ਅਪਰਾਧਸਿਆਸਤਵਿਸ਼ੇਸ਼ ਲੇਖ

ਯੂਪੀ ’ਚ ਨਵੰਬਰ ਚੌਰਾਸੀ ਦੇ 127 ਸਿਖ ਕਤਲੇਆਮ ਦੀ ਦੁਖਾਂਤਕ ਕਥਾ

ਲਖਨਊ-ਯੂਪੀ ਵਿਚ ਹੋਏ ਨਵੰਬਰ ਚੌਰਾਸੀ ਦੇ ਸਿਖ ਕਤਲੇਆਮ ਬਾਰੇ ਫ਼ਰਵਰੀ 2019 ਵਿੱਚ ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਯਾਨਾਥ ਸਰਕਾਰ ਨੇ ਹਿੰਸਕ ਘਟਨਾਵਾਂ ਦੀ ਜਾਂਚ ਲਈ ਇੱਕ ਐੱਸਆਈਟੀ ਬਣਾਈ ਸੀ। ਐੱਸਆਈਟੀ ਦੀ ਪ੍ਰਧਾਨਗੀ ਪੁਲਿਸ ਦੇ ਇੱਕ ਡੀਜੀ ਪੱਧਰ ਦੇ ਅਧਿਕਾਰੀ ਨੂੰ ਦਿੱਤੀ ਸੀ ਅਤੇ ਇੱਕ ਰਿਟਾਇਰਡ ਜੱਜ, ਇੱਕ ਰਿਟਾਇਰਡ ਵਧੀਕ ਜ਼ਿਲ੍ਹਾ ਪ੍ਰੋਸਿਕਿਉਸ਼ਨ ਅਧਿਕਾਰੀ ਅਤੇ ਇੱਕ ਐੱਸਐੱਸਪੀ ਪੱਧਰ ਦੇ ਪੁਲਿਸ ਅਧਿਕਾਰੀ ਨੂੰ ਇਸ ਵਿਸ਼ੇਸ਼ ਜਾਂਚ ਟੀਮ ਦਾ ਮੈਂਬਰ ਬਣਾਇਆ ਗਿਆ ਸੀ।ਐੱਸਆਈਟੀ ਨੇ 40 ਘਿਨਾਉਣੇ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਜਿਨ੍ਹਾਂ ਵਿੱਚ 127 ਸਿਖ ਮਾਰੇ ਗਏ ਸਨ। ਇਨ੍ਹਾਂ 40 ਮਾਮਲਿਆਂ ਵਿਚੋਂ ਜਿਨ੍ਹਾਂ 11 ਵਿੱਚ ਚਾਰਜਸ਼ੀਟ ਲਗਾਈ ਗਈ ਸੀ ਉਨ੍ਹਾਂ ਵਿੱਚੋਂ ਚਾਰ ਮਾਮਲਿਆਂ ਬਾਰੇ ਐੱਸਆਈਟੀ ਨੇ ਸਰਕਾਰ ਨੂੰ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਬਚੇ 29 ਮਾਮਲਿਆਂ ਵਿੱਚ ਕਲੋਜ਼ਰ ਰਿਪੋਰਟ ਲਗਾ ਦਿੱਤੀ ਗਈ ਸੀ। 