ਬਿਆਸ-ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਐਤਵਾਰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਡੇਰਾ ਬਿਆਸ ਦੇ ਸ਼ਰਧਾਲੂਆਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਦਰਮਿਆਨ ਖੂਨੀ ਝੜਪ ਹੋਈ, ਜਿਸ ਦੌਰਾਨ ਦੋਵਾਂ ਧਿਰਾਂ ਦੇ ਦਰਜਨ ਤੋਂ ਵਧੇਰੇ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਬਿਆਸ ਹਸਪਤਾਲ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅਤੇ ਕਈਆਂ ਨੂੰ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਬਿਆਸ ਦੇ ਪ੍ਰਬੰਧਕ ਮੈਜਿਕਲੈਂਡ ਵਿਚ ਬੈਠੇ ਹੋਏ ਸਨ ਕਿ ਨਾਲ ਹੀ ਲੱਗਦੇ ਗੁਰਦੁਆਰਾ ਅਮਾਨਤਸਰ ਵਿਖੇ ਵੀ ਨਿਹੰਗ ਸਿੰਘ ਬੈਠੇ ਸਨ। ਜਾਣਕਾਰੀ ਅਨੁਸਾਰ ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਵੱਲੋਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਜਦਕਿ ਤਰਨਾਦਲ ਦੇ ਸੇਵਾਦਾਰ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਡੇਰਾ ਪ੍ਰਬੰਧਕ ਨੇ ਆਪਣੇ ਹੋਰ ਪੈਰੋਕਾਰਾਂ ਨੂੰ ਨਾਲ ਲੈ ਕੇ ਸਾਡੇ ’ਤੇ ਆ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਦੇ 8 ਨਿਹੰਗ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਨਿਹੰਗ ਸਿੰਘਾਂ ਵਿਚ ਬਾਬਾ ਸੁੱਖਾ ਸਿੰਘ, ਪ੍ਰਗਟ ਸਿੰਘ, ਸਰਵਨ ਸਿੰਘ, ਬੁੱਧ ਸਿੰਘ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ, ਜਦਕਿ ਚਾਰ ਹੋਰ ਨਿਹੰਗ ਸਿੰਘਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਤਪਾਲ ’ਚ ਰੈਫਰ ਕੀਤਾ ਗਿਆ, ਜਿਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋ ਸਕੀ। ਇਸੇ ਖੂਨੀ ਝੜਪ ਦੌਰਾਨ ਕਾਫ਼ੀ ਗੱਡੀਆਂ ਦੀ ਭੰਨਤੋੜ ਵੀ ਹੋਈ। ਇਸ ਤੋਂ ਇਲਾਵਾ 2 ਐੱਸ. ਐੱਚ. ਓਜ਼ ਅਤੇ ਇਕ ਸਹਾਇਕ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਵੀ ਇਲਾਜ ਲਈ ਬਿਆਸ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਡੇਰਾ ਬਿਆਸ ਪ੍ਰਬੰਧਕਾਂ ਨੇ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਧੱਕੇਸ਼ਾਹੀ ਦੱਸਿਆ, ਜਦਕਿ ਨਿਹੰਗ ਸਿੰਘਾਂ ਅਨੁਸਾਰ ਡੇਰਾ ਬਿਆਸ ਦੇ ਸ਼ਰਧਾਲੂਆਂ ਵੱਲੋਂ ਸਾਡੇ ’ਤੇ ਹਮਲਾ ਕੀਤਾ ਗਿਆ ਹੈ। ਮੌਕੇ ’ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਵੀ ਪੁੱਜ ਗਏ ਹਨ, ਜੋ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਦੋਵਾਂ ਧਿਰਾਂ ’ਚ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਸੀ। ਇਸ ਝਗੜੇ ਤੋਂ ਬਾਅਦ ਨੈਸ਼ਨਲ ਹਾਈਵੇ ਬਿਲਕੁਲ ਜਾਮ ਹੋ ਗਿਆ ਅਤੇ ਲੋਕਾਂ ਨੂੰ ਆਉਣ-ਜਾਣ ’ਚ ਦਿੱਕਤ ਆਉਂਦੀ ਦੇਖੀ ਗਈ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਅਰਪਿਤ ਸ਼ੁਕਲਾ
