ਮਨੁੱਖ ਨੂੰ ਵੱਧਣ ਫੁੱਲਣ, ਖੁਸ਼ਹਾਲ ਰਹਿਣ ਲਈ ਜਿੰਨੀਂ ਸਾਹ,ਖਾਣੇ ਪਾਣੀ, ਦੀ ਜਰੂਰਤ ਹੈ ਉਨੀਂ ਹੀ ਮਾਨਸਿਕ ਸਿਹਤ ਲਈ ਅਪਣੱਤ, ਪਿਆਰ, ਮੋਹ ਦੀਆਂ ਤੰਦਾਂ ਦੀ ਵੀ ਲੋੜ ਰਹਿੰਦੀ ਹੈ। ਭਾਵਨਾਵਾਂ ਦੇ ਵਹਾਅ ਨੂੰ ਚੱਲਦਾ ਰੱਖਣ ਲਈ ਆਪਣਿਆਂ ਲਈ ਥੋੜਾ ਜਿਹਾ ਪਿਆਰ, ਸਤਿਕਾਰ, ਪਰਵਾਹ, ਫਿਕਰ ਵੀ ਜਰੂਰੀ ਹੈ। ਇਹ ਸਾਰੀਆਂ ਭਾਵਨਾਵਾਂ ਹੱਸੇ ਠੱਠੇ, ਰੁੱਸਣਾ ਮਨਾਉਣਾ ਮਨੱਖੀ ਜੀਵਨ ਵਿੱਚ ਤਾਜ਼ਗੀ ਬਣਾਈ ਰੱਖਣ ਲਈ ਬਹੁਤ ਜਰੂਰੀ ਹਨ। ਪਿਆਰ, ਸਨੇਹ ਦੀ ਗੱਲਾਂ ਜਿੱਥੇ ਸਹਿਮੇ ਹੋਏ ਦਿਲਾਂ ਨੂੰ ਧਰਵਾਸ ਦੇ ਫਿਰ ਤੋਂ ਧੜਕਣਾਂ ਲਾ ਦਿੰਦੀਆਂ ਉੱਥੇ ਜਿੰਦਗੀ ਤੋਂ ਮੂੰਹ ਫੇਰੀ ਬੈਠਿਆ ਨੂੰ ਦੁਬਾਰਾ ਜੀਣ ਲਈ ਉਕਸਾਉਂਦੀਆਂ ਹਨ।
ਅਸੀਂ ਤਰੱਕੀ ਦੇ ਰਾਹ ਤੇ ਤੁਰ ਰਹੇ ਹਾਂ, ਇਸਦੇ ਚੱਲਦਿਆਂ ਸਾਡਾ ਜੀਵਨ ਜਿਉਣ ਦੇ ਢੰਗ ਬਦਲ ਰਹੇ ਹਨ, ਸਾਡੀਆਂ ਕਦਰਾਂ ਕੀਮਤਾਂ ਬਦਲ ਰਹੀਆਂ ਹਨ ਅਤੇ ਸਾਡੀਆਂ ਤਰਜੀਹਾਂ ਬਦਲ ਰਹੀਆਂ ਹਨ। ਤਿਉਹਾਰਾਂ ਨੂੰ ਮਨਾਉਣ ਦੇ ਤਰੀਕੇ ਬਦਲ ਰਹੇ ਹਨ, ਬੱਚਿਆਂ ਦੀਆਂ ਖੇਡਾਂ ਬਦਲ ਰਹੀਆਂ ਹਨ, ਸਭ ਤੋਂ ਵੱਡੀ ਗੱਲ ਇਨਸਾਨੀ ਸੁਭਾਅ ਬਦਲ ਰਹੇ ਹਨ। ਅੱਜ ਮਨੁੱਖ ਆਪਣੀ ਤਰੱਕੀ, ਪੈਸੇ ਨੂੰ ਤਰਜੀਹ ਦੇ ਰਿਹਾ ਹੈ, ਇਸ ਦੌੜ ਵਿੱਚ ਉਹ ਪਿੱਛੇ ਕੀ ਕੁਝ ਛੱਡੀ ਜਾ ਰਿਹਾ ਹੈ, ਉਸਦਾ ਅਹਿਸਾਸ ਉਸਨੂੰ ਸਮਾਂ ਲੰਘੇ ਤੋਂ ਹੋ ਰਿਹਾ ਹੈ ਤੇ ਕੁਝ ਨੂੰ ਹੋਵੇਗਾ।
