ਅਪਰਾਧਸਿਆਸਤਖਬਰਾਂ

2015 ਤੋਂ ਹੁਣ ਤੱਕ ਪੰਜਾਬ ਚ ਸੌ ਤੋਂ ਵੱਧ ਬੇਅਦਬੀ ਦੇ ਮਾਮਲੇ ਵਾਪਰੇ

ਚੰਡੀਗੜ-ਪੰਜਾਬ ‘ਚ ਧਾਰਮਿਕ ਸਥਾਨਾਂ ਤੇ ਬੇਅਦਬੀ ਦੇ ਮਾਮਲੇ ਲਗਾਤਾਰ ਵਾਪਰ ਰਹੇ ਹਨ। ਬੀਤੇ 24 ਘੰਟੇ ਅੰਦਰ ਬੇਅਦਬੀ ਨਾਲ ਜੁੜੀਆਂ ਦੋ ਘਟਨਾਵਾਂ ‘ਚ ਮੁਲਜ਼ਮ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਨਾਲ ਸੂਬੇ ਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ। ਸ਼ਨਿਚਰਵਾਰ ਸ਼ਾਮ ਸ੍ਰੀ ਦਰਬਾਰ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਾਜ਼ਮਾਂ ਨੂੰ ਭੜਕੀ ਸੰਗਤ ਅਤੇ ਸੇਵਾਦਾਰਾਂ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਐਤਵਾਰ ਸਵੇਰੇ ਕਪੂਰਥਲਾ ਦੇ ਪਿੰਡ ਨਿਜਾਮਪੁਰ ‘ਚ ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਯਤਨ ਕਰਨ ਵਾਲੇ ਨੌਜਵਾਨ ਨੂੰ ਸੰਗਤ ਨੇ ਪੁਲਿਸ ਦੀ ਮੌਜੂਦਗੀ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ। ਇਨ੍ਹਾਂ ਦੋਵਾਂ ਘਟਨਾਂ ਨੇ ਸੂਬੇ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ‘ਚ ਬਰਗਾੜੀ ਬੇਅਦਬੀ ਮਾਮਲੇ ‘ਚ ਦੋਸ਼ੀਆਂ ਸਜ਼ਾ ਦੇਣ ਸਬੰਧੀ ਸਿਆਸੀ ਘਟਨਾਕ੍ਰਮ ਭਖਿਆ ਹੋਇਆ ਸੀ ਕਿ ਹੁਣ ਦੋ ਤਾਜ਼ਾ ਘਟਨਾਵਾਂ ਨਾਲ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਪੰਜਾਬ ‘ਚ ਪਿਛਲੇ ਕੁਝ ਪਿਛਲੇ ਸਾਲਾਂ ਦੌਰਾਨ 100 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ‘ਚੋਂ ਪਵਿੱਤਰ ਗ੍ਰੰਥ ਦੀ ਚੋਰੀ ਤੇ ਫਿਰ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਵਿੱਤਰ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਸਿਆਸਤ ਦੇ ਕੇਂਦਰ ‘ਚ ਰਹੇ ਹਨ। ਮਾਮਲਿਆਂ ਸਬੰਧੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਨ੍ਹਾਂ ਘਟਨਾਵਾਂ ਸਬੰਧੀ ਨਿਆਂ ‘ਚ ਦੇਰੀ ਨੂੰ ਲੈ ਕੇ ਸਿਆਸਤ ਤੇ ਦੂਸ਼ਣਬਾਜ਼ੀ ਦਾ ਦੌਰ ਚੱਲ ਹੀ ਰਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ‘ਚ ਹੋਈਆਂ ਘਟਨਾਵਾਂ ਨਾਲ ਪੂਰਾ ਸੂਬਾ ਹਿੱਲ ਗਿਆ ਹੈ। ਖ਼ੁਦ ਪੰਜਾਬ ਪੁਲਿਸ ਅਨੁਸਾਰ ਇਕ ਜੂਨ ਜੂਨ 2015 ਤੋਂ ਬਾਅਦ 100 ਤੋਂ ਜ਼ਿਆਦਾ ਬੇਅਦਬੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਲੰਘੇ15 ਅਕਤੂਬਰ ਨੂੰ ਨਿਹੰਗਾਂ ਨੇ ਬੇਅਦਬੀ ਦੇ ਦੋਸ਼ ‘ਚ ਦਿੱਲੀ-ਹਰਿਆਣਾ ਕੁੰਡਲੀ ਬਾਰਡਰ ‘ਤੇ ਲਖਬੀਰ ਸਿੰਘ ਨਾਂ ਦੇ ਵਿਅਕਤੀ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਤਲਵਾਰ ਨਾਲ ਵੱਢ ਦਿੱਤੇ। ਲਖਬੀਰ ਤਰਨਤਾਰਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ। 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਵਿਰੋਧ ‘ਚ ਬਰਗਾੜੀ ਵਿਖੇ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਪੁਲਿਸ ਨੇ ਫਾਇਰਿੰਗ ਕੀਤੀ ਸੀ, ਜਿਸ ਵਿੱਚ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸੇ ਦਿਨ ਕੋਟਕਪੂਰਾ ਦੇ ਬੱਤੀ ਵਾਲੇ ਚੌਕ ਵਿਖੇ ਧਰਨੇ ‘ਤੇ ਬੈਠੀ ਸਿੱਖ ਸੰਗਤ ‘ਤੇ ਪੁਲਿਸ ਦੀ ਕਾਰਵਾਈ ਦੌਰਾਨ ਕਈ ਲੋਕ ਜ਼ਖਮੀ ਹੋ ਗਏ।

ਸਾਲ 2017 ‘ਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਦੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 7 ਬੀੜ ਅੰਸ਼ਕ ਤੌਰ ‘ਤੇ ਸੜੀਆਂ ਹੋਈਆਂ ਮਿਲੀਆਂ ਸਨ। ਬਾਅਦ ਵਿੱਚ ਦਾਅਵਾ ਕੀਤਾ ਗਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਅਜਿਹਾ ਹੋਇਆ ਹੈ।ਇਸੇ ਸਾਲ ਦੇ ਅੰਤ ‘ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਵਿੱਚ ਪਿੰਡ ਦੇ ਨਾਲੇ ਵਿੱਚ ਕੁਝ ਫਟੇ ਹੋਏ ਪੰਨੇ ਮਿਲੇ ਸਨ। ਉਨ੍ਹਾਂ ਉੱਪਰ ਗੁਰਬਾਣੀ ਦੀਆਂ ਕੁਝ ਤੁਕਾਂ ਲਿਖੀਆਂ ਹੋਈਆਂ ਸਨ। ਸਾਲ 2018 ‘ਚ ਮੋਗਾ ਜ਼ਿਲ੍ਹੇ ਦੇ ਪਿੰਡ ਮੋਠਵਾਲੀ ਦੇ ਗੁਰਦੁਆਰੇ ਨੇੜੇ ਸ੍ਰੀ ਗੁਟਕਾ ਸਾਹਿਬ ਦੇ ਕੁਝ ਪੰਨੇ ਪਾਟੇ ਹੋਏ ਮਿਲੇ ਸਨ।

Comment here