ਮੁੰਬਈ-ਮੁੰਬਈ ਵਿਚ ਵਕੀਲ ਵੱਲੋਂ ਆਪਣੇ ਮੁਵੱਕਿਲ ਦੇ ਘਰ ਦਾਖ਼ਲ ਹੋ ਕੇ ਉਸ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਮੁਵੱਕਿਲ ਦੇ ਘਰ ਵਿਆਹ ਦਾ ਪ੍ਰਸਤਾਵ ਲੈ ਕੇ ਗਿਆ ਸੀ। ਪੀੜਤਾ ਬਾਲੀਵੁੱਡ ਦੀ ਜੂਨੀਅਰ ਕਲਾਕਾਰ ਹੈ। ਹੁਣ ਤੱਕ ਕਈ ਵੱਡੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਸ ਨੇ ਮਾਲਵਾਨੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਰਟੀ ਦੇ ਇਕ ਮੁਕੱਦਮੇ ਦੇ ਸਿਲਸਿਲੇ ਵਿਚ ਮੁਲਜ਼ਮ ਵਕੀਲ ਬੀਜੇ ਸ਼ੇਖ਼ ਨਾਲ ਉਸ ਦੀ ਮੁਲਾਕਾਤ ਇਸ ਸਾਲ ਜਨਵਰੀ ਵਿਚ ਬੋਰੋਵਲੀ ਅਦਾਲਤ ਵਿਚ ਹੋਈ ਸੀ। 2012 ਵਿਚ ਗੋਰੇਗਾਓਂ ਪੁਲਿਸ ਸਟੇਸ਼ਨ ਵਿਚ ਇਕ ਪ੍ਰਾਪਰਟੀ ਦੇ ਵਿਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਉਦੋਂ ਤੋਂ ਬੋਰੋਵਲੀ ਅਦਾਲਤ ’ਚ ਇਸ ਦੀ ਸੁਣਵਾਈ ਚੱਲ ਰਹੀ ਹੈ। ਪੀੜਤਾ ਦਾ ਹਾਲੇ ਵਿਆਹ ਨਹੀਂ ਹੋਇਆ। ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਕੇ ਫਿਲਮਾਂ ਵਿਚ ਜੂਨੀਅਰ ਕਲਾਕਾਰ ਦੇ ਰੂਪ ਵਿਚ ਕੰਮ ਕਰਨ ਲੱਗੀ। ਕੋਰੋਨਾ ਮਹਾਮਾਰੀ ਦੌਰਾਨ ਉਸ ਕੋਲ ਆਮਦਨੀ ਦਾ ਕੋਈ ਜ਼ਰੀਆ ਨਹੀਂ ਸੀ ਤੇ ਉਸ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ ਸਨ। ਇਸ ਲਈ ਉਹ ਕਿਸੇ ਅਜਿਹੇ ਵਕੀਲ ਦੀ ਭਾਲ ਕਰ ਰਹੀ ਸੀ, ਜੋ ਘੱਟ ਫੀਸ ਲੈ ਕੇ ਉਸ ਦਾ ਕੇਸ ਲੜੇ। ਇਸ ਦੌਰਾਨ ਸ਼ੇਖ਼ ਨੇ ਉਸ ਨਾਲ ਸੰਪਰਕ ਕੀਤਾ ਤੇ ਮੁਕੱਦਮਾ ਲੜਨ ਲਈ ਤਿਆਰ ਹੋ ਗਿਆ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਦੋਵਾਂ ਦੀ ਕਈ ਵਾਰ ਮੁਲਾਕਾਤ ਹੋਈ।
ਇਸ ਤੋਂ ਬਾਅਦ ਸ਼ੇਖ਼ ਨੇ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ। ਸ਼ੇਖ਼ ਨੇ ਉਸ ਨੂੰ ਦੱਸਿਆ ਕਿ ਮੰਗਣੀ ਲਈ ਪੰਜ ਮਾਰਚ ਨੂੰ ਉਹ ਆਪਣੇ ਮਾਤਾ-ਪਿਤਾ ਨਾਲ ਉਸ ਦੇ ਘਰ ਆਵੇਗਾ ਪਰ ਉਹ ਉਸ ਕੋਲ ਇਕੱਲਾ ਪਹੁੰਚ ਗਿਆ। ਸ਼ੇਖ਼ ਨੇ ਉਸ ਨੂੰ ਦੱਸਿਆ ਕਿ ਉਸ ਦੀ ਮਾਂ ਅਚਾਨਕ ਬਿਮਾਰ ਹੋ ਗਈ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਗੱਲ ’ਤੇ ਭਰੋਸਾ ਕਰਦਿਆਂ ਇਕੱਠਿਆਂ ਭੋਜਨ ਕੀਤਾ। ਪਰਿਵਾਰਕ ਮੈਂਬਰਾਂ ਦੇ ਘਰੋਂ ਜਾਣ ਤੋਂ ਬਾਅਦ ਸ਼ੇਖ਼ ਨੇ ਉਸ ਨਾਲ ਜ਼ਬਰਦਸਤੀ ਕੀਤੀ। ਮਾਮਲਾ ਦਰਜ ਹੋਣ ਦੇ ਡਰੋਂ ਉਸ ਨੇ ਫੋਨ ਕਰ ਕੇ 15 ਮਾਰਚ ਨੂੰ ਬਾਂਦਰਾ ਅਦਾਲਤ ਵਿਚ ਵਿਆਹ ਕਰਨ ਦਾ ਭਰੋਸਾ ਦਿੱਤਾ ਪਰ ਉਸ ਨੇ 23 ਮਾਰਚ ਤੱਕ ਕੋਈ ਜਵਾਬ ਨਹੀਂ ਦਿੱਤਾ। ਇਸ ਮਾਮਲੇ ਵਿਚ ਮੁਲਜ਼ਮ ਸ਼ੇਖ਼ ਨੇ ਕਿਹਾ ਹੈ ਕਿ ਦਿੰਡੋਸ਼ੀ ਸੈਸ਼ਨ ਅਦਾਲਤ ਨੇ ਉਸ ਨੂੰ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦੇ ਦਿੱਤੀ ਹੈ। ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨੂੰ ਫਸਾਇਆ ਗਿਆ ਹੈ।
ਵਕੀਲ ਨੇ ਬਾਲੀਵੁੱਡ ਕਲਾਕਾਰ ਨਾਲ ਕੀਤਾ ਬਲਾਤਕਾਰ

Comment here