ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਪਤੀ-ਪਤਨੀ ਦੇ ਵਿਵਾਦ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪ੍ਰੇਮ ਵਿਆਹ ਅਤੇ ਤਲਾਕ ਨੂੰ ਲੈ ਕੇ ਵੱਡੀ ਟਿੱਪਣੀ ਕੀਤੀ ਹੈ। ਇੱਥੇ ਜਸਟਿਸ ਬੀਆਰ ਗਵਈ ਨੇ ਕਿਹਾ ਕਿ ਤਲਾਕ ਦੇ ਜ਼ਿਆਦਾਤਰ ਮਾਮਲੇ ਲਵ ਮੈਰਿਜ ਵਿਚ ਸਾਹਮਣੇ ਆ ਰਹੇ ਹਨ। ਬਾਰ ਐਂਡ ਬੈਂਚ ਦੀ ਰਿਪੋਰਟ ਦੇ ਅਨੁਸਾਰ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੰਜੇ ਕਰੋਲ ਦੀ ਦੋ ਮੈਂਬਰੀ ਬੈਂਚ ਵਿਆਹ ਦੇ ਵਿਵਾਦ ਨਾਲ ਸਬੰਧਤ ਇੱਕ ਟਰਾਂਸਫਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਕੇਸ ਦੇ ਇੱਕ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜੋੜੇ ਨੇ ਲਵ ਮੈਰਿਜ ਕੀਤੀ ਸੀ। ਇਸ ‘ਤੇ ਜਵਾਬ ਦਿੰਦੇ ਹੋਏ ਜਸਟਿਸ ਗਵਈ ਨੇ ਕਿਹਾ, ‘ਜ਼ਿਆਦਾਤਰ ਤਲਾਕ ਪ੍ਰੇਮ ਵਿਆਹ ‘ਚ ਹੀ ਹੋ ਰਹੇ ਹਨ।’
ਰਿਪੋਰਟ ਮੁਤਾਬਕ ਅਦਾਲਤ ਨੇ ਫਿਰ ਇਸ ਮਾਮਲੇ ‘ਚ ਵਿਚੋਲਗੀ ਦਾ ਪ੍ਰਸਤਾਵ ਰੱਖਿਆ ਪਰ ਔਰਤ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ। ਇਸ ‘ਤੇ ਅਦਾਲਤ ਨੇ ਕਿਹਾ ਕਿ ਹਾਲ ਹੀ ‘ਚ ਆਏ ਫੈਸਲੇ ਦੇ ਮੱਦੇਨਜ਼ਰ ਉਹ ਉਸ ਦੀ ਸਹਿਮਤੀ ਤੋਂ ਬਿਨਾਂ ਵੀ ਤਲਾਕ ਲੈ ਸਕਦੀ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਦੀ ਬੈਂਚ ਨੇ ਇਕ ਵਾਰ ਫਿਰ ਜੋੜੇ ਨੂੰ ਵਿਚੋਲਗੀ ਦੀ ਸਲਾਹ ਦਿੱਤੀ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ‘ਚ ਆਪਣੇ ਇਕ ਫੈਸਲੇ ‘ਚ ਕਿਹਾ ਸੀ ਕਿ ਵਿਆਹ ਦਾ ਜਾਰੀ ਰਹਿਣਾ ਅਸੰਭਵ ਹੋਣ ਦੀ ਸਥਿਤੀ ‘ਚ ਉਹ ਧਾਰਾ 142 ਦੇ ਤਹਿਤ ਆਪਣੀ ਤਰਫੋਂ ਤਲਾਕ ਦਾ ਹੁਕਮ ਦੇ ਸਕਦੀ ਹੈ। ਇਸ ਦੇ ਲਈ ਤਲਾਕ ਲਈ ਫੈਮਿਲੀ ਕੋਰਟ ਵਿਚ ਜਾਣ ਅਤੇ 6 ਮਹੀਨੇ ਦੀ ਨਿਰਧਾਰਤ ਮਿਆਦ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ।
Comment here