ਯੂਨੀਸੈੱਫ ਦੇ ਇੱਕ ਸਰਵੇਖਣ ਦੇ ਅਨੁਸਾਰ ਆਉਣ ਵਾਲਾ ਸਮਾਂ ਬੱਚਿਆਂ ਦੀ ਮਾਨਸਿਕ ਸਿਹਤ ਲਈ ਬਹੁਤ ਚਨੌਤੀਆਂ ਭਰਭੂਰ ਹੋਵੇਗਾ, ਇਸ ਸਰਵੇਖਣ ਦੀ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਨਬਾਲਗ ਅਤੇ ਬਾਲਗ ਬੱਚੇ ਇਕੱਲਤਾ ਦੇ ਸ਼ਿਕਾਰ ਹੋ ਮਾਨਸਿਕ ਬਿਮਾਰੀਆਂ ਨਾਲ ਜੂਝਣਗੇ ਜਿਸ ਦਾ ਸਭ ਦਾ ਸਭ ਤੋਂ ਵੱਡਾ ਕਾਰਣ ਪਰਿਵਾਰ ਵਿੱਚ ਸੰਚਾਰ ਪਾੜਾ ਹੋਵੇਗਾ। ਜੋ ਇਸ ਸਰਵੇਖਣ ਵਿੱਚ ਸੰਕੇਤ ਦਿੱਤੇ ਗਏ ਹਨ, ਉਸਦੇ ਚਿੰਨ ਸਾਨੂੰ ਨਜ਼ਰ ਆ ਰਹੇ ਹਨ। ਅੱਜ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਬੇਰੁਖੀ, ਅਨੁਸ਼ਾਸਣਹੀਣਤਾ, ਖਾਣਾ ਨਾ ਖਾਣ, ਮੋਬਾਇਲ ਜਿਆਦਾ ਵਰਤਣ, ਆਦਿ ਆਦਤਾਂ ਤੋਂ ਪਰੇਸ਼ਾਨ ਨਜ਼ਰ ਆਉਂਦੇ ਹਨ। ਬਹੁਤ ਸਾਰੇ ਬੱਚੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹਨ, ਕਈ ਵਾਰ ਇਹ ਬਿਮਾਰੀਆਂ ਆਪਣੀ ਆਖਰੀ ਹੱਦ ਤੱਕ ਪਹੁੰਚ ਜਾਂਦੀਆਂ ਹਨ ਅਤੇ ਆਤਮਹੱਤਿਆ ਦੇ ਰੂਪ ਵਿੱਚ ਜਵਾਨ ਬੱਚੇ ਬੱਚੀਆਂ ਦੇ ਜੀਵਨ ਨੂੰ ਖਾ ਜਾਂਦੀਆਂ ਹਨ।
ਇਹਨਾਂ ਸਭ ਹਲਾਤਾਂ ਦਾ ਮੁੱਖ ਕਾਰਨ ਬੱਚਿਆਂ ਨੂੰ ਅਪਣੱਤ ਦੀ ਪਈ ਘਾਟ ਹੈ। ਭਾਵੇਂ ਮਾਪੇ ਆਪਣੇ ਅਤੇ ਆਪਣੇ ਬੱਚੇ ਦੇ ਸੁਖਦ ਤੇ ਐਸ਼ੋ ਆਰਾਮ ਲਈ ਦਿਨ ਰਾਤ ਮਿਹਨਤ ਕਰਦੇ ਹੋਣ, ਪਰ ਇਸ ਸਭ ਦੇ ਚੱਲਦਿਆਂ ਬੱਚਿਆਂ ਦੀਆਂ ਭਾਵਨਾਤਮਕ ਲੋੜਾਂ ਨੂੰ ਅੱਖੋਂ ਪਰੋਖਿਆਂ ਕਰ ਦਿੰਦੇ ਹਨ। ਮਾਪੇ ਸਵੇਰ ਤੋਂ ਦਫਤਰਾਂ ਵਿੱਚ ਬੱਚੇ ਸਕੂਲ ਵਿੱਚ, ਸ਼ਾਮ ਨੂੰ ਖਾਣਾ ਖਾ ਸਾਰੇ ਆਪੋ ਆਪਣਿਆਂ ਕਮਰਿਆਂ ਵਿੱਚ! ਅੱਜ ਬਹੁਤਾਤ ਜਿੰਦਗੀਆਂ ਇਸੇ ਰੂਟੀਨ ਦੇ ਅਨੁਸਾਰ ਚੱਲ ਰਹੀਆਂ ਹਨ।
