ਸਾਹਿਤਕ ਸੱਥ

ਹੱਸਦਿਆਂ ਦੇ ਘਰ ਵਸਦੇ

ਅੰਗਰੇਜ਼ੀ ਦਾ ਅਖਾਣ ਹੈ ਕਿ ਜਦ ਤੁਸੀਂ ਹੱਸਦੇ ਹੋ ਤਾਂ ਤੁਹਾਡੇ ਨਾਲ ਜਗ ਹੱਸਦਾ ਹੈ ਪਰ ਜਦ ਤੁਸੀਂ ਰੋਂਦੇ ਹੋ ਤਾਂ ਤੁਸੀਂ ਇਕੱਲੇ ਹੀ ਰੋਂਦੇ ਹੋ। ਭਾਵ ਖੁਸ਼ੀ ਦੇ ਸਾਥੀ ਸਭ ਤੇ ਗ਼ਮੀ ਦਾ ਕੋਈ ਨਹੀਂ।
ਹੱਸਣਾ-ਰੋਣਾ ਮਾਨਵੀ ਭਾਵਨਾਵਾਂ ਹਨ। ਦੁੱਖ/ਗ਼ਮ ਵੇਲੇ ਅੱਥਰੂ ਟਪਕ ਪੈਂਦੇ ਹਨ ਤੇ ਸੁੱਖ/ਖ਼ੁਸ਼ੀ ਵੇਲੇ ਹਾਸੇ ਫੁੱਟ ਪੈਂਦੇ ਹਨ। ਪਰ ਇੱਥੇ ਆਪਾਂ ਹਾਸੇ ਦੀ ਗੱਲ ਹੀ ਕਰਾਂਗੇ (ਰੋਣੇਂ ਤਾਂ ਜ਼ਿੰਦਗੀ ’ਚ ਉਂਜ ਹੀ ਬਥੇਰੇ ਐ, ਫਿਰ ਭਲਾ ਇਨ੍ਹਾਂ ਦੀ ਗੱਲ ਕੀ ਕਰਨੀ)।
ਕਹਿੰਦੇ ਹਨ ’ਹੱਸਦਿਆਂ ਦੇ ਘਰ ਵਸਦੇ।’ ਪਰ ਇਹ ਵੀ ਕਹਿੰਦੇ ਹਨ ਕਿ ’ਕਲਾ ਕਲੰਦਰ ਵੱਸੇ ਤਾਂ ਘੜਿਉਂ ਪਾਣੀ ਨੱਸੇ’ । ਰੋਂਦੇ ਦਾ ਖ਼ਾਨਾ ਖ਼ਰਾਬ। ਜਿੱਥੇ ਕਲੇਸ਼ ਹੈ, ਉੱਥੇ ਬਦਹਾਲੀ ਹੈ, ਜਿੱਥੇ ਖੇੜਾ ਹੈ, ਉੱਥੇ ਖ਼ੁਸ਼ਹਾਲੀ। ਪ੍ਰਸਿੱਧ ਫਰਾਂਸੀਸੀ ਲੇਖਕ ਵਿਕਟਰ ਹਿਊਗੋ ਅਨੁਸਾਰ ਹਾਸਾ ਉਹ ਸੂਰਜ ਹੈ ਜੋ ਮਾਨਵੀ ਚਿਹਰੇ ਤੋਂ ਸਰਦੀ ਭਜਾ ਮਾਰਦੈ।
ਹਾਸਾ ਉਹ ਜਿਹੜਾ ਧੁਰ ਅੰਦਰੋਂ ਫੁੱਟੇ, ਜਿਵੇਂ ਪਹਾੜ ’ਚੋਂ ਕੋਈ ਝਰਨਾ ਫੁੱਟਦਾ ਹੈ। ਐਂਵੇਂ ਹਿੜ-ਹਿੜ ਕਰੀ ਜਾਣਾ ਜਾਂ ਦੰਦੀਆਂ ਕੱਢੀ ਜਾਣਾ ਬਚਕਾਨਾ ਹਰਕਤ ਐ।
ਕੁਝ ਲੋਕ ਇੰਜ ਹੱਸਦੇ ਹਨ ਜਿਵੇਂ ਗੜਿਆਂ-ਭਰੇ ਬੱਦਲ ਗਰਜ਼ ਰਹੇ ਹੋਣ, ਕੋਈ ਵਿਸਫੋਟ ਹੋ ਰਿਹਾ ਹੋਵੇ। ਕੁਝ ਏਦਾਂ ਹੱਸਣਗੇ ਜਿਵੇਂ ਡੱਡੂ ਵੱਖੀਆਂ ਫੁਲਾ ਕੇ ਗੜੈਂ ਗੜੈਂ ਕਰ ਰਹੇ ਹੋਣ। ਬੱਸ ਨਾਸਾਂ ਫੁਲਾ, ਮੂੰਹ ਬੰਦ ਰੱਖ ਢਿੱਡ ਹਿਲਾਈ ਜਾਣਗੇ। ਕਈ ਪੱਟਾਂ ’ਤੇ ਵਾਰ-ਵਾਰ ਹੱਥ ਮਾਰ ਕੇ ਇਸ ਤਰ੍ਹਾਂ ਹੱਸਣਗੇ ਜਿਵੇਂ ਹੱਸ ਨਾ ਰਹੇ ਹੋਣ, ਕੋਈ ਪਿੱਟ-ਸਿਆਪਾ ਕਰ ਰਹੇ ਹੋਣ। ਕਈ ਸ਼ਰਾਰਤੀ, ਮੀਸਣਾ ਜਾਂ ਮਿੰਨ੍ਹਾ ਹਾਸਾ ਹੱਸਣਗੇ, ਕਈਆਂ ਦੀਆਂ ਅੱਖਾਂ ਹੱਸਣਗੀਆਂ ਅਤੇ ਕਈਆਂ ਦੀਆਂ ਮੁੱਛਾਂ। ਇਕ ਕਪਟੀ/ ਕਮੀਨਾ ਹਾਸਾ ਵੀ ਹੁੰਦਾ ਹੈ, ‘ਗੱਬਰ ਸਿੰਘੀ’ ਹਾਸਾ। ਹਾਂ, ‘ਸ਼ੋਅਲੇ’ ਫ਼ਿਲਮ ਦੇ ਖਲਨਾਇਕ ਵਾਲਾ ਹਾਸਾ ਜੋ ਉਹ ਕਾਲੀਆ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਗੋਲੀਆਂ ਨਾਲ ਮਾਰਨ ਤੋਂ ਪਹਿਲਾਂ ਹੱਸਦੈ, ਇਕ ਵਿਕਰਾਲ, ਡਰਾਵਣਾ ਹਾਸਾ। ‘ਭੂਤ ਹਾਸਾ’ ਵੀ ਕੁਝ ਇਸ ਨਾਲ ਰਲਦਾ-ਮਿਲਦਾ ਹੀ ਹੁੰਦਾ ਹੈ ਬਸ ਜ਼ਰਾ ਨਾਲ ਡਰਾਉਣੀਆਂ ਆਵਾਜ਼ਾਂ ਤੇ ਖ਼ੌਫ਼ਨਾਕ ਸਿਰਜੇ ਮਾਹੌਲ ਕਾਰਨ ਵਧੇਰੇ ਭਿਅੰਕਰ ਲਗਦੈ।
ਠਹਾਕੇਦਾਰ ਹਾਸਾ ਢਿੱਡੋਂ ਨਿਕਲਦਾ ਹੈ, ਖੁਸ਼ੀ ਦਾ ਖੁੱਲ੍ਹਾ ਡੁੱਲ੍ਹਾ ਪ੍ਰਗਟਾਵਾ। ਮੁਸਕਰਾਹਟ, ਮੀਚਵੇਂ, ਮਲਵੇਂ ਬੁਲ੍ਹਾਂ ਦੀ ਰੁਮਾਂਚਕਾਰੀ, ਮਨਮੋਹਕ ਇਬਾਰਤ ਹੁੰਦੀ ਹੈ, ਖੁਸ਼ੀ ਦਾ ਸਲੀਕਾਮਈ ਸਹਿਜ-ਭਾਅ ਪ੍ਰਗਟਾਵਾ। ਸਹਿਜ ਹਾਸਾ ਸੁਭਾਵਿਕ ਹੁੰਦੈ, ਮੈਦਾਨਾਂ ਵਿਚ ਵਗ ਰਹੀ ਸ਼ਾਂਤ ਨਦੀ ਵਰਗਾ। ਹਾਸਾ, ਸੰਵਾਦ, ਸਥਿਤੀ, ਸ਼ਕਲ-ਸੂਰਤ ਤੇ ਪਹਿਰਾਵੇ ’ਚੋਂ ਵੀ ਪੈਦਾ ਹੁੰਦੈ।
