ਸਿਆਸਤਖਬਰਾਂਚਲੰਤ ਮਾਮਲੇ

ਰਾਜਨਾਥ ਸਿੰਘ ਨੇ ਅਨੀਤਾ ਆਨੰਦ ਨਾਲ ਦੁਵੱਲੇ ਰੱਖਿਆ ਸਬੰਧਾਂ ‘ਤੇ ਕੀਤੀ ਚਰਚਾ

ਨਵੀਂ ਦਿੱਲੀ-ਕੈਨੇਡਾਈ ਹਮਰੁਤਬਾ ਅਨੀਤਾ ਆਨੰਦ ਨੇ ਟੈਲੀਫ਼ੋਨ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਦੀ ਰੱਖਿਆ ਸਾਂਝੇਦਾਰੀ ਨੂੰ ਉੱਚ ਪੱਧਰ ਤਕ ਲੈ ਜਾਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਸੰਕਲਪ ਲਿਆ। ਇਸ ਗੱਲਬਾਤ ਦੌਰਾਨ ਅਨੀਤਾ ਆਨੰਦ ਨੇ ਰਾਜਨਾਥ ਸਿੰਘ ਨੂੰ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਵਧਾਉਣ ਨਾਲ ਜੁੜੇ ਮਹੱਤਵ ਦੀ ਜਾਣਕਾਰੀ ਦਿੱਤੀ।
ਉੱਥੇ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡਾਈ ਰੱਖਿਆ ਕੰਪਨੀਆਂ ਭਾਰਤ ਵਿਚ ਫ਼ੌਜੀ ਸਾਜ਼ੋ-ਸਾਮਾਨ ਦੇ ਸਹਿ-ਉਤਪਾਦਨ ‘ਤੇ ਗ਼ੌਰ ਕਰ ਸਕਦੀਆਂ ਹਨ। ਸਿੰਘ ਨੇ ਟਵੀਟ ਕੀਤਾ, “ਕੈਨੇਡਾ ਦੀ ਰੱਖਿਆ ਮੰਤਰੀ ਅਨਿਤਾ ਆਨੰਦ ਦੇ ਨਾਲ ਗੱਲਬਾਤ ਕਰ ਕੇ ਖ਼ੁਸ਼ੀ ਹੋਈ। ਅਸੀਂ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦਾ ਸੁਆਗਤ ਕੀਤਾ। ਉਦਯੋਗਿਕ ਸਹਿਯੋਗ ਸਮੇਤ ਦੁਵੱਲੇ ਰੱਖਿਆ ਸਬੰਧਾਂ ਨੂੰ ਵਿਕਸਿਤ ਕਰਨ ਦੇ ਤਰੀਕਿਆਂ ‘ਤੇ ਬਿਹਤਰੀਨ ਚਰਚਾ ਹੋਈ। ਕੈਨੇਡਾ ਦੀਆਂ ਰੱਖਿਆ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਤੇ ਨਿਰਮਾਣ ਲਈ ਸੱਦਾ ਦਿੱਤਾ।
ਕੈਨੇਡਾਈ ਰੱਖਿਆ ਮੰਤਰੀ ਨੇ ਇਸ ਗੱਲਬਾਤ ਨੂੰ ਸਾਰਥਕ ਦੱਸਿਆ। ਉਨ੍ਹਾਂ ਟਵੀਟ ਕੀਤਾ, “ਅੱਜ ਮੈਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸਾਰਥਕ ਚਰਚਾ ਕੀਤੀ। ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਜ਼ਰੀਏ, ਅਸੀਂ ਇਸ ਖੇਤਰ ਵਿਚ ਆਪਣੀ ਹਾਜ਼ਰੀ ਵਧਾ ਰਹੇ ਹਾਂ। ਭਾਰਤ ਕੈਨੇਡਾ ਲਈ ਇਕ ਮਜ਼ਬੂਤ ਭਾਗੀਦਾਰ ਬਣਿਆ ਰਹੇਗਾ।”
ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋਵਾਂ ਮੰਤਰੀਆਂ ਨੇ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਦੇ ਤੌਰ-ਤਰੀਕਿਆਂ ‘ਤੇ ਚਰਚਾ ਕੀਤੀ ਜੋ ਦੋਵਾਂ ਦੇਸ਼ਾਂ ਦੇ ਲੋਕਤੰਤਰਿਕ ਲੋਕਾਚਾਰ ਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਂਝੇ ਹਿਤਾਂ ਨੂੰ ਦਰਸਾਉਂਦਾ ਹੈ। ਇਸ ਵਿਚ ਕਿਹਾ ਗਿਆ ਹੈ, “ਦੋਵੇਂ ਮੰਤਰੀ ਰੱਖਿਆ ਸਬੰਧਾਂ ਨੂੰ ਉੱਚ ਪੱਧਰ ਤਕ ਲੈ ਜਾਣ ਤੇ ਰੱਖਿਆ ਖੇਤਰ ਵਿਚ ਭਾਰਤ-ਕੈਨੇਡਾ ਦੁਵੱਲੇ ਰਿਸ਼ਤਿਦਆਂ ਦਾ ਇਕ ਮਹੱਤਵਪੂਰਨ ਥੰਮ੍ਹ ਬਣਾਉਣ ਲਈ ਕੰਮ ਕਰਨ ‘ਤੇ ਸਹਿਮਤ ਹੋਏ।” ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਜੋਸ਼ਭਰੀ ਤੇ ਸੁਹਿਰਦ ਰਹੀ। ਦੋਵਾਂ ਮੰਤਰੀਆਂ ਨੇ ਰੱਖਿਆ ਸਹਿਯੋਗ ਦੇ ਸੰਭਾਵਿਤ ਖੇਤਰਾਂ – ਵਿਸ਼ੇਸ਼ ਤੌਰ ‘ਤੇ ਸਾਂਝੇ ਰਾਸ਼ਟਰ ਸ਼ਾਂਤੀ ਸਿਖਲਾਈ ਤੋਂ ਲੈ ਕੇ ਰੱਖਿਆ ਤੇ ਉਦਯੋਗਿਕ ਸਹਿਭਾਗਤਾ ਤਕ ਬਾਰੇ ਚਰਚਾ ਕੀਤੀ।” ਬਿਆਨ ਮੁਤਾਬਕ ਰਾਜਨਾਥ ਸਿੰਘ ਨੇ ਹਿੰਦ-ਪ੍ਰਸ਼ਾਂਤ ਵਿਚ ਕੈਨੇਡਾ ਦੀ ਜਲ ਸੈਨਾ ਦੀ ਹਾਜ਼ਰੀ ਵਿਚ ਵਿਸਥਾਰ ਦਾ ਸਵਾਗਤ ਕੀਤਾ।

Comment here