ਖਬਰਾਂਦੁਨੀਆਬਾਲ ਵਰੇਸ

ਵਨ ਸਟੈਪ ਗ੍ਰੀਨਰ ਪ੍ਰੋਜੈਕਟ ਚਲਾਉਣ ਵਾਲੇ ਭਰਾਵਾਂ ਨੂੰ ਸਨਮਾਨ

ਨਵੀਂ ਦਿੱਲੀ-ਦੇਸ਼ ਦੇ ਦੋ ਬੱਚਿਆਂ ਦੇ ਪ੍ਰਦੂਸ਼ਣ ਘਟਾਉਣ ਦੇ ਮਾਮਲੇ ਚ ਐਸੀ ਪ੍ਰਾਪਤੀ ਹਾਸਲ ਕੀਤੀ ਹੈ ਕਿ ਦੇਸ਼ ਦੀ ਰਾਜਧਾਨੀ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਦਿੱਲੀ ਦੇ ਦੋ ਭਰਾਵਾਂ ਵਿਹਾਨ ਅਤੇ ਨਵ ਅਗਰਵਾਲ ਨੂੰ ਆਪਣੇ ਘਰ ਵਿੱਚ ਰਹਿੰਦ-ਖੂੰਹਦ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਰੁੱਖ ਲਗਾਉਣ ਸਬੰਧੀ ਇੱਕ ਪ੍ਰਾਜੈਕਟ ਸ਼ੁਰੂ ਕਰਨ ਲਈ ‘ਇੰਟਰਨੈਸ਼ਨਲ ਚਿਲਡਰਨ ਪੀਸ ਐਵਾਰਡ’ ਦਿੱਤਾ ਗਿਆ ਹੈ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਭਾਰਤੀ ਕੈਲਾਸ਼ ਸੱਤਿਆਰਥੀ ਨੇ ਸ਼ਨੀਵਾਰ ਨੂੰ ਨੀਦਰਲੈਂਡ ਦੇ ਸ਼ਹਿਰ ਹੇਗ ਵਿੱਚ ਦੋਵਾਂ ਭਰਾਵਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ। ਇਸ ਪੁਰਸਕਾਰ ਦੇ ਤਹਿਤ ਦੋਵਾਂ ਭਰਾਵਾਂ ਨੂੰ ਸਿੱਖਿਆ ਅਤੇ ਦੇਖਭਾਲ ਲਈ ਗ੍ਰਾਂਟ ਅਤੇ ਇੱਕ ਲੱਖ ਯੂਰੋ ਯਾਨੀ ਕਰੀਬ 85 ਲੱਖ ਰੁਪਏ ਦਾ ਫੰਡ ਮਿਲੇਗਾ, ਜਿਸ ਵਿੱਚੋਂ ਅੱਧਾ ਹਿੱਸਾ ਉਨ੍ਹਾਂ ਦੇ ਪ੍ਰਾਜੈਕਟ ਵਿੱਚ ਜਾਵੇਗਾ। 17 ਸਾਲਾ ਵਿਹਾਨ ਅਤੇ 14 ਸਾਲ ਦੇ ਨਵ ਨੇ ਕਿਹਾ ਕਿ ਉਹ ਇਸ ਪੁਰਸਕਾਰ ਅਤੇ ਇਸ ਨਾਲ ਮਿਲੀ ਪਛਾਣ ਦੀ ਵਰਤੋਂ ਆਪਣੇ ਨੈੱਟਵਰਕ ਨੂੰ ਦੇਸ਼ ਭਰ ਵਿੱਚ ਅਤੇ ਇਸ ਤੋਂ ਬਾਹਰ ਫੈਲਾਉਣ ਲਈ ਕਰਨਗੇ। ਵਿਹਾਨ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਇੱਕ ਦਿਨ ਪਹਿਲਾਂ ਏਪੀ ਨੂੰ ਦੱਸਿਆ,”ਅਸੀਂ ਪੂਰੀ ਦੁਨੀਆ ਵਿੱਚ ਜ਼ੀਰੋ ਵੇਸਟ ਉਤਪਾਦਨ ਚਾਹੁੰਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਇਹ ਸੰਦੇਸ਼ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਹਰ ਸ਼ਹਿਰ, ਹਰ ਕਸਬੇ ਅਤੇ ਹਰ ਪਿੰਡ ਤੱਕ ਪਹੁੰਚਣਾ ਚਾਹੀਦਾ ਹੈ।” ਦੋਵਾਂ ਭਰਾਵਾਂ ਨੂੰ 2017 ਵਿੱਚ ਦਿੱਲੀ ਵਿੱਚ ਇੱਕ ਲੈਂਡਫਿਲ ਸਾਈਟ ਦੇ ਢਹਿ ਜਾਣ ਅਤੇ ਘਟਨਾ ਤੋਂ ਅਗਲੇ ਦਿਨ ਸ਼ਹਿਰ ਵਿੱਚ ਫੈਲੇ ਪ੍ਰਦੂਸ਼ਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਰੀਸਾਈਕਲ ਕਰਨ ਸੰਬੰਧੀ ਆਪਣੇ ‘ਵਨ ਸਟੈਪ ਗ੍ਰੀਨਰ’ ਪ੍ਰਾਜੈਕਟ ਦਾ ਵਿਚਾਰ ਆਇਆ। ਵਿਹਾਨ ਨੇ ਦੱਸਿਆ ਕਿ ਖਰਾਬ ਹਵਾ ਕਾਰਨ ਉਸ ਨੂੰ ਅਕਸਰ ਘਰ ਦੇ ਅੰਦਰ ਹੀ ਰਹਿਣਾ ਪੈਂਦਾ ਸੀ। ਉਸ ਦਾ One Step Greener ਪ੍ਰਾਜੈਕਟ ਹੁਣ 1500 ਤੋਂ ਵੱਧ ਘਰਾਂ, ਸਕੂਲਾਂ ਅਤੇ ਦਫ਼ਤਰਾਂ ਤੱਕ ਪਹੁੰਚ ਚੁੱਕਾ ਹੈ।ਇਸ ਦੇ ਹੋਰ ਪ੍ਰਸਾਰ ਲਈ ਉਹ ਯਤਨਸ਼ੀਲ ਹਨ।

Comment here