ਪਰਿਵਾਰਾਂ ਦਾ ਆਪਸ ਵਿੱਚ ਬੈਠ ਗੱਲਾਂ ਕਰਨੀਆਂ, ਹਾਸੇ ਠੱਠੇ, ਰਿਸ਼ਤੇਦਾਰਾਂ ਦਾ ਇਕੱਠੇ ਹੋਣਾ, ਇੱਕ ਦੂਸਰਿਆਂ ਦੀਆਂ ਮੁਸ਼ਕਿਲਾਂ ਨੂੰ ਸੁਣਨਾ, ਸਮਝਣਾ, ਆਦਿ ਸਭ ਪਿੱਛੇ ਛੁੱਟਦਾ ਜਾ ਰਿਹਾ ਹੈ। ਇਸ ਸਭ ਵਿੱਚ ਬੱਚੇ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਬੱਚਿਆਂ ਨੂੰ ਮਾਪਿਆਂ ਦੇ ਸਮੇਂ ਅਤੇ ਸਾਥ ਦੀ ਬਹੁਤ ਜਰੂਰਤ ਹੁੰਦੀ ਹੈ। ਜੇਕਰ ਮਾਪੇ ਆਪਣੇ ਬੱਚੇ ਨੂੰ ਸਮਾਂ ਨਹੀਂ ਦੇ ਰਹੇ ਤਾਂ ਮਾਪਿਆਂ ਕੋਲ ਬੱਚੇ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਰੱਖਣ ਅਤੇ ਉਸਦੇ ਗਲਤ ਵਿਵਹਾਰ ਦੀ ਚਿੰਤਾਂ ਜਾਹਿਰ ਕਰਨ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਬੱਚੇ ਨੂੰ ਪੂਰਾ ਸਮਾਂ ਦੇਣਾ, ਉਸਦੀਆਂ ਆਰਥਿਕ ਅਤੇ ਭਾਵਨਾਤਮਿਕ ਜਰੂਰਤਾਂ ਦਾ ਧਿਆਨ ਰੱਖਣਾ, ਉਸਦੀਆਂ ਮੁਸ਼ਕਿਲਾਂ ਨੂੰ ਸੁਣਨਾ ਤੇ ਹੱਲ ਕਰਨਾ, ਮਾਪਿਆਂ ਦੀ ਪਹਿਲੀ ਜਿੰਮੇਵਾਰੀ ਹੈ। ਜਿਸ ਤੇਜ਼ ਰਫ਼ਤਾਰ ਨਾਲ ਮਾਨਸਿਕ ਬਿਮਾਰੀਆਂ ਵੱਧ ਰਹੀਆਂ ਹਨ, ਅਜਿਹੇ ਵਿੱਚ ਮੈਨੂੰ ਲੱਗਦਾ ਹੈ ਕਿ ਚਾਰ ਪੈਸੇ ਘੱਟ ਨਾਲ ਤਾਂ ਗੁਜ਼ਾਰਾ ਹੋ ਸਕਦਾ ਪਰੰਤੂ ਜਿਸ ਪੀੜਾ ਵਿੱਚ ਬੱਚੇ ਨਿਕਲਦੇ ਹਨ, ਉਹ ਬਹੁਤ ਭਿਆਨਕ ਹੈ। ਬੱਚਿਆਂ ਦਾ ਜਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੀਵਨ ਤੋਂ ਮਨ ਚੁੱਕਿਆ ਜਾਂਦਾ ਹੈ, ਉਦਾਸ, ਚਿੰਤਾਤੁਰ , ਮੁਰਝਾਏ ਚਿਹਰਿਆਂ ਤੋਂ ਰੌਣਕਾਂ ਉੱਡੀਆਂ ਰਹਿੰਦੀਆਂ ਹਨ। ਇਸਦਾ ਇੱਕ ਹੋਰ ਕਾਰਣ ਵੀ ਹੈ, ਜਿਸ ਵਿੱਚ ਮਾਪੇ ਬੱਚਿਆਂ ਤੋਂ ਬਹੁਤ ਜਿਆਦਾ ਇਛਾਵਾਂ ਰੱਖ ਲੈਂਦੇ ਹਨ, ਪਰ ਉਹਨਾਂ ਨੂੰ ਪੂਰਿਆਂ ਕਰਨ ਲਈ ਉਹਨਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਬਸ ਨਤੀਜੇ ਮੰਗੇ ਜਾਂਦੇ ਹਨ। ਇਸ ਨਾਲ ਬੱਚਿਆਂ ਤੇ ਮਾਨਸਿਕ ਬੋਝ ਵੱਧਦਾ ਹੈ, ਅਤੇ ਬੱਚੇ ਉਦਾਸ, ਚਿੜਚਿੜੇ ਅਤੇ ਨਾਖੁਸ਼ ਰਹਿਣ ਲੱਗਦੇ ਹਨ।