ਪੁਰਸ਼-ਪ੍ਰਧਾਨ ਸਮਾਜ ਨੇ ਔਰਤਾਂ/ ਲੜਕੀਆਂ ਦੇ ਹਾਸੇ ਬਾਰੇ ਇਕ ਮੱਧ- ਕਾਲੀਨ ਮਾਨਸਿਕਤਾ ਵਾਲੀ ਧਾਰਨਾ ਬਣਾ ਰੱਖੀ ਹੈ ਕਿ ’ਕੁੜੀ ਹੱਸੀ ਤਾਂ ਸਮਝੋ ਫਸੀ’।
ਭਲਾ ਕੋਈ ਪੁੱਛੇ ਕਿ ਭਲਿਓ ਮਾਣਸੋ ਇਕ ਔਰਤ ਦਾ ਹੱਸਣਾ ਮਰਦ ਦੇ ਹਾਸੇ ਵਾਂਗ ਕਿਉਂ ਨਹੀਂ ਹੈ, ਜਿਸ ਤਹਿਤ ਉਹ ਵੀ ਦੂਸਰਿਆਂ ਵਾਂਗ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ। ਜਾਣੀ ਕੁੜੀ ਨੂੰ ਹੱਸਣ ਵੀ ਨਾ ਦਿਓ ਤੇ ਆਪ ਅਕਾਰਨ ਹੀ ਬੁੱਕੀ ਚਲੋ-‘ਮਾਸੂਮ ਲਹਿਰੋਂ ਪੇ ਪਹਿਰੇ ਬਿਠਾਏ ਜਾਤੇ ਹੈਂ/ ਸਮੁੰਦਰੋਂ ਕੀ ਤਲਾਸ਼ੀ ਕੋਈ ਨਹੀਂ ਲੇਤਾ’।
ਫ਼ਿਲਮ ’ਭੰਗੜਾ’ ਵਿਚ ਮੁਹੰਮਦ ਰਫ਼ੀ ਦਾ ਇਕ ਗੀਤ ਹੈ- ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ ਤੇ ਲੋਕੀਂ ਭੈੜੇ ਸ਼ੱਕ ਕਰਦੇ। ਹਾਂ, ਹੌਲੀ-ਹੌਲੀ ਇਸ ਮਾਨਸਿਕਤਾ ਵਿੱਚ ਤਬਦੀਲੀ ਆ ਰਹੀ ਹੈ।
ਹੱਸਣਾ ਕੋਈ ਮਜ਼ਾਕ ਨਹੀਂ ਹੈ। ਮਜ਼ਾਹ/ਹਾਸ-ਰਸ ਲੇਖਣੀ ਵੀ ਇਕ ਸੰਜੀਦਾ ਸਿਨਫ਼ ਹੈ। ਅੰਗਰੇਜ਼ੀ ਸਾਹਿਤ ਦਾ ਦਿੱਗਜ ਹਡਸਨ ‘ਹਿਊਮਰ’ ਨੂੰ ਇਕ ਗੰਭੀਰ ਗੱਲ ਆਖਦੈ।
