾ, ਉਸ ਨੂੰ ਵੀ ਗੱਡੀ ਜ਼ਰੂਰ ਚਾੜ੍ਹਾਂਗੇ।

Comment here