ਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

 500 ਤੋਂ ਵੱਧ ਦਿਨ ਦੀ ਉਡੀਕ ਕਰਨੀ ਪਵੇਗੀ ਅਮਰੀਕੀ ਵੀਜ਼ਾ ਲਈ 

ਕੈਨੇਡਾ ਲਈ ਵੀ ਲੰਬੀ ਕਤਾਰ 

ਮੁਸ਼ਕਲ ਹੋਇਆ ਵਿਦੇਸ਼ ਜਾਣਾ 

ਜਲੰਧਰ-ਅਮਰੀਕਾ, ਕੈਨੇਡਾ ਜਾਂ ਹੋਰ ਕਿਸੇ ਦੇਸ਼ ਵਿਚ ਜਾਣ ਦੀ ਤਿਆਰੀ ਕਰ ਰਹੇ ਹੋ? ਤਾਂ ਇਹ ਜਾਣ ਲਓ ਕਿ ਤੁਹਾਡਾ ਇੰਤਜ਼ਾਰ ਤੁਹਾਡੀ ਉਮੀਦ ਤੋਂ ਕਿਤੇ ਵੱਧ ਹੋ ਸਕਦਾ ਹੈ।ਅਮਰੀਕਾ ਦੇ ਵੀਜ਼ਾ ਦੀ ਅਪਾਇੰਟਮੈਂਟ ਲਈ ਤੁਹਾਨੂੰ ਘੱਟੋ-ਘੱਟ 500 ਦਿਨ ਯਾਨੀ ਕਰੀਬ ਡੇਢ ਸਾਲ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਲਈ ਵੀ 24 ਲੱਖ ਦੇ ਕਰੀਬ ਅਰਜ਼ੀਆਂ ਇਕੱਠੀਆਂ ਹੋ ਗਈਆਂ ਹਨ।ਅਮਰੀਕਾ ਲਈ ਤੁਸੀਂ ਹੁਣ ਵੀਜ਼ਾ ਅਪਾਇੰਟਮੈਂਟ ਲਈ ਅਪਲਾਈ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡੀ ਵਾਰੀ ਸਾਲ 2024 ਦੇ ਮਾਰਚ-ਅਪ੍ਰੈਲ ਮਹੀਨੇ ਵਿਚ ਆਵੇ। ਅਮਰੀਕਾ ਦੀ ਸਰਕਾਰ ਦੀ travel.state.gov ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਦੇ ਅਨੁਸਾਰ ਜੇਕਰ ਤੁਸੀਂ ਦਿੱਲੀ ਤੋਂ ਵੀਜ਼ਾ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਵਿਜ਼ੀਟਰ ਵੀਜ਼ਾ ਲਈ 582 ਦਿਨ, ਸਟੂਡੈਂਟ ਵੀਜ਼ਾ ਲਈ 471 ਦਿਨ ਅਤੇ ਬਾਕੀ ਵੀਜ਼ਾ ਲਈ 198 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।ਜੇਕਰ ਤੁਸੀਂ ਮੁੰਬਈ ਤੋਂ ਵੀਜ਼ਾ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਵਿਜ਼ੀਟਰ ਵੀਜ਼ਾ ਲਈ 580 ਦਿਨ, ਸਟੂਡੈਂਟ ਵੀਜ਼ਾ ਲਈ 12 ਦਿਨ ਅਤੇ ਬਾਕੀ ਵੀਜ਼ਾ ਲਈ 100 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।ਹੈਦਰਾਬਾਦ ਤੋਂ ਵੀਜ਼ਾ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਵਿਜ਼ੀਟਰ ਵੀਜ਼ਾ ਲਈ 510 ਦਿਨ, ਸਟੂਡੈਂਟ ਵੀਜ਼ਾ ਲਈ 471 ਦਿਨ ਅਤੇ ਬਾਕੀ ਵੀਜ਼ਾ ਲਈ 197 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।

