ਸਿਆਸਤਖਬਰਾਂਚਲੰਤ ਮਾਮਲੇ

ਵਿਸਾਖੀ : ਪਾਕਿ ‘ਚ ਭਾਰਤ ਦੇ 2,856 ਸਿੱਖ ਸ਼ਰਧਾਲੂ ਦੇ ਲੱਗੇ ਵੀਜ਼ੇ

ਨਵੀਂ ਦਿੱਲੀ-ਭਾਰਤ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਸਲਮਾਨ ਸ਼ਰੀਫ਼ ਨੇ ਦੱਸਿਆ ਕਿ 9 ਤੋਂ 18 ਅਪ੍ਰੈਲ ਤੱਕ ਵਿਸਾਖੀ ਦੇ ਤਿਓਹਾਰ ਨਾਲ ਸਬੰਧਤ ਸਾਲਾਨਾ ਸਮਾਰੋਹਾਂ ’ਚ ਭਾਗ ਲੈਣ ਲਈ ਭਾਰਤ ਦੇ 2,856 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਦੱਸਿਆ ਕਿ ਇਹ ਸ਼ਰਧਾਲੂ ਸ੍ਰੀ ਡੇਰਾ ਸਾਹਿਬ, ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਨਗੇ। ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਦੋ-ਪੱਖੀ ਪ੍ਰੋਟੋਕਾਲ ਦੀਆਂ ਵਿਵਸਥਾਵਾਂ ਦੇ ਤਹਿਤ ਭਾਰਤ ਦੇ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਪਾਕਿਸਤਾਨ ਦੀ ਯਾਤਰਾ ਕਰਦੇ ਹਨ। ਇਸ ਪ੍ਰੋਟੋਕਾਲ ਦੇ ਤਹਿਤ ਪਾਕਿਸਤਾਨੀ ਸ਼ਰਧਾਲੂ ਵੀ ਹਰ ਸਾਲ ਭਾਰਤ ਆਉਂਦੇ ਹਨ। ਹਾਈ ਕਮਿਸ਼ਨ ਦੇ ਬਿਆਨ ਮੁਤਾਬਕ ਸਲਮਾਨ ਨੇ ਕਿਹਾ ਕਿ ਪਾਕਿਸਤਾਨ ਪਵਿੱਤਰ ਧਾਰਮਿਕ ਅਸਥਾਨਾਂ ਦੀ ਸੰਭਾਲ ਕਰਨ ਲਈ ਵਚਨਬੱਧ ਹੈ ਤੇ ਸ਼ਰਧਾਲੂਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਭਾਰਤ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਸਲਮਾਨ ਸ਼ਰੀਫ਼ ਨੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੀ ਸੁਖਾਵੀਂ ਯਾਤਰਾ ਲਈ ਦੁਆ ਕੀਤੀ।

Comment here