ਮਾਪਿਆਂ ਨੂੰ ਇਹ ਜਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਬੱਚੇ ਸਿਰਫ਼ ਉਹਨਾਂ ਦੇ ਪਰਿਵਾਰ ਦਾ ਹੀ ਹਿੱਸਾ ਨਹੀਂ ਬਲਕਿ ਸਮਾਜ ਦਾ ਵੀ ਹਿੱਸਾ ਹਨ। ਅਜਿਹੇ ਬੱਚੇ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਗੇ ਉਹ ਭਵਿੱਖ ਵਿੱਚ ਇੱਕ ਚੰਗੇ ਸਮਾਜ ਦਾ ਨਿਰਮਾਣ ਕਿਵੇਂ ਕਰਨਗੇ? ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਚੰਗੇ ਬੱਚਿਆਂ ਦਾ ਹੋਣਾ ਬਹੁਤ ਜਰੂਰੀ ਹੈ, ਤਾਂ ਜੋ ਭਵਿੱਖ ਵਿੱਚ ਉਹ ਸਮਾਜ ਦੀ ਬਿਹਤਰੀ ਲਈ ਸੋਚ ਸਕਣ। ਬੱਚਿਆਂ ਨੂੰ ਪੈਦਾ ਕਰਨ ਤੋਂ ਬਾਅਦ ਉਹਨਾਂ ਦੀ ਹਰ ਆਰਥਿਕ ਅਤੇ ਭਾਵਨਾਤਮਕ ਲੋੜ ਦਾ ਧਿਆਨ ਰੱਖਿਆ ਜਾਵੇ, ਉਹਨਾਂ ਦੇ ਦਿਲ ਨੂੰ ਫਰੋਲਿਆ ਜਾਵੇ, ਇਹਨਾਂ ਮੁਰਝਾਏ ਚਿਹਰਿਆਂ ਦੀ ਰੰਗਤ ਵਾਪਿਸ ਲਿਆਉਣ ਦਾ ਆਸਾਨ ਤਰੀਕਾ ਇਹੀ ਹੈ ਕਿ ਸਮਾਂ ਰਹਿੰਦਿਆਂ ਬੱਚਿਆਂ ਨੂੰ ਅਪਣੱਤਾ ਨਾਲ ਪਾਲਿਆ ਜਾਵੇ, ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ, ਚੰਗੇ ਮਾੜੇ ਦੀ ਪਰਖ ਕਰਨੀ ਸਿਖਾਈ ਜਾਵੇ ਤੇ ਹਰ ਕਦਮ ਤੇ ਉਹਨਾਂ ਦਾ ਸੁਰੱਖਿਆ ਕਵਚ ਬਣ ਨਾਲ ਖੜਿਆ ਜਾਵੇ। ਇਸ ਲਈ ਮਾਪਿਆਂ ਦਾ ਬੱਚਿਆਂ ਨਾਲ ਸਮਾਂ ਬਿਤਾਉਣਾ ਬਹੁਤ ਜਰੂਰੀ ਹੈ, ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕੇ।
Comment here