ਹੱਸਣਾ ਵੀ ਮੌਕੇ ਮੌਕੇ ਦਾ। ਬੇਮੌਕਾ/ ਬੇਲੋੜਾ ਹਾਸਾ ‘ਹਾਸੇ ਦਾ ਮੰਡਾਸਾ’ ਹੋ ਨਿੱਬੜਦਾ ਹੈ। ਨਾਲੇ ’ਹਸਾਏ ਦਾ ਨਾਂਅ ਨਹੀਂ ਹੁੰਦਾ, ਰੁਆਏ ਦਾ ਹੋ ਜਾਂਦਾ ਹੈ।’
ਅੱਜਕਲ੍ਹ ਲੋਕ ਹੱਸਣਾ ਭੁੱਲ ਗਏ ਹਨ। ਪਿਛਲੇ ਇਕ ਸਾਲ ਤੋਂ ਕੋਰੋਨਾ ਮਹਾਂਮਾਰੀ ਨੇ ਕੁਲ ਆਲਮ ਦੁਖੀ ਕਰ ਰੱਖਿਆ ਹੈ। ਹੱਸਣਾ ਤਾਂ ਦੂਰ ਦੀ ਗੱਲ , ਲੋਕ ਘਰਾਂ ਦੇ ਘੁਰਨਿਆਂ ’ਚ ਸਹਿਮੇ ਬੈਠੇ ਹਨ। ਕੋਰੋਨਾ ਦੇ ਦੂਸਰੇ ਗੇੜ ਅਤੇ ਇਸ ਦੇ ਵੱਖਰੇ ਰੂਪ ਨੇ ਸਭ ਦੇ ਸਾਹ ਸੂਤੇ ਹੋਵੇ ਹਨ। ਇਸ ਸਥਿਤੀ ਵਿਚ ਕੋਈ ਦੀਵਾਨਾ, ਸੂਰਮਾ ਜਾਂ ਪਰਮਾਤਮਾ ਦਾ ਵਰੋਸਾਇਆ ਸ਼ਖ਼ਸ ਹੀ ਹੱਸ ਸਕਦੈ-
‘ਯਾ ਤੋ ਦੀਵਾਨਾ ਹਸੇ ਯਾ ਤੂ ਜਿਸੇ ਤੌਫ਼ੀਕ ਦੇ
ਵਰਨਾ ਇਸ ਦੁਨੀਆ ਮੇਂ ਰਹਿ ਕਰ ਮੁਸਕਰਾ ਸਕਤਾ ਹੈ ਕੌਨ?’
ਕਈ ਵਾਰ ਹੰਝੂ ਛੁਪਾਉਣ ਲਈ ਵੀ ਹੱਸਿਆ ਜਾਂਦੈ-‘ਤੁਮ ਜੋ ਇਤਨਾ ਮੁਸਕਰਾ ਰਹੇ ਹੋ/ ਕਯਾ ਗ਼ਮ ਹੈ ਜਿਸ ਕੋ ਛੁਪਾ ਰਹੇ ਹੋ’।
ਮਸ਼ਹੂਰ ਪਾਕਿਸਤਾਨੀ ਮਜ਼ਾਹੀਆ ਸ਼ਾਇਰ ਅਨਵਰ ਮਸੂਦ ਕਹਿੰਦੈ-‘ਯੇ ਜੋ ਹਸਨਾ ਹਸਾਨਾ ਹੋਤਾ ਹੈ, ਰੋਨੇ ਕਾ ਛੁਪਾਨਾ ਹੋਤਾ ਹੈ’।
ਹੱਸਣ ਦੇ ਕਈ ਫ਼ਾਇਦੇ ਹਨ। ਹੱਸਦਾ ਬੰਦਾ ਸਭ ਨੂੰ ਭਾਉਂਦਾ ਹੈ, ਰੋਂਦੜ ਕੋਲੋਂ ਸਭ ਪਰ੍ਹਾਂ ਰਹਿੰਦੇ ਹਨ। ਹੱਸਣਾ ਇਕ ਸੁਖਦ ਅਹਿਸਾਸ ਹੈ। ਇਹ ਸਾਡੀ ਖ਼ੈਰ-ਸੁੱਖ/ਸਲਾਮਤੀ ਅਤੇ ਸਿਹਤਮੰਦੀ/ ਤੰਦਰੁਸਤੀ ’ਚ ਸੁਧਾਰ ਕਰਦੈ। ਇਹ ਤਣਾਉ ਘਟਾਉਂਦਾ ਹੈ, ਮਾਸ-ਪੇਸ਼ੀਆਂ ਨੂੰ ਰਾਹਤ ਦਿੰਦਾ, ਢਿੱਡ ਦੀ ਕਸਰਤ ਕਰਦੈ, ਸਾਡੀ ਕੁਨੈਟੇਵਿਟੀ ਵਧਾਉਂਦੈ ਅਤੇ ਸਾਨੂੰ ਚੰਗੇ, ਸਾਕਾਰਾਤਮਿਕ, ਸਲਾਹੁਣਯੋਗ ਇਨਸਾਨ ਬਣਾਉਂਦੈ।
