ਸਿਆਸਤਖਬਰਾਂਚਲੰਤ ਮਾਮਲੇ

ਸਿੱਖ ਨੌਜਵਾਨਾਂ ਦੀ ਰਿਹਾਈ ਲਈ ਮੰਤਰੀਆਂ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ

ਚੰਡੀਗੜ੍ਹ-ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਗ੍ਰਿਫਤਾਰ ਨੌਜਵਾਨਾਂ ਨੂੰ ਇਨਸਾਫ਼ ਦਵਾਉਣ ਲਈ ਜਥੇਦਾਰ ਸ਼੍ਰੀ ਆਕਾਲ ਤਖ਼ਤ ਸਾਹਿਬ ਵੱਲੋਂ ਸਾਬਕਾ ਜੱਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ, ਭਾਈ ਜਸਬੀਰ ਸਿੰਘ ਰੋਡੇ ਨੇ ਅੱਜ ਮੋਗਾ ਦੇ ਵਿੱਚ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਓਹਨਾਂ ਤੋਂ ਹਰ ਪਹਿਲੂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਕਮੇਟੀ ਐੱਨਐੱਸਏ ਤਹਿਤ ਅਸਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਅਤੇ ਅੰਮ੍ਰਿਤਪਾਲ ਸਿੰਘ ਘਟਨਾਕ੍ਰਮ ਦੌਰਾਨ ਵੱਖ ਵੱਖ ਮਾਮਲਿਆਂ ‘ਚ ਗ੍ਰਿਫਤਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪੂਰੀ ਪੜਤਾਲ ਮਗਰੋਂ ਕਮੇਟੀ ਵੱਲੋਂ 15 ਦਿਨ ਦਰਮਿਆਨ ਰਿਪੋਰਟ ਦਾਖ਼ਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਭਾਈ ਜਸਬੀਰ ਸਿੰਘ ਰੋਡੇ ਮੁਤਾਬਕ ਪੰਜਾਬ ਤੋਂ ਬਾਹਰਲੇ ਸੂਬਿਆਂ ਨਾਲ ਸਬੰਧਤ ਅਤੇ ਵਿਦੇਸ਼ ‘ਚ ਬੈਠੇ ਓਹਨਾਂ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਕੇ ਹਾਲਾਤ ਜਾਣਾਂਗੇ ਜਿੰਨਾਂ ਨੂੰ ਇਹਨਾਂ ਹਾਲਾਤਾਂ ‘ਚ ਏਜੰਸੀਆਂ ਦੀ ਪੁੱਛਗਿੱਛ ‘ਚੋਂ ਲੰਘਣਾ ਪੈ ਰਿਹਾ ਹੈ। ਹੁਣ ਤੱਕ ਜਾਣਕਾਰੀ ਮੁਤਾਬਕ ਅੰਦਾਜ਼ਨ 300 ਸਿੱਖ ਨੌਜਵਾਨ ਗਿਰਫ਼ਤ ਵਿੱਚ ਹਨ, ਕਮੇਟੀ ਦਾ ਦਾਅਵਾ ਹੈ ਕਿ ਇਕੱਲਾ ਪੀੜ੍ਹਤ ਪਰਿਵਾਰਾਂ ਦਾ ਪੱਖ ਗਈ ਨਹੀਂ ਸਗੋਂ ਸਬੰਧਤ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਓਹਨਾਂ ਤੋਂ ਰਿਕਾਰਡ ਦੀ ਜਾਣਕਾਰੀ ਵੀ ਲਈ ਜਾਵੇਗੀ, ਤਾਂ ਕਿ ਮਾਮਲੇ ‘ਚ ਪੀੜ੍ਹਤਾਂ ਨੂੰ ਇਨਸਾਫ਼ ਦਵਾਇਆ ਜਾ ਸਕੇ। ਭਾਈ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰਨ ਦਾ ਸਮਾਂ ਮੰਗਣਗੇ, ਜੇਕਰ ਕੇਂਦਰ ਦਾ ਕੋਈ ਪੱਖ ਲਾਜ਼ਮੀ ਹੋਵੇਗਾ ਤਾਂ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨਮੰਤਰੀ ਤੱਕ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ।
ਇਹ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਕਮੇਟੀ ਵੱਲੋਂ ਰਿਪੋਰਟ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਕੀਤੀ ਜਾਵੇਗੀ, ਓਹਨਾਂ ਦੱਸਿਆ ਕਿ ਪੀੜ੍ਹਤ ਪਰਿਵਾਰਾਂ ਦੀ ਮਾਲੀ ਅਤੇ ਕਾਨੂੰਨੀ ਮਦਦ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਕਮੇਟੀ ਦੀ ਅਗਵਾਈ ਕਰ ਰਹੇ ਭਾਈ ਜਸਬੀਰ ਸਿੰਘ ਰੋਡੇ ਮੁਤਾਬਕ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਇਸ ਗੰਭੀਰ ਮਸਲੇ ‘ਤੇ ਆਲ ਪਾਰਟੀ ਮੀਟਿੰਗ ਵੀ ਬੁਲਾਉਣ, ਤਾਂ ਜੋ ਸਭ ਦੇ ਵਿਚਾਰ ਜਾਣੇ ਜਾ ਸਕਣ, ਭਾਈ ਰੋਡੇ ਏਥੋਂ ਤੱਕ ਵੀ ਕਹਿੰਦੇ ਨਜ਼ਰ ਆਏ ਕਿ ਲੋੜ ਪਈ ਤਾਂ ਸਰਬੱਤ ਖ਼ਾਲਸਾ ਬੁਲਾਉਣ ਦੇ ਮਸਲੇ ‘ਤੇ ਵੀ ਵਿਚਾਰ ਕਰਨ ਦੀ ਬੇਨਤੀ ਕੀਤੀ ਜਾਵੇਗੀ।
ਲਗਤਾਰ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਬੋਲਦਿਆਂ ਓਹਨਾਂ ਕਿਹਾ ਕਿ ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਈ ਵਾਰ ਓਹਨਾਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਗਈ ਹੈ, ਪਰ ਆਤਮ ਸਮਰਪਣ ਕਰਨ ਜਾਂ ਨਾ ਕਰਨ ਬਾਰੇ ਆਖ਼ਰੀ ਫੈਸਲਾ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪ ਹੀ ਲੈਣਾ ਹੈ।

Comment here