29 ਵਿੱਚੋਂ 20 ਮਾਮਲਿਆਂ ਵਿੱਚ ਐਸਆਈਟੀ ਨੇ 96 ਮੁਲਜ਼ਮਾਂ ਦੀ ਨਿਸ਼ਾਨਦੇਹੀ ਕੀਤੀ ਹੈ। ਜਾਂਚ ਟੀਮ ਨੇ ਹੁਣ ਤੱਕ 40 ਗੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਤਿੰਨ ਗ੍ਰਿਫ਼ਤਾਰੀਆਂ ਇਸੇ ਸਾਲ 12 ਅਕਤੂਬਰ ਨੂੰ ਹੋਈਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ 70 ਸਾਲਾ ਧੀਰੇਂਦਰ ਤਿਵਾਰੀ ਦੀ ਸਿਹਤ ਖ਼ਰਾਬ ਹੋਣ ਕਰਕੇ ਮੌਤ ਹੋ ਗਈ। ਕਾਨਪੁਰ ਕੋਤਾਵਲੀ ਸਥਿਤ ਐੱਸਆਈਟੀ ਦਫ਼ਤਰ ਵਿੱਚ ਡੀਆਈਜੀ ਬਾਲੇਂਦੁ ਭੂਸ਼ਣ ਕਹਿੰਦੇ ਹਨ, “ਇਨ੍ਹਾਂ 40 ਮਾਮਲਿਆਂ ਵਿੱਚ ਕੁੱਲ ਮਿਲਾ ਕੇ 127 ਸਿੱਖਾਂ ਦਾ ਕਤਲ ਕੀਤਾ ਗਿਆ ਸੀ, ਉਨ੍ਹਾਂ ਦੀ ਜਾਇਦਾਦ ਲੁੱਟੀ ਗਈ ਸੀ ਅਤੇ ਘਰ ਸਾੜੇ ਗਏ ਸੀ। ਇਨ੍ਹਾਂ ਵਿੱਚ ਜਿਹੜੇ ਚਾਰ ਮੁਕੱਦਮੇ ਅਪੀਲ ਯੋਗ ਪਾਏ ਹਨ, ਉਨ੍ਹਾਂ ਵਿੱਚ ਇੱਕ ਹੀ ਪਰਿਵਾਰ ਦੇ 13 ਸਿਖਾਂ ਦੇ ਕਤਲ ਦਾ ਕੇਸ ਵੀ ਸ਼ਾਮਲ ਹੈ।”
ਡੀਆਈਜੀ ਬਾਲੇਂਦੁ ਭੂਸ਼ਣ ਆਖਦੇ ਹਨ ਕਿ ਇਨ੍ਹਾਂ ਘਿਨੌਣੇ ਕਤਲ ਮਾਮਲਿਆਂ ਵਿੱਚ ਐੱਸਆਈਟੀ ਨੂੰ ਸਬੂਤ ਅਤੇ ਦਸਤਾਵੇਜ਼ ਹਾਸਿਲ ਕਰਨ ਲਈ ਪੀੜਤਾਂ ਨਾਲ ਸੰਪਰਕ ਕਰਨਾ ਪਿਆ ਕਿਉਂਕਿ ਕਾਨਪੁਰ ਪੁਲਿਸ ਕੋਲ ਸਬੂਤ ਮੌਜੂਦ ਨਹੀਂ ਸਨ। ਬਾਲੇਂਦੁ ਭੂਸ਼ਣ ਕਹਿੰਦੇ ਹਨ, ‘‘29 ਫ਼ਾਈਨਲ ਰਿਪੋਰਟਾਂ ਵਾਲੇ ਮਾਮਲੇ ਵਿੱਚ ਜਦੋਂ ਐੱਸਆਈਟੀ ਨੇ ਜਾਂਚ ਸ਼ੁਰੂ ਕੀਤੀ ਤਾਂ ਕਾਨਪੁਰ ਪੁਲਿਸ ਦਫ਼ਤਰ ਤੋਂ ਸਾਨੂੰ ਕੋਈ ਰਿਕਾਰਡ ਨਹੀਂ ਮਿਲ ਸਕਿਆ। ਸਾਡੇ ਕੋਲ ਸਬੰਧਤ ਪੱਖਾਂ ਨੂੰ ਸੰਪਰਕ ਕਰਨ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਸੀ।” ਬਾਲੇਂਦੁ ਭੂਸ਼ਣ ਕਹਿੰਦੇ ਹਨ, ‘‘ਪੋਸਟਮਾਰਟਮ ਰਿਪੋਰਟ ਤਾਂ ਨਹੀਂ ਮਿਲੀ, ਪਰ ਐੱਫ਼ਆਈਆਰ ਤਕਰੀਬਨ ਸਾਰੀਆਂ ਮਿਲ ਗਈਆਂ ਹਨ। ਐੱਸਆਈਟੀ ਨੂੰ ਕਾਨਪੁਰ ਦੇ ਸਰਕਾਰੀ ਹਸਪਤਾਲ ਦੇ ਰਿਕਾਰਡ ਤੋਂ ਵੀ ਮਦਦ ਮਿਲੀ। ਬਾਲੇਂਦੁ ਭੂਸ਼ਣ ਕਹਿੰਦੇ ਹਨ, ‘‘ਅਸੀਂ ਹੈਲਟ ਅਤੇ ਉਰਸਲਾ (ਹਸਪਤਾਲ) ਤੋਂ 31 ਅਕਤੂਬਰ 1984 ਤੋਂ ਲੈ ਕੇ 15 ਨਵੰਬਰ 1984 ਦੇ ਕਤਲੇਆਮ ਨਾਲ ਸਬੰਧਤ ਡਾਕਟਰੀ ਰਿਕਾਰਡ ਲਏ।”
ਡੀਆਈਜੀ ਬਾਲੇਂਦੁ ਭੂਸ਼ਣ ਕਹਿੰਦੇ ਹਨ, ‘‘ਕਤਲ ਸਾਬਤ ਕਰਨ ਲਈ ਡਾਇਰੈਕਟ ਐਵੀਡੈਂਸ ਹੈ। ਇਸ ਦੇ ਨਾਲ ਹੀ ਉਹ ਮੌਖਿਕ ਸਬੂਤ ਵੀ ਜੋ ਪੁਲਿਸ 161 (ਪੁਲਿਸ ਦੇ ਸਾਹਮਣੇ ਗਵਾਹਾਂ ਦੇ ਬਿਆਨ) ਵਿੱਚ ਲਿਖਦੀ ਹੈ ਅਤੇ ਪੀੜ੍ਹਤ ਸਿਖਾਂ ਨੇ 164 ਦੇ ਬਿਆਨਾਂ ਵਿੱਚ ਵੀ ਕਿਹਾ ਸੀ। ਬਾਲੇਂਦੁ ਭੂਸ਼ਣ ਦੱਸਦੇ ਹਨ ਕਿ ਫ਼ਿਲਹਾਲ 11 ਮੁਕੱਦਮੇ ਹਨ ਜਿਨ੍ਹਾਂ ਵਿੱਚ ਚਾਰਜਸ਼ੀਟ ਹੋਣ ਜਾ ਰਹੀ ਹੈ ਜਿਨ੍ਹਾਂ ਵਿੱਚ 23 ਲੋਕਾਂ ਦੇ 164 ਸੀਆਰਪੀਸੀ ਵਿੱਚ ਕਲਮ ਬੰਦ ਬਿਆਨ ਅਦਾਲਤ ਵਿੱਚ ਕਰਵਾਏ ਗਏ ਹਨ।11 ਮੁਕੱਦਮਿਆਂ ਦੀ ਜਾਂਚ ਵਿੱਚ 96 ਮੁਲਜ਼ਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 23 ਸਿਖ ਮ੍ਰਿਤ ਪਾਏ ਗਏ ਅਤੇ ਬਚੇ 73 ਮੁਲਜ਼ਮ ਵਿੱਚੋਂ ਕੁਝ ਗੰਭੀਰ ਬਿਮਾਰੀਆਂ ਨਾਲ ਪੀੜਤ ਵੀ ਹਨ। ਪਰ ਬਾਲੇਂਦੁ ਭੂਸ਼ਣ ਕਹਿੰਦੇ ਹਨ ਕਿ ਐੱਸਆਈਟੀ ਦੀ ਕੋਸ਼ਿਸ਼ ਹੈ ਕਿ, ਜੋ ਥੋੜ੍ਹੇ ਬਹੁਤ ਵੀ ਠੀਕ-ਠਾਕ ਹਨ, ਤੁਰਨ-ਫਿਰਨ ਜੋਗੇ ਹਨ, ਭਾਵੇਂ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹੋਣ, ਸਭ ਨੂੰ ਗ੍ਰਿਫ਼ਤਾਰ ਜ਼ਰੂਰ ਕਰਨਾ ਹੈ। ਸਾਡੇ ਕੋਲ ਕਾਫ਼ੀ ਸਬੂਤ ਹਨ। ਸਾਡੇ ਕੋਲ ਇੰਨ੍ਹੇ ਸਬੂਤ ਹਨ ਕਿ ਕੋਈ ਵੀ ਸਾਡੀ ਜਾਂਚ ਨੂੰ ਡੀਫੇਮ ਨਹੀਂ ਕਰ ਸਕਦਾ।ਅਗਲੇ ਡੇਢ ਮਹੀਨੇ ਅੰਦਰ ਸਭ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਹਾਲਾਂਕਿ 12 ਅਕਤੂਬਰ ਤੱਕ ਐੱਸਆਈਟੀ ਨੇ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੀ ਕਹਿੰਦੇ ਹਨ ਪੀੜ੍ਹਤ ਸਿੱਖ ਪਰਿਵਾਰ
ਐੱਸਆਈਟੀ ਨੇ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ ਵਿੱਚ 70 ਸਾਲਾ ਕੈਲਾਸ਼ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। 65 ਸਾਲ ਦੇ ਅਵਤਾਰ ਸਿੰਘ 1984 ਵਿੱਚ 27 ਸਾਲ ਦੇ ਸੀ ਜਦੋਂ ਇੱਕ ਨਵੰਬਰ ਨੂੰ ਸਵੇਰੇ ਅੱਠ ਵਜੇ ਫਿਰਕੂ ਗੁੰਡਿਆਂ ਨੇ ਉਨ੍ਹਾਂ ਦਾ ਘਰ ਘੇਰ ਲਿਆ ਸੀ। ਅਵਤਾਰ ਸਿੰਘ ਦੱਸਦੇ ਹਨ, ‘‘ਅਸੀਂ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਲਈਆਂ। ਪਰ ਜਦੋਂ ਕਮਰੇ ਵਿੱਚ ਅੱਗ ਲੱਗ ਗਈ ਤਾਂ ਇੱਕ-ਇੱਕ ਕਰਕੇ ਸਾਰੇ ਖਿੜਕੀ ਤੋੜ ਕੇ ਉਥੋਂ ਨਿਕਲਣ ਲੱਗੇ ਅਤੇ ਜਿਵੇਂ ਹੀ ਕੋਈ ਬਾਹਰ ਨਿਕਲਦਾ ਸੀ, ਮਾਰ ਦਿੱਤਾ ਜਾਂਦਾ ਸੀ।”
