ਨਵੀਂ ਦਿੱਲੀ-ਭਾਰਤ ਵਿਚ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਲੈਕੇ ਚੋਣ ਅਖਾੜਾ ਭੱਖ ਚੁੱਕਾ ਹੈ। 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ ਸ਼ੁਰੂ ਹੋਈ। ਇਨ੍ਹਾਂ ਸੀਟਾਂ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਰਿਹਾ ਆਦਮਪੁਰ ਵੀ ਸ਼ਾਮਲ ਹੈ। ਜ਼ਿਮਨੀ ਚੋਣਾਂ ‘ਚ ਭਾਜਪਾ ਦੇ ਟਿਕਟ ‘ਤੇ ਚੋਣ ਲੜ ਰਹੇ ਭਜਨ ਲਾਲ ਦੇ ਪੋਤੇ ਭਵਯ ਬਿਸ਼ਨੋਈ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਨੀਲਮ ਦੇਵੀ ਪ੍ਰਮੁੱਖ ਉਮੀਦਵਾਰਾਂ ‘ਚ ਸ਼ਾਮਲ ਹੋ। ਨੀਲਮ ਦੇਵੀ ਦੇ ਪਤੀ ਅਨੰਤ ਸਿੰਘ ਨੂੰ ਅਯੋਗ ਠਹਿਰਾਉਣ ਤੋਂ ਬਾਅਦ ਬਿਹਾਰ ਦੇ ਮੋਕਾਮਾ ‘ਚ ਜ਼ਿਮਨੀ ਚੋਣ ਹੋਈ। ਜਿਨ੍ਹਾਂ ਹੋਰ ਸੀਟਾਂ ‘ਤੇ 3 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ, ਉਹ ਹਨ ਬਿਹਾਰ ਦੇ ਗੋਪਾਲਗੰਜ, ਮਹਾਰਾਸ਼ਟਰ ਦੇ ਅੰਧੇਰੀ (ਪੂਰਬੀ), ਤੇਲੰਗਾਨਾ ‘ਚ ਮੁਨੁਗੋਡੇ, ਉੱਤਰ ਪ੍ਰਦੇਸ਼ ‘ਚ ਗੋਲਾ ਗੋਕਰਨਨਾਥ ਅਤੇ ਓਡੀਸ਼ਾ ਦੀ ਧਾਮਨਗਰ ਸੀਟ ਸ਼ਾਮਲ ਹੈ। ਜਿਨ੍ਹਾਂ 7 ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ ਸਨ, ਉਨ੍ਹਾਂ ‘ਚੋਂ 3 ਭਾਜਪਾ ਕੋਲ ਸਨ, ਜਦਕਿ ਦੋ ਕਾਂਗਰਸ ਕੋਲ ਸਨ। ਇਸ ਦੇ ਨਾਲ ਹੀ ਸ਼ਿਵ ਸੈਨਾ ਅਤੇ ਆਰਜੇਡੀ ਕੋਲ ਇਕ-ਇਕ ਸੀਟ ਸੀ। ਬਿਹਾਰ ਜ਼ਿਮਨੀ ਚੋਣਾਂ ‘ਚ ਮੁੱਖ ਮੁਕਾਬਲਾ ਭਾਜਪਾ ਅਤੇ ਰਾਸ਼ਟਰੀ ਜਨਤਾ ਦਲ ਵਿਚਾਲੇ ਹੈ, ਜਦਕਿ ਹਰਿਆਣਾ ‘ਚ ਭਾਜਪਾ ਦਾ ਮੁਕਾਬਲਾ ਕਾਂਗਰਸ, ਇਨੈਲੋ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਹੈ। ਭਾਜਪਾ ਦਾ ਤੇਲੰਗਾਨਾ ‘ਚ ਮੁਕਾਬਲਾ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ), ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ (ਐੱਸਪੀ) ਅਤੇ ਓਡੀਸ਼ਾ ‘ਚ ਬੀਜੂ ਜਨਤਾ ਦਲ (ਬੀਜੇਡੀ) ਨਾਲ ਹੈ।