ਵਿਦਿਆਰਥੀਆਂ ਲਈ ਵਧੀ ਪਰੇਸ਼ਾਨੀ

ਅਮਰੀਕਾ ਜਾਣ ਦੇ ਚਾਹਵਾਨ ਹਰ ਸ਼ਖ਼ਸ ਲਈ ਇਹ ਵੱਡੀ ਦਿੱਕਤ ਸਾਬਤ ਹੋ ਰਹੀ ਹੈ ਪਰ ਵਿਦਿਆਰਥੀਆਂ ਲਈ ਪਰੇਸ਼ਾਨੀ ਦਾ ਸਬਬ ਹੋਰ ਵੀ ਜ਼ਿਆਦਾ ਹੋ ਗਿਆ ਹੈ।ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਲਈ ਦਾਖ਼ਲਾ ਲਿਆ ਹੋਇਆ ਹੈ। ਉਨ੍ਹਾਂ ਵਿਚੋਂ ਕਈਆਂ ਦੇ ਕੋਰਸ ਸ਼ੁਰੂ ਹੋ ਚੁੱਕੇ ਹਨ ਅਤੇ ਕਈਆਂ ਦੇ ਕੋਰਸ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਹਨ।ਵੀਜ਼ਾ ਅਪਾਇੰਟਮੇਂਟ ਦਾ ਨਾ ਮਿਲਣਾ ਉਨ੍ਹਾਂ ਲਈ ਵੱਡੀ ਮੁਸੀਬਤ ਸਾਬਤ ਹੋ ਰਿਹਾ ਹੈ।ਜਲੰਧਰ ਦੀ ਰਹਿਣ ਵਾਲੀ ਅਰਸ਼ਦੀਪ ਨੇ  ਦੱਸਿਆ ਕਿ ‘ਮੈਨੂੰ ਬੜੀ ਮਿਹਨਤ ਨਾਲ ਅਮਰੀਕਾ ਦੀ ਨਾਮਵਰ ਯੂਨੀਵਰਸਿਟੀ ਵਿਚ ਦਾਖ਼ਲਾ ਮਿਲਿਆ ਹੈ ਪਰ ਵੀਜ਼ਾ ਅਪਾਈਂਟਮੈਂਟ ਦੀ ਲੰਮੀ ਉਡੀਕ ਨੇ ਪਰੇਸ਼ਾਨੀ ਵਿਚ ਪਾ ਦਿੱਤਾ ਹੈ। ਅਗਲੇ ਮਹੀਨੇ ਤੋਂ ਮੇਰਾ ਕੋਰਸ ਸ਼ੁਰੂ ਹੋ ਜਾਵੇਗਾ। ਜਦੋਂ ਤੱਕ ਵੀਜ਼ਾ ਨਹੀਂ ਮਿਲ ਜਾਂਦਾ, ਉਦੋਂ ਤੱਕ ਪਰੇਸ਼ਾਨੀ ਬਰਕਰਾਰ ਰਹੇਗੀ।’ਇਸ ਤਰ੍ਹਾਂ ਲੁਧਿਆਣਾ ਦੇ ਇੱਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਵਿਆਹ ਲਈ ਉਨ੍ਹਾਂ ਨੇ ਅਮਰੀਕਾ ਜਾਣਾ ਹੈ ਪਰ ਵੀਜ਼ਾ ਨਾ ਮਿਲਣ ਦੀ ਦਿੱਕਤ ਨੇ ਉਨ੍ਹਾਂ ਨੂੰ ਸ਼ਸੋਪੰਜ ਵਿਚ ਪਾ ਦਿੱਤਾ ਹੈ।