ਡੇਰਾ ਬਿਆਸ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਵਾਪਰੀ ਘਟਨਾ ’ਤੇ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਿਆਸ ਘਟਨਾ ਦੀ ਜਾਂਚ ਚੱਲ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਥੇ ਹੀ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਦੋਵੇਂ ਧਿਰਾਂ ਇਕ-ਦੂਜੇ ’ਤੇ ਇਲਜ਼ਾਮ ਲਗਾ ਰਹੀਆਂ। ਦੋਵੇਂ ਧਿਰਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਾਂਚ ਕਰਨ ਉਪਰੰਤ ਹੀ ਜੋ ਜਾਇਜ਼ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ. ਐੱਸ. ਪੀ. ਸਵਪਣ ਸ਼ਰਮਾ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਕੱਲ੍ਹ ਹੋਈ ਝੜਪ ਦੌਰਾਨ ਸਭ ਤੋਂ ਪਹਿਲਾਂ ਪੁਲਸ ਨੇ ਮੁਸਤੈਦੀ ਵਿਖਾਉਂਦੇ ਹੋਏ ਦੋਵੇਂ ਧਿਰਾਂ ਨੂੰ ਵੱਖ ਕੀਤਾ ਅਤੇ ਮਾਮਲਾ ਸ਼ਾਂਤ ਕਰਵਾਇਆ ਗਿਆ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਮਾਮਲੇ ’ਚ ਬਹੁਤ ਸਾਰੇ ਲੋਕਾਂ ਦੇ ਬਿਆਨ ਲਿਖੇ ਗਏ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਦਾ ਮਾਮਲਾ ਹੈ, ਡੇਰਾ ਸਮਰੱਥਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਨਿਹੰਗ ਸਿੰਘ ਗਊਆਂ ਨੂੰ ਲੈ ਕੇ ਉਨ੍ਹਾਂ ਦੀ ਜ਼ਮੀਨ ਵੱਲ ਆਏ ਸਨ ਜਦਕਿ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ, ਇਸ ਦੇ ਬਾਅਦ ਹੀ ਸਾਰਾ ਮਾਮਲਾ ਝੜਪ ਤੱਕ ਪੁੱਜਾ ਹੈ।
ਅਰਪਿਤ ਸ਼ੁਕਲਾ ਨੇ ਦੱਸਿਆ ਕਿ ਡੇਰਾ ਸਮੱਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦੌਰਾਨ 10 ਲੋਕ ਜ਼ਖ਼ਮੀ ਹੋਏ ਹਨ ਅਤੇ ਕੁਝ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਜਿੱਥੇ ਪੁਲਸ ਮੁਲਾਜ਼ਮਾਂ ਦੀਆਂ 2 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਹੀ ਰਾਹਗੀਰਾਂ ਦੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ’ਚ ਹੈ ਅਤੇ ਹਾਲਾਤ ਵੀ ਸ਼ਾਂਤੀਪੂਰਵਕ ਬਣੇ ਹੋਏ ਹਨ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ। ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅਰਪਿਤ ਸ਼ੁਕਲਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਦੀ ਹੈ ਤਾਂ ਉਸ ’ਤੇ ਭਰੋਸਾ ਨਾ ਕੀਤਾ ਜਾਵੇ।
ਰਾਧਾ ਸਵਾਮੀਆਂ ਤੇ ਨਿਹੰਗਾਂ ਵਿਚਾਲੇ ਝੜਪ, ਦਰਜਨਾਂ ਜਖ਼ਮੀ

Comment here