ਸਿਆਸਤਖਬਰਾਂਦੁਨੀਆ

ਰੂਸ ਨੇ ਪਾਕਿ ਨੂੰ ਸਸਤਾ ਕੱਚਾ ਤੇਲ ਦੇਣ ਤੋਂ ਕੀਤਾ ਇਨਕਾਰ

ਕਰਾਚੀ-ਪਾਕਿਸਤਾਨ ਨੇ ਰੂਸ ਤੋਂ ਕੱਚੇ ਤੇਲ ’ਤੇ 30-40 ਫੀਸਦੀ ਦੀ ਛੋਟ ਮੰਗੀ ਸੀ ਪਰ ਰੂਸ ਨੇ ਪਾਕਿਸਤਾਨ ਨੂੰ ਠੇਂਗਾ ਦਿਖਾਉਂਦੇ ਹੋਏ ਕਿਹਾ ਕਿ ਉਹ ਇਸ ਸਮੇਂ ਕੋਈ ਛੋਟ ਨਹੀਂ ਦੇ ਸਕਦਾ ਕਿਉਂਕਿ ਸਾਰੇ ਤੇਲ ਦੇ ਲਈ ਪਹਿਲਾਂ ਹੀ ਵਚਨਬੱਧ ਹੋ ਚੁੱਕਾ ਹੈ। ਇਸ ਦੇ ਨਾਲ ਹੀ ਰੂਸ ਨੇ ਪਾਕਿਸਤਾਨ ਨੂੰ ਇਹ ਵੀ ਕਿਹਾ ਕਿ ਉਹ ਪਹਿਲਾਂ ਪਾਕਿਸਤਾਨ ਸਟਰੀਮ ਗੈਸ ਪਾਈਪਲਾਈਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇ। ਇਹ ਪਾਈਪਲਾਈਨ ਕਰਾਚੀ ਤੋਂ ਲਾਹੌਰ ਤੱਕ ਪੈਣੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਦਾ ਪ੍ਰਤੀਨਿਧੀ ਮੰਡਲ ਜਿਸ ’ਚ ਪੈਟਰੋਲੀਅਮ ਸੂਬਾ ਰਾਜ ਮੰਤਰੀ ਮੁਸਾਦਿਕ ਮਲਿਕ, ਪੈਟਰੋਲੀਅਮ ਸਕੱਤਰ ਮੁਹੰਮਦ ਮਹਿਮੂਦ, ਮਾਸਕੋ ’ਚ ਪਾਕਿਸਤਾਨ ਦੇ ਦੂਤਾਵਾਸ ’ਚ ਸੰਯੁਕਤ ਸਕੱਤਰ ਅਤੇ ਹੋਰ ਅਧਿਕਾਰੀ ਕੱਚੇ ਤੇਲ ’ਤੇ 30-40 ਫੀਸਦੀ ਦੀ ਛੋਟ ਦੀ ਮੰਗ ਕੀਤੀ ਸੀ ਜਿਸ ਨੂੰ ਰੂਸ ਨੇ ਅਸਵੀਕਾਰ ਕਰ ਦਿੱਤਾ। ਰਿਪੋਰਟ ਮੁਤਾਬਕ ਗੱਲਬਾਤ ਬਿਨਾਂ ਕਿਸੇ ਠੋਸ ਨਤੀਜੇ ਦੇ ਖਤਮ ਹੋ ਗਈ। ਰੂਸ ਨੇ ਸਪੱਸ਼ਟ ਕਿਹਾ ਕਿ ਉਹ ਦੂਜੇ ਦੇਸ਼ਾਂ ਨੂੰ ਜਿਸ ਕੀਮਤ ’ਤੇ ਤੇਲ ਵੇਚਦਾ ਹੈ ਉਸੇ ਕੀਮਤ ’ਤੇ ਪਾਕਿਸਤਾਨ ਨੂੰ ਦੇਵੇਗਾ। ਰੂਸ ਨੇ ਪਾਕਿਸਤਾਨ ਨੂੰ ਇਹ ਵੀ ਕਿਹਾ ਕਿ ਪਹਿਲਾਂ ਉਹ ਗੈਸ ਪਾਈਪਲਾਈਨ ਬਣਾਏ।
ਰੂਸ ਨੇ ਕਿਹਾ, ‘ਪਾਕਿਸਤਾਨ ਸਭ ਤੋਂ ਪਹਿਲਾਂ ਪਾਕਿਸਤਾਨ ਸਟਰੀਮ ਗੈਸ ਪਾਈਪਲਾਈਨ (ਪੀ.ਐੱਸ.ਜੀ.ਪੀ) ਦੇ ਬਹੁ-ਪ੍ਰਤੀਤ ਪ੍ਰਮੁੱਖ ਪ੍ਰਾਜੈਕਟ ਲਈ ਆਪਣੀ ਵਚਨਬੱਧਤਾ ਦਾ ਸਨਮਾਨ ਕਰੇ, ਜਿਸ ਦਾ ਨਿਰਮਾਣ ਕਰਾਚੀ ਤੋਂ ਲਾਹੌਰ ਤੱਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੂਸ ਨੇ ਇਹ ਵੀ ਕਿਹਾ ਕਿ ਸਾਰੇ ਰੂਸੀ ਕੱਚੇ ਤੇਲ ਲਈ ਇਸ ਸਮੇਂ ਵੱਡੇ ਖਰੀਦਦਾਰਾਂ ਨਾਲ ਡੀਲ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਅਮਰੀਕਾ ਪਾਕਿਸਤਾਨ ਨੂੰ ਰੂਸੀ ਕੱਚਾ ਤੇਲ ਖਰੀਦਣ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਜਲਦ ਹੀ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਸਕਦਾ ਹੈ। ਪਿਛਲੇ ਮਹੀਨੇ ਅਮਰੀਕਾ ਦੇ ਦੌਰੇ ’ਤੇ ਆਏ ਡਾਰ ਨੇ ਅਮਰੀਕੀ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇਸ ’ਚੋਂ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ’ਤੇ ਵੀ ਗੱਲ ਕੀਤੀ ਹੋਈ ਸੀ। ਇਸ ਤੋਂ ਬਾਅਦ ਅਮਰੀਕਾ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੇ ਰੂਸ ਤੋਂ ਕੱਚਾ ਤੇਲ ਖਰੀਦਣ ’ਤੇ ਕੋਈ ਇਤਰਾਜ਼ ਨਹੀਂ ਹੈ।

Comment here