ਕੈਨੇਡਾ ਜਾਣ ਵਾਲਿਆਂ ਲਈ ਵਧੀ ਜਦੋ-ਜਹਿਦ

ਕੈਨੇਡਾ ਦੀ ਸਰਕਾਰੀ ਵੈੱਬਸਾਈਟ ਦੇ ਮੁਤਾਬਕ, ਕੈਨੇਡਾ ਲਈ ਇਸ ਵੇਲੇ ਵਿਜ਼ੀਟਰ ਵੀਜ਼ਾ ਲਈ 158 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।ਐੱਨਡੀਟੀਵੀ ਦੀ ਇੱਕ ਖ਼ਬਰ ਦੇ ਮੁਤਾਬਕ, ਕੈਨੇਡਾ ਵਿਚ ਸਥਿਤੀ ਹੋਰ ਵੀ ਜ਼ਿਆਦਾ ਖ਼ਰਾਬ ਹੋ ਰਹੀ ਹੈ। ਕੈਨੇਡਾ ਦੇ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ 24 ਲੱਖ ਨੂੰ ਪਾਰ ਕਰ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਸਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਇਸ ਬੈਕਲੌਗ (ਅਰਜ਼ੀਆਂ ਦੇ ਇਕੱਠ) ਨੂੰ ਸਾਫ਼ ਕਰਨ ਲਈ ਸਟਾਫ਼ ਵਿਚ ਵਾਧਾ ਕਰ ਰਹੇ ਹਨ। ਅੰਮ੍ਰਿਤਸਰ ਦੇ ਸ਼ਾਨਤਨੁ ਨੇ ਦੱਸਿਆ ਕਿ ਉਨ੍ਹਾਂ ਨੇ ਓਟਵਾ ਦੇ ਐਲਗੋਨਕੁਈਨ ਕਾਲੇਜ ’ਚ ‘ਸਟ੍ਰੈਟੇਜਿਕ ਗਲੋਬਲ ਬਿਜ਼ਨੇਸ ਮੈਨੇਜਮੇਂਟ’ ਦੇ ਕੋਰਸ ਲਈ ਦਾਖ਼ਲਾ ਲਿਆ ਹੈ।ਵੀਜ਼ਾ ਅਪਲਾਈ ਕੀਤੇ ਸਾਢੇ ਚਾਰ ਮਹੀਨੇ ਹੋ ਗਏ ਹਨ। 7 ਸਤੰਬਰ 2022 ਤੋਂ ਕੋਰਸ ਸ਼ੁਰੂ ਹੋਣ ਵਾਲਾ ਹੈ ਪਰ ਹਾਲੇ ਤੱਕ ਵੀਜ਼ਾ ਨਹੀਂ ਮਿਲਿਆ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ-ਨਾਲ ਪਰਿਵਾਰ ਵੀ ਕਾਫ਼ੀ ਪਰੇਸ਼ਾਨ ਹੈ।ਇਸ ਤਰ੍ਹਾਂ ਹੀ ਕਪੁਰਥਲਾ ਦੇ ਮਨਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਿੰਸ ਜੌਰਜੀਆ ਦੇ ਸੀਐੱਨਸੀ ਕਾਲੇਜ ਵਿਚ ‘ਐਸੋਸਿਏਟ ਆਫ਼ ਸਾਈਂਸ’ ਕੋਰਸ ਲਈ ਦਾਖ਼ਲਾ ਲਿਆ ਹੈ ।ਉਨ੍ਹਾਂ ਦੱਸਿਆ ਕਿ ਕੋਰਸ ਦੀ ਸ਼ੁਰੂਆਤ 6 ਸਤੰਬਰ 2022 ਤੋਂ ਹੋ ਰਹੀ ਹੈ। ਉਨ੍ਹਾਂ ਨੇ 19 ਮਾਰਚ ਤੋਂ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਹੈ। ਪਰ ਕਰੀਬ 5 ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਟੱਡੀ ਵਿਚ ਪਹਿਲਾਂ ਹੀ ਕਰੀਬ ਇੱਕ ਸਾਲ ਦਾ ਗੈਪ ਹੈ। ਇਸ ਕਰਕੇ ਉਹ ਅਤੇ ਉਨ੍ਹਾਂ ਦੇ ਮਾਪੇ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ।