ਅਵਤਾਰ ਸਿੰਘ ਦੇ ਚਾਰ ਭਰਾਵਾਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਮਾਂ, ਪਿਤਾ ਅਤੇ ਭੈਣ ਨੂੰ ਘਰ ਦੇ ਸਾਹਮਣੇ ਵਾਲੇ ਮਕਾਨ ਵਿੱਚ ਸਾੜ ਦਿੱਤਾ ਗਿਆ ਸੀ। ਉਨ੍ਹਾਂ ਦੀ ਭੈਣ ਦਾ 28 ਨਵੰਬਰ ਨੂੰ ਵਿਆਹ ਹੋਣਾ ਸੀ ਪਰ ਇੱਕ ਨਵੰਬਰ ਨੂੰ ਇਹ ਭਾਣਾ ਵਾਪਰ ਗਿਆ। ਅਵਤਾਰ ਸਿੰਘ ਇੱਕ ਖੰਡਰਨੁਮਾਂ ਮਕਾਨ ਵਿੱਚ ਚਾਰ-ਪੰਜ ਘੰਟੇ ਤੱਕ ਲੁਕੇ ਰਹੇ ਅਤੇ ਸ਼ਾਮ ਨੂੰ ਫ਼ੌਜ ਦੇ ਜਵਾਨ ਉਸ ਨੂੰ ਬਚਾ ਕੇ ਛਾਉਣੀ ਲਿਆਏ।
ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਕੈਲਾਸ਼ ਪਾਲ ਦੀ ਗ੍ਰਿਫ਼ਤਾਰੀ ਬਾਰੇ ਅਵਤਾਰ ਸਿੰਘ ਦਾ ਕਹਿਣਾ ਹੈ ਕਿ ‘‘ਸਾਡੇ ਮੁਕੱਦਮੇ ਵਿੱਚ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਜੋ ਖ਼ਾਸ-ਖ਼ਾਸ ਹਨ ਸਾਰੇ ਫੜੇ ਜਾ ਰਹੇ ਹਨ।” ਅਵਤਾਰ ਸਿੰਘ ਅਨੁਸਾਰ ਫ਼ਿਲਹਾਲ ਉਸ ਨੇ ਆਪਣੀ ਗਵਾਹੀ ਨਹੀਂ ਦਿੱਤੀ, ਪਰ ਜਦੋਂ ਉਨ੍ਹਾਂ ਦਾ ਕੇਸ ਖੁੱਲ੍ਹੇਗਾ ਤਾਂ ਉਹ ਗਵਾਹੀ ਦੇਵੇਗਾ।” ਹੁਣ ਉਹ ਇੱਕ ਛੋਟੀ ਜਿਹੀ ਪਰਚੂਨ ਦੀ ਦੁਕਾਨ ਚਲਾਉਂਦੇ ਹਨ।
ਅਵਤਾਰ ਸਿੰਘ ਕਹਿੰਦਾ ਹੈ, ‘‘ਉਸ ਨੂੰ ਕਲੇਮ ਵੀ ਭਾਜਪਾ ਸਰਕਾਰ ਵਿੱਚ ਮਿਲਿਆ।ਉਸ ਵੇਲੇ ਤਾਂ ਕਾਂਗਰਸ ਦੀ ਹੀ ਸਰਕਾਰ ਸੀ। ਐਨਡੀ ਤਿਵਾਰੀ ਉਸ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੀ।ਪਰ ਉਹਨਾਂ ਨੇ ਕਾਤਲਾਂ ਨੂੰ ਖੁਲੀ ਛੁਟੀ ਦਿਤੀ। ਉਹ ਸਾਨੂੰ ਇਨਸਾਫ ਕਿਉਂ ਦਿੰਦੇ? ਮੁੱਖ ਮੰਤਰੀ ਅਦਿਤਿਯਾਨਾਥ ਨੇ ਸਾਨੂੰ ਬੁਲਾਕੇ ਪੂਰਾ ਭਰੋਸਾ ਦਵਾਇਆ ਹੈ ਕਿ ਇਨਸਾਫ ਮਿਲੇਗਾ। ਪੂਰੀ ਕਾਰਵਾਈ ਹੋਏਗੀ।”