ਸਿਹਤ ਪੱਖੋਂ ਵੀ ਹੱਸਣ ਦੇ ਕਈ ਲਾਭ ਹਨ। ਮੈਡੀਕਲ ਤੌਰ ’ਤੇ ਹੱਸਣ ਨਾਲ ਸਾਡੇ ਅੰਦਰ ‘ਐਂਡੌਰਫਿਨਜ਼’ ਰਿਲੀਜ਼ ਹੁੰਦੈ ਜੋ ਇਕ ਕੁਦਰਤੀ ਦਰਦ-ਨਿਰੋਧਕ ਤੱਤ ਹੈ।
ਇਹ ਵੀ ਕਿਹਾ ਜਾਂਦਾ ਕਿ ਹੱਸਣ ਨਾਲ ਬਲੱਡ ਪ੍ਰੈਸ਼ਰ ਅਤੇ ਸਟਰੈੱਸ-ਹਾਰਮੋਨਜ਼ ਦਾ ਪੱਧਰ ਵੀ ਘਟਦੈ।
ਇਸੇ ਲਈ ਹਾਸੇ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ਵ ਭਰ ਵਿਚ ਹਰ ਸਾਲ ਮਈ ਮਹੀਨੇ ਦੇ ਪਹਿਲੇ ਐਤਵਾਰ ਵਾਲੇ ਦਿਨ ‘ਵਿਸ਼ਵ ਹਾਸਾ ਦਿਵਸ’ ਮਨਾਇਆ ਜਾਂਦੈ। ਐਲੈਕਸ ਰਿਟਵਨ ਅਨੁਸਾਰ ਇਸ ਵਿਸ਼ਵ ਹਾਸਾ ਦਿਵਸ ਦਾ ਮਕਸਦ ਹਾਸੇ ਰਾਹੀਂ ਭਾਈਚਾਰੇ ਅਤੇ ਮਿੱਤਰਚਾਰੇ ਦੀ ਇਕ ਵਿਸ਼ਵ ਪੱਧਰੀ ਚੇਤਨਾ ਪੈਦਾ ਕਰਨਾ ਹੈ ਜੋ ਕਿ ਵਿਸ਼ਵ ਸ਼ਾਂਤੀ ਦਾ ਰਚਨਾਤਮਿਕ ਪ੍ਰਗਟਾਵਾ ਹੈ। ਇਸ ਦਿਨ ਲੋਕੀਂ ਜਨਤਕ ਥਾਵਾਂ ਤੇ ਇਕੱਤਰ ਹੋ ਕੇ ਖੁੱਲ੍ਹ ਕੇ ਹੱਸਦੇ ਹਨ ਢਿੱਡੀਂ ਪੀੜ ਪਾਉਣ ਵਾਲਾ ਹਾਸਾ।
ਇਸ ਵੇਲੇ 105 ਤੋਂ ਵੀ ਵੱਧ ਮੁਲਕਾਂ ਵਿਚ ਹਜ਼ਾਰਾਂ ਲਾਫਟਰ ਕਲੱਬ ਤੇ ਸੈਂਕੜੇ ਹੋਰ ਹਾਸਾ-ਗਰੁੱਪ ਹੋਂਦ ਵਿਚ ਆ ਚੁੱਕੇ ਹਨ।