ਭਾਜਪਾ ਗੋਲਾ ਗੋਕਰਨਨਾਥ ਸੀਟ ਅਤੇ ਧਾਮਨਗਰ ਸੀਟ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਅਤੇ ਉਨ੍ਹਾਂ ਮੌਜੂਦਾ ਵਿਧਾਇਕਾਂ ਦੇ ਪੁੱਤਰਾਂ ਨੂੰ ਮੈਦਾਨ ‘ਚ ਉਤਾਰਿਆ ਹੈ, ਜਿਨ੍ਹਾਂ ਦੇ ਦਿਹਾਂ ਕਾਰਨ ਜ਼ਿਮਨੀ ਚੋਣ ਜ਼ਰੂਰੀ ਹੋਈ। ਗੋਲਾ ਗੋਕਰਨਨਾਥ ਸੀਟ 6 ਸਤੰਬਰ ਨੂੰ ਭਾਜਪਾ ਵਿਧਾਇਕ ਅਰਵਿੰਦ ਗਿਰੀ ਦੀ ਮੌਤ ਕਾਰਨ ਖ਼ਾਲੀ ਹੋਈ ਸੀ। ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਜ਼ਿਮਨੀ ਚੋਣ ਵਿਚ ਹਿੱਸਾ ਨਾ ਲੈਣ ਕਾਰਨ ਸਪਾ ਉਮੀਦਵਾਰ ਅਤੇ ਗੋਲਾ ਦੇ ਸਾਬਕਾ ਵਿਧਾਇਕ ਗੋਕਰਨਾਥ ਵਿਨੇ ਤਿਵਾੜੀ ਅਤੇ ਭਾਜਪਾ ਦੇ ਅਮਨ ਗਿਰੀ ਵਿਚਾਲੇ ਸਿੱਧਾ ਮੁਕਾਬਲਾ ਹੈ। ਧਾਮਨਗਰ ਸੀਟ ‘ਤੇ ਕੁੱਲ ਪੰਜ ਉਮੀਦਵਾਰਾਂ ‘ਚੋਂ ਬੀਜੂ ਜਨਤਾ ਦਲ (ਬੀਜੇਡੀ) ਦੀ ਅਬੰਤੀ ਦਾਸ ਇਕਲੌਤੀ ਮਹਿਲਾ ਉਮੀਦਵਾਰ ਹੈ। ਇਸ ਸੀਟ ‘ਤੇ ਜ਼ਿਮਨੀ ਚੋਣ ਭਾਜਪਾ ਵਿਧਾਇਕ ਬਿਸ਼ਨੂ ਚਰਨ ਸੇਠੀ ਦੀ ਮੌਤ ਕਾਰਨ ਹੋਈ ਸੀ। ਬੀਜੇਪੀ ਨੇ ਸੇਠੀ ਦੇ ਬੇਟੇ ਸੂਰਜਬੰਸ਼ੀ ਸੂਰਜ ਨੂੰ ਮੈਦਾਨ ‘ਚ ਉਤਾਰਿਆ ਹੈ। ਆਦਮਪੁਰ ਸੀਟ ‘ਤੇ 1968 ਤੋਂ ਭਜਨ ਲਾਲ ਪਰਿਵਾਰ ਦਾ ਕਬਜ਼ਾ ਹੈ। ਆਦਮਪੁਰ ਸੀਟ ਤੋਂ ਮਰਹੂਮ ਸਾਬਕਾ ਮੁੱਖ ਮੰਤਰੀ ਭਜਨ ਲਾਲ 9 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਪਤਨੀ ਜਸਮਾ ਦੇਵੀ ਇਕ ਵਾਰ ਅਤੇ ਉਨ੍ਹਾਂ ਦਾ ਪੁੱਤਰ ਕੁਲਦੀਪ ਚਾਰ ਵਾਰ ਵਿਧਾਇਕ ਰਹੇ ਹਨ। ਬੀਜੇਪੀ ਅਤੇ ਸੱਤਾਧਾਰੀ ਟੀਆਰਐੱਸ ਨੇ ਤੇਲੰਗਾਨਾ ਦੇ ਮੁਨੁਗੋਡੇ ਵਿਚ ਪ੍ਰਚਾਰ ਕੀਤਾ। ਕਾਂਗਰਸ ਵਿਧਾਇਕ ਨੇ ਇਸ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਹੁਣ ਉਹ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਭਜਨ ਲਾਲ ਦੇ ਛੋਟੇ ਬੇਟੇ ਕੁਲਦੀਪ ਬਿਸ਼ਨੋਈ ਦੇ ਕਾਂਗਰਸ ਤੋਂ ਅਸਤੀਫਾ ਦੇਣ ਅਤੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਆਦਮਪੁਰ ਸੀਟ ‘ਤੇ ਜ਼ਿਮਨੀ ਚੋਣ ਜ਼ਰੂਰੀ ਹੋਈ।
Comment here