ਸਿੱਖ ਕਤਲੇਆਮ ਵਿੱਚ ਕਾਨਪੁਰ ਦੇ ਰਾਮਬਾਗ਼ ਇਲਾਕੇ ਵਿੱਚ ਰਹਿਣ ਵਾਲੀ ਸੁਰਿੰਦਰ ਕੌਰ ਦੇ ਪਰਿਵਾਰ ’ਤੇ ਵੀ ਫਿਰਕੂ ਭੀੜ ਨੇ ਹਮਲਾ ਕੀਤਾ ਸੀ।68 ਸਾਲਾ ਸੁਰਿੰਦਰ ਕੌਰ ਉਹ ਵੇਲਾ ਯਾਦ ਕਰਦਿਆਂ ਕਹਿੰਦੇ ਹਨ, ‘‘ਮੇਰੇ ਪਤੀ ਦੀ ਪੁੜਪੁੜੀ ਵਿੱਚ ਗੋਲੀ ਲੱਗੀ ਸੀ ਅਤੇ ਸਿਰ ’ਤੇ ਡੰਡੇ ਮਾਰੇ ਗਏ ਸੀ। ਮੇਰੇ ਜੇਠ ਦੀ ਪਿੱਠ ਅਤੇ ਢਿੱਡ ਵਿੱਚ ਚਾਕੂ ਮਾਰਿਆ ਸੀ। ਉਨ੍ਹਾਂ ਦੀਆਂ ਅੰਤੜੀਆਂ ਬਾਹਰ ਆ ਗਈਆਂ ਸੀ। ਗੁੰਡੇ ਸਾਡੇ ਘਰ ’ਤੇ ਹਮਲਾ ਕਰ ਰਹੇ ਸੀ। ਕੋਲ ਪੁਲਿਸ ਖੜੀ ਤਮਾਸ਼ਾ ਦੇਖ ਰਹੀ ਸੀ, ਪਰ ਕੋਈ ਮਦਦ ਨਹੀਂ ਸੀ ਕਰ ਰਿਹਾ। ਫਿਰ ਸਾਡੀ ਜਾਣ-ਪਛਾਣ ਦਾ ਨੇੜੇ ਰਹਿੰਦਾ ਇੱਕ ਮੁੰਡਾ ਜੀਪ ਲੈ ਕੇ ਆਇਆ ਅਤੇ ਉਸ ਨੇ ਸਾਨੂੰ ਉੱਥੋਂ ਕੱਢਿਆ।”
ਇਸ ਫਿਰਕੂ ਹਿੰਸਾ ਵਿੱਚ ਸੁਰਿੰਦਰ ਕੌਰ ਦੇ ਪਤੀ ਅਤੇ ਜੇਠ ਦੀ ਜਾਨ ਚਲੀ ਗਈ ਸੀ।
ਐੱਸਆਈਟੀ ਦੀ ਜਾਂਚ ਬਾਰੇ ਸੁਰਿੰਦਰ ਕੌਰ ਕਹਿੰਦੇ ਹਨ, ‘‘ਕਾਰਵਾਈ ਕਰ ਰਹੇ ਹਨ, ਚੰਗੀ ਗੱਲ ਹੈ ਪਰ ਦੇਰ ਨਾਲ ਮਿਲਿਆ ਇਨਸਾਫ਼, ਇਨਸਾਫ਼ ਨਾ-ਮਿਲਣ ਦੇ ਬਰਾਬਰ ਹੈ।”
ਗ੍ਰਿਫ਼ਤਾਰੀਆਂ ਬਾਰੇ ਸੁਰਿੰਦਰ ਕੌਰ ਪੁੱਛਦੇ ਹਨ, ‘‘ਜਿਨ੍ਹਾਂ ਲੋਕਾਂ ਨੂੰ ਤੁਸੀਂ ਫੜ ਰਹੇ ਹੋ, ਚੰਗੀ ਗੱਲ ਹੈ। ਪਰ ਜੋ ਲੋਕ 35-35 ਸਾਲ ਅਜ਼ਾਦ ਘੁੰਮਦੇ ਰਹੇ, ਹੁਣ ਉਨ੍ਹਾਂ ਦੀ ਉਮਰ ਵੈਸੇ ਵੀ ਲੰਘ ਚੁੱਕੀ ਹੈ। ਹੁਣ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟੋਗੇ ਜਾਂ ਕੁਝ ਕਰੋਗੇ ਤਾਂ ਕੀ ਇਹ ਇਨਸਾਫ਼ ਹੋ ਗਿਆ?”