ਖ਼ੈਰ, ਹੋਣਾ ਤਾਂ ਚਾਹੀਦੈ ਰੀਝ ਵਾਲਾ ਹਾਸਾ-ਠੱਠਾ, ਖ਼ੁਸ਼ੀ-ਖੇੜਾ, ਕਿਉਂਕਿ ‘ਨਚਣੁ ਕੁਦਣੁ ਮਨ ਕਾ ਚਾਉ’ (ਗੁਰਬਾਣੀ) ਤੇ ’ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ/ਪਰ ਕੋਈ ’ਚਾ ਵੀ ਤਾਂ ਦੇ ਨੱਚਣ ਲਈ’ (ਪਾਤਰ)। ਚਲੋ, ਇਸ ਦੀ ਘਾਟ ਜਾਂ ਗ਼ੈਰ-ਮੌਜੂਦਗੀ ਵਿੱਚ ਐਕਸਰਸਾਈਜ਼ ਵਾਲਾ ਹਾਸਾ ਹੀ ਸਹੀ।
ਵੈਸੇ ਆਮ ਲੋਕਾਂ ਵਿਚ ਦੂਸਰਿਆਂ ਉੱਪਰ ਹੱਸਣ ਦਾ ਰੁਝਾਨ ਵਧੇਰੇ ਹੁੰਦਾ ਹੈ। ਚੰਗਾ ਹਾਸਾ ਉਹ ਹੁੰਦਾ ਹੈ ਜੋ ਰਲ-ਮਿਲ ਕੇ ਹੱਸਿਆ ਜਾਏ। ਇਕ ਦਿਲ ਦੇ ਰੋਗਾਂ ਦੇ ਡਾਕਟਰ ਨੇ ਆਪਣੇ ਕਲੀਨਿਕ ਦੇ ਬਾਹਰ ਲਿਖਿਆ ਸੀ-
‘ਖੋਲ ਦੇਤੇ ਦਿਲ ਅਗਰ ਹੱਸ ਬੋਲ ਕੇ ਯਾਰੋਂ ਕੇ ਸਾਥ,
ਤੋ ਹਮੇ ਨਾ ਖੋਲਨਾ ਪੜਤਾ ਯੂੰ ਔਜ਼ਾਰੋਂ ਕੇ ਸਾਥ’।
ਵਸੀਮ ਬਰੇਲਵੀ ਅਨੁਸਾਰ-
‘ਮੁਸਕਰਾਉ ਕਿ ਜ਼ਿੰਦਗੀ ਲੌਟੇ/ਰੇਤ ਕੇ ਤਲ ਪਰ ਨਮੀ ਲੌਟੇ
ਹੋਟੋਂ ਪੇ ਜੰਮ ਗਏ ਸੰਨਾਟੇ/ਕੁਛ ਕੀਆ ਜਾਏ ਕਿ ਜ਼ਿੰਦਗੀ ਲੌਟੇ’।
ਸਾਨੂੰ ਕਦੀ-ਕਦੀ ਆਪਣੇ ਆਪ ਉੱਪਰ ਵੀ ਹੱਸ ਲੈਣਾ ਚਾਹੀਦੈ। ਰੈੱਡ ਸਕੈਲਟਨ ਤਾਂ ਜ਼ਿੰਦਗੀ ’ਤੇ ਹੀ ਥੋੜ੍ਹਾ ਬਹੁਤਾ ਹੱਸਣ ਦੀ ਸਲਾਹ ਦਿੰਦਾ ਹੈ। ਸੁਰਜੀਤ ਪਾਤਰ ਤਾਂ ਸਿਰੇ ਦੀ ਗੱਲ ਹੀ ਕਰ ਦਿੰਦੈ-
ਓਹੀ ਹਾਸਾ ਸੁੱਚਾ ਦੱਸੀਏ
ਜੇਕਰ ਆਪਣੇ ਆਪ ’ਤੇ ਹੱਸੀਏ।
ਹੱਸਿਆਂ ਹੀ ਨਿਰਵਾਣ ਮਿਲੇਗਾ
ਜੀਵਨ ਜੀਣ ਦਾ ਤਾਣ ਮਿਲੇਗਾ।’

-ਪ੍ਰੋਫੈਸਰ ਜਸਵੰਤ ਸਿੰਘ ਗੰਡਮ

Comment here