  ਯੂਕੇ ਲਈ ਵੀ ਵੀਜ਼ਾ ਦੀ ਲੰਮੀ ਕਤਾਰ     

  ਯੂਕੇ ਜਲਦੀ ਹੀ ਨਵੇਂ ਆਵੇਦਕਾਂ ਲਈ ਪਰੀਆਰਟੀ ਵੀਜਾ ਅਤੇ ਸੁਪਰ ਪਰੀਆਰਟੀ ਵੀਜਾ ਦੀ ਸੁਵਿਧਾ ਲੈ ਕੇ ਆਉਣ ਵਾਲਾ ਹੈ।ਇਹ ਸੁਵਿਧਾ ਸਟੂਡੇਂਟ ਵੀਜ਼ਾ ਅਤੇ ਸਪੌਂਸਰਡ ਵਰਕ ਵੀਜ਼ਾ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਨਾਲ ਤੁਹਾਡੀ ਵੀਜ਼ਾ ਫੀਸ ਵੱਧ ਜਾਵੇਗੀ ਪਰ ਤੁਹਾਨੂੰ ਵੀਜ਼ਾ ਜਲਦੀ ਮਿਲ ਸਕਦਾ ਹੈ।ਭਾਰਤ ਵਿਚ ਬ੍ਰਿਟਿਸ਼ ਹਾਈ ਕਮੀਸ਼ਨ ਦੇ ਟਵਿਟਰ ਹੈਂਡਲ ‘ਤੇ 12 ਅਗਸਤ ਨੂੰ ਇਸ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਲਿਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਅਰਜ਼ੀਆਂ ਮਿਲਣ ਦੀ ਸੰਭਾਵਨਾ ਹੈ, ਇਸ ਲਈ ਵੀਜ਼ਾ ਦੇ ਇੱਛੁਕ ਜਲਦੀ ਤੋਂ ਜਲਦੀ ਆਪਣਾ ਅਰਜ਼ੀ ਪੱਤਰ ਦਾਖ਼ਲ ਕਰ ਦੇਣ।ਭਾਰਤ ‘ਵਿਚ ਯੂਕੇ ਹਾਈ ਕਮਿਸ਼ਨਰ ਐਲਕਸ ਐਲੀਜ਼ ਨੇ ਯੂਕੇ ਵੀਜ਼ਾ ਲਈ ਹੋ ਰਹੀ ਲੰਮੀ ਦੇਰੀ ਲਈ ਇੱਕ ਵੀਡੀਓ ਮੈਸੇਜ ਰਾਹੀਂ ਮੁਆਫ਼ੀ ਵੀ ਮੰਗੀ।ਉਨ੍ਹਾਂ ਕਿਹਾ, “ਤੁਹਾਡੇ ਵਿਚੋਂ ਜ਼ਿਆਦਾਤਰ ਲੋਕਾਂ ਨੂੰ 15 ਦਿਨਾਂ ‘ਚ ਯੂਕੇ ਦਾ ਵੀਜ਼ਾ ਮਿਲ ਰਿਹਾ ਹੈ ਪਰ ਕੁਝ ਜਟਿਲ ਕੇਸਾਂ ਵਿੱਚ ਇਹ ਸਮਾਂ ਇਸ ਤੋਂ ਜ਼ਿਆਦਾ ਹੋ ਰਿਹਾ ਹੈ।”ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਤੁਹਾਡੇ ਹੱਥ ਵਿਚ ਵੀਜ਼ਾ ਨਹੀਂ ਆ ਜਾਂਦਾ, ਤੁਸੀਂ ਟਿਕਟ ਖਰੀਦਣ ਦੀ ਗਲਤੀ ਨਾ ਕਰੋ।ਉਨ੍ਹਾਂ ਅੱਗੇ ਕਿਹਾ, “ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਜ਼ਿਆਦਾ ਜੱਦੋ-ਜਹਿਦ ਨਾ ਕਰਨੀ ਪਵੇ ਅਤੇ ਉਨ੍ਹਾਂ ਨੂੰ ਵੀਜ਼ਾ ਸਮੇਂ ‘ਤੇ ਮਿਲ ਜਾਵੇ।” ਇਸ ਤਰ੍ਹਾਂ ਆਸਟ੍ਰੇਲੀਆ ’ਵਿਚ ਵੀ ਵੀਜ਼ਾ ਅਪਾਇੰਟਮੇਂਟ ਲਈ ਸਮਾਂ ਕਾਫ਼ੀ ਵੱਧ ਗਿਆ ਹੈ। ਪਹਿਲਾਂ ਜਿਥੇ 30 ਦਿਨਾਂ ਦੇ ਅੰਦਰ ਵੀਜ਼ਾ ਮਿਲ ਜਾਂਦਾ ਸੀ, ਹੁਣ 90 ਤੋਂ ਵੱਧ ਦਿਨ ਲੱਗ ਰਹੇ ਹਨ।

