ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸੰਦੀਪ ਬਿਸ਼ਨੋਈ ਦੇ ਕਤਲ ਮਗਰੋਂ ਪੰਜਾਬ ਚ ਗੈਂਗਵਾਰ ਦਾ ਖਦਸ਼ਾ

ਜੈਪੁਰ-ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ‘ਚ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਜਦ ਉਹ ਅਦਾਲਤ ‘ਚ ਪੇਸ਼ੀ ਤੋਂ ਬਾਅਦ ਵਾਪਸ ਆ ਰਿਹਾ ਸੀ। ਹਮਲੇ ਵਿਚ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ ਤਿੰਨ ਗੈਂਗਸਟਰ ਦੇ ਸਾਥੀ ਅਤੇ ਇਕ ਵਕੀਲ ਹੈ। ਦੋ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ।

ਬੰਬੀਹਾ ਗੈਂਗ ਨੇ ਲਈ ਜਿ਼ਮੇਵਾਰੀ

ਸੰਦੀਪ ਨੂੰ ਮਾਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੰਬੀਹਾ ਗੈਂਗ ਨੇ ਲਈ ਹੈ। ਸੁਲਤਾਨ ਦਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ ਸੰਦੀਪ ਬਿਸ਼ਨੋਈ ਦਾ ਜਿਹੜਾ ਕੰਮ ਹੋਇਆ ਹੈ, ਉਹ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਅੱਗੇ ਆਉਣ ਵਾਲੇ ਸਮੇਂ ਵਿਚ ਲਾਰੈਂਸ, ਜੱਗੂ ਅਤੇ ਗੋਲਡੀ ਬਰਾੜ ਦਾ ਵੀ ਹੋਵੇਗਾ ਪੱਕਾ। ਦੇਖਦੇ ਰਹੋ ਅਤੇ ਇੰਤਜ਼ਾਰ ਕਰੋ।  ਦੱਸਣਯੋਗ ਹੈ ਕਿ ਲਾਰੈਂਸ ਅਤੇ ਜੱਗੂ ਦੋਵੇਂ ਪੰਜਾਬ ਪੁਲਸ ਦੀ ਗ੍ਰਿਫਤ ਵਿਚ ਹਨ। ਗੈਂਗਸਟਰ ਗੋਲਡੀ ਬਰਾੜ ਕੈਨੇਡਾ ਵਿਚ ਲੁੱਕ ਕੇ ਬੈਠਾ ਹੈ। ਪਹਿਲਾਂ ਹੀ ਬੰਬੀਹਾ ਗੈਂਗ ਕਹਿ ਚੁੱਕਾ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਮ ਉਨ੍ਹਾਂ ਦੇ ਗੈਂਗ ਨਾਲ ਜ਼ਬਰਨ ਜੋੜਿਆ ਗਿਆ ਹੈ ਅਤੇ ਇਸ ਲਈ ਲਾਰੈਂਸ ਗੈਂਗ ਨੇ ਉਸ ਦਾ ਕਤਲ ਕਰ ਦਿੱਤਾ। ਜੇ ਹੁਣ ਨਾਮ ਜੁੜ ਹੀ ਗਿਆ ਹੈ ਤਾਂ ਉਹ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਇਸ ਦੇ ਨਾਲ ਹੀ ਪੰਜਾਬ ਵਿਚ ਫਿਰ ਵੱਡੀ ਗੈਂਗਵਾਰ ਹੋਣ ਦਾ ਖਦਸ਼ਾ ਹੋਰ ਵੱਧ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਪੰਜਾਬ ਪੁਲਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ।

ਗੋਲਡੀ ਬਰਾੜ ਨੇ ਦਿੱਤਾ ਮੋੜਵਾਂ ਜੁਆਬ

ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੰਬੀਹਾ ਗੈਂਗ ਨੇ ਲਈ ਸੀ। ਇਸ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਨੂੰ ਵੀ ਧਮਕੀ ਦਿੱਤੀ ਸੀ। ਇਸ ਪੋਸਟ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਵੀ ਬੰਬੀਹਾ ਗਰੁੱਪ ਨੂੰ ਜਵਾਬ ਦਿੱਤਾ ਹੈ। ਆਫੀਸ਼ੀਅਲ ਗੋਲਡੀ ਬਰਾੜ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਲਿਖਿਆ ਗਿਆ ਹੈ ਕਿ ਛੋਟੂ ਬਿਸ਼ਨੋਈ ਮੰਗਾਲੀ ਅਤੇ ਸੰਦੀਪ ਬਿਸ਼ਨੋਈ ਮੰਗਾਲੀ ਦਾ ਅੱਜ ਤੋਂ 10 ਸਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਅਤੇ ਇਹ ਦੋਵੇਂ ਹੀ ਸਾਡੀ ਜਾਣਕਾਰ ਸਨ। ਇਨ੍ਹਾਂ ਦੇ ਰਾਜ਼ੀਨਾਮੇ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਦੋਵੇਂ ਨਹੀਂ ਮੰਨੇ। ਦੂਜੀ ਗੱਲ ਜਿਹੜੀ ਇਹ ਦਾਅਵਾ ਕਰ ਰਹੇ ਹਨ ਕਿ ਅਸੀਂ ਬਦਲਾ ਲੈ ਲਿਆ ਤਾਂ ਬਦਲਾ ਲੈਣ ਲਈ ਜ਼ੋਰ ਚਾਹੀਦਾ ਹੈ, ਪੋਸਟਾਂ ਪਾ ਕੇ ਬਦਲੇ ਪੂਰੇ ਨਹੀਂ ਹੁੰਦੇ।

Comment here