ਅੰਮ੍ਰਿਤਸਰ-ਬੀਤੇ ਦਿਨੀ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਦੀ ਅਚਨਚੇਤ ਚੈਕਿੰਗ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਜਨਾਲਾ ਦੇ ਇੱਕ ਸਰਕਾਰੀ ਮਿਡਲ ਸਕੂਲ ‘ਚ ਗਏ ਤਾਂ ਬੱਚਿਆਂ ਦੀ ਪੜ੍ਹਾਈ ਦਾ ਲੈਵਲ ਦੇਖਕੇ ਕਾਫ਼ੀ ਨਾਰਾਜ਼ ਹੋਏ। ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਿਕ ਉਦੋਂ ਮਨ ਬਹੁਤ ਦੁਖੀ ਹੁੰਦਾ ਜਦੋਂ ਉਹ ਖੁਦ ਬੱਚਿਆਂ ਦੀ ਕਲਾਸ ਲੈਂਦੇ ਹਨ, ਉਹਨਾਂ ਨੂੰ ਪੜ੍ਹਾ ਕੇ ਦੇਖਦੇ ਹਨ ਪਰ ਜਮਾਤ ਦੀ ਸਥਿਤੀ ਅਨੁਸਾਰ ਉਹਨਾਂ ਦੇ ਗਿਆਨ ਦਾ ਪੱਧਰ ਬਹੁਤ ਪਿੱਛੇ ਹੁੰਦਾ ਹੈ।
ਸਰਕਾਰੀ ਮਿਡਲ ਸਕੂਲ ਅਵਾਣ, ਬਲਾਕ ਅਜਨਾਲਾ ਜ਼ਿਲਾ ਅੰਮ੍ਰਿਤਸਰ ਦੇ ਬਾਰੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਸਕੂਲ ਦੇ ਛੇਵੀਂ ਤੋਂ ਅੱਠਵੀਂ ਤੱਕ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਸਾਈਂਸ, ਸਮਾਜਿਕ ਵਿਗਿਆਨ ਅਤੇ ਗਣਿਤ ਵਿਸ਼ਿਆਂ ਦੀ ਮੁੱਢਲੀ ਸਮਝ ਵੀ ਨਹੀਂ ਸੀ। ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀ ਸਿੰਗਲ ਡਿਜਿਟ ਅੰਕਾਂ ਦਾ ਜੋੜ ਵੀ ਨਹੀਂ ਕਰ ਸਕੇ। ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀ ਤਿੰਨੇ ਭਾਸ਼ਾਵਾਂ ਦੇ ਸ਼ਬਦ-ਜੋੜ ਅਤੇ ਵਾਕ ਵੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ ਸਨ। ਮੰਤਰੀ ਹਰਜੋਤ ਬੈਂਸ ਦੇ ਮੁਤਾਬਿਕ ਪਿੰਡ ਅਵਾਣ ਦੇ ਇਸ ਮਿਡਲ ਸਕੂਲ ਵਿੱਚ 60 ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ 4 ਅਧਿਆਪਕ ਨੇ ਅਤੇ ਚੈਕਿੰਗ ਵਾਲੇ ਦਿਨ 1 ਅਧਿਆਪਕ ਛੁੱਟੀ ‘ਤੇ ਸੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਵਿੱਚ ਅਧਿਆਪਕ ਵਰਗ ਦਾ ਬਹੁਤ ਸਤਿਕਾਰ ਹੈ ਅਤੇ ਉਹ ਸਮੁੱਚੇ ਅਧਿਆਪਕ ਵਰਗ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਵਿਦਿਆਰਥੀਆਂ ਨੂੰ ਨਾਂ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੇਖ ਕੇ ਬਹੁਤ ਪ੍ਰੇਸ਼ਾਨੀ ਵੀ ਹੁੰਦੀ ਹੈ। ਸਿੱਖਿਆ ਮੰਤਰੀ ਨੇ ਮਿਡਲ ਸਕੂਲ ਅਵਾਣ ਦੇ ਸਾਰੇ ਸਟਾਫ਼ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ 20 ਮਈ ਤੱਕ (ਲਗਭਗ ਇੱਕ ਮਹੀਨਾ) ਇਹਨਾਂ ਬੱਚਿਆਂ ਦੀਆਂ ਵਿਸ਼ੇਸ਼ ਜਮਾਤਾਂ ਲੈਣ ਅਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਦੇਰ ਸ਼ਾਮ ਤੱਕ ਪੜ੍ਹਾਈ ਕਰਵਾਉਣ।
ਨਾਲ ਹੀ ਸਮੂਹ ਅਧਿਆਪਕ ਵਰਗ ਨੂੰ ਬੇਨਤੀ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਤਾਂ ਕਿ ਪੰਜਾਬ ਦਾ ਵਿਦਿਅਕ ਸਿਸਟਮ ਪੂਰੇ ਭਾਰਤ ਵਿੱਚੋਂ ਨਜ਼ੀਰ ਬਣ ਸਕੇ ਅਤੇ ਅਸੀਂ ਸਾਰੇ ਰਲ੍ਹ-ਮਿਲ ਕੇ ਨਵੀਂ ਪੀੜ੍ਹੀ ਨੂੰ ਬਿਹਤਰ ਅੱਖਰ ਗਿਆਨ ਦੇ ਕੇ ਗਿਆਨਵਾਨ ਨਾਗਰਿਕ ਬਣਾਉਣ ਦਾ ਫ਼ਰਜ਼ ਅਦਾ ਕਰੀਏ।
ਸਕੂਲ ਜਾ ਕੇ ਸਿੱਖਿਆ ਮੰਤਰੀ ਨੂੰ ਕਿਉਂ ਹੋਇਆ ਮਲਾਲ?

Comment here