ਵੀਜ਼ਾ ਅਪਾਇੰਟਮੇਂਟ ਵਿਚ ਇਸ ਦੇਰੀ ਦਾ ਅਸਰ ਵੱਡੇ ਪੱਧਰ ’ਤੇ ਲੋਕਾਂ ਉੱਤੇ ਹੋ ਰਿਹਾ ਹੈ। ਇਹ ਕਈ ਲੋਕਾਂ ਦੇ ਕਰੀਅਰ ਤਬਾਹ ਹੋਣ ਵਾਲੀ ਗੱਲ ਹੈ। ਵਿਦਿਆਰਥੀਆਂ ਉੱਤੇ ਦਾ ਇਸ ਦਾ ਅਸਰ ਡੂੰਘਾ ਪੈ ਰਿਹਾ ਹੈ।ਕਈ ਅਜਿਹੇ ਕੋਰਸ ਹਨ ਜਿੰਨ੍ਹਾਂ ਦੀ ਮਿਆਦ ਸ਼ੁਰੂ ਹੋਣ ਵਾਲੀ ਹੈ ਪਰ ਵਿਦਿਆਰਥੀਆਂ ਨੂੰ ਵੀਜ਼ਾ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ।ਵੱਡੀ ਗਿਣਤੀ ’ਵਿਚ ਵਿਦਿਆਰਥੀ ਕਾਲੇਜ-ਯੂਨੀਵਰਸਿਟੀਆਂ ਦੀ ਫੀਸ ਭਰ ਚੁੱਕੇ ਹਨ ਪਰ ਹੁਣ ਉਨ੍ਹਾਂ ਨੂੰ ਵੀਜ਼ਾ ਹੀ ਨਹੀਂ ਮਿਲ ਰਿਹਾ। ਕਾਲੇਜ ਰਿਫੰਡ ਕਰਨ ਨੂੰ ਵੀ ਤਿਆਰ ਨਹੀਂ ਹਨ। ਇਸ ਦੇ ਲਈ ਉਨ੍ਹਾਂ ਨੂੰ ਹਾਈ ਕਮਿਸ਼ਨ ਦੀ ਚਿੱਠੀ ਚਾਹੀਦੀ ਹੈ ਪਰ ਹਾਈ ਕਮੀਸ਼ਨ  ਕੋਈ ਵੀ ਰਾਬਤਾ ਕਾਇਮ ਨਹੀਂ ਕਰ ਰਿਹਾ  ਯੂਐੱਸਏ ਅਤੇ ਕੈਨੇਡਾ ਲਈ ਪੰਜਾਬ ਵਿਚੋਂ ਵੱਡੀ ਗਿਣਤੀ ’ਚ ਲੋਕ ਜਾਣ ਦੀ ਉਡੀਕ ਕਰ ਰਹੇ ਹਨ। ਕਈ ਬੱਚਿਆਂ ਨੇ ਕੰਪੀਟੇਟੀਵ ਕੋਰਸ ਅਤੇ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ ਪਰ ਵੀਜ਼ਾ ਬਾਰੇ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਹਾਲੇ ਨਹੀਂ ਹੈ।

Comment here