ਸੁਰਿੰਦਰ ਕੌਰ ਨੇ ਕਿਹਾ, ‘‘ਜਦੋਂ ਇਨ੍ਹਾਂ ਨੂੰ ਫੜਨਾ ਸੀ, ਜਦੋਂ ਕੁਝ ਕਰਨਾ ਸੀ, ਉਦੋਂ ਤਾਂ ਕੁਝ ਕੀਤਾ ਨਹੀਂ।”
ਗੁਰਦਿਆਲ ਸਿੰਘ ਅਤੇ ਕਮਲਜੀਤ ਕੌਰ ਦੇ ਵਿਆਹ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ ਜਦੋਂ ਉਸ ਹਿੰਸਾ ਵਿੱਚ ਕਮਲਜੀਤ ਨੇ ਆਪਣੇ ਪਤੀ ਨੂੰ ਗੁਆ ਲਿਆ ਸੀ।
ਕਮਲਜੀਤ ਕੌਰ ਦੱਸਦੀ ਹੈ, ‘‘ਗੁਰਦਿਆਲ ਗੁਰਦੁਆਰੇ ਪਾਠ ਕਰਨ ਗਏ ਸੀ। ਖ਼ਬਰ ਆਈ ਕਿ ਹਮਲਾ ਹੋਇਆ ਹੈ। ਅਸੀਂ ਉੱਥੇ ਕਿਸੇ ਨੂੰ ਜਾਣਦੇ-ਪਛਾਣਦੇ ਨਹੀਂ ਸੀ। ਕਮਲਜੀਤ ਕੌਰ ਨੂੰ ਪਤੀ ਦੇ ਕਤਲ ਬਾਰੇ ਕਰਫਿਊ ਖੁੱਲ੍ਹਣ ਤੋਂ ਅੱਠ ਦਿਨ ਬਾਅਦ ਪਤਾ ਲੱਗਿਆ ਅਤੇ ਉਨ੍ਹਾਂ ਨੂੰ ਪਤੀ ਦੀ ਲਾਸ਼ ਵੀ ਨਹੀਂ ਮਿਲੀ।
ਐੱਸਆਈਟੀ ਦੀ ਕਾਰਵਾਈ ਬਾਰੇ ਉਹ ਕਹਿੰਦੇ ਹਨ, ‘‘ਸਾਰੇ ਲੋਕ ਚਾਹੁੰਦੇ ਹਨ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੈਂ ਕਿਸੇ ਨੂੰ ਦੇਖਿਆ ਨਹੀਂ ਹੈ ਤਾਂ ਮੈਂ ਕਿਸ ਨੂੰ ਗੁਨਾਹਗਾਰ ਕਹਿ ਦੇਵਾਂ।”
ਇਨਸਾਫ਼ ਦੇ ਸਵਾਲ ’ਤੇ ਕਮਲਜੀਤ ਕੌਰ ਨੇ ਕਿਹਾ, ‘‘ਇੰਨ੍ਹੇ ਸਾਲ ਬਾਅਦ ਕੌਣ ਕਿਸੇ ਨੂੰ ਪਛਾਣ ਸਕਦਾ ਹੈ, ਕਿੱਥੇ ਕੌਣ ਰਹਿੰਦਾ ਹੈ, ਕੋਈ ਨਹੀਂ ਜਾਣਦਾ। ਤਾਂ ਕਿਵੇਂ ਉਮੀਦ ਲਗਾਈਏ ਕਿ ਹੁਣ ਸਾਨੂੰ ਇਨਸਾਫ਼ ਮਿਲੇਗਾ।” ਉਨ੍ਹਾਂ ਦੱਸਿਆ ਕਿ ਹੁਣ ਤੱਕ ਅੱਠ ਲੱਖ ਰੁਪਏ ਮੁਆਵਜ਼ਾ ਮਿਲਿਆ ਹੈ।
ਨਵੀਨ ਸਿੰਘ ਕਾਨਪੁਰ ਦੀ ਆਰਡੀਨੈਂਸ ਫ਼ੈਕਟਰੀ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਵੀ ਇਸੇ ਫ਼ੈਕਟਰੀ ਵਿੱਚ ਕੰਮ ਕਰਦੇ ਸਨ। ਠੀਕ ਇਸੇ ਫ਼ੈਕਟਰੀ ਦੇ ਬਾਹਰ ਕੁਲਵੰਤ ਸਿੰਘ ਨੂੰ ਫਿਰਕੂ ਗੁੰਡਿਆ ਨੇ ਅੱਗ ਲਗਾਕੇ ਸਾੜ ਦਿਤਾ। ਉਸ ਸਮੇਂ ਮਨਵੀਨ ਸਿਰਫ਼ 14 ਸਾਲ ਦਾ ਸੀ।37 ਸਾਲ ਪੁਰਾਣੀ ਇਸ ਦਰਦਨਾਕ ਘਟਨਾ ਨੂੰ ਯਾਦ ਕਰਦਿਆਂ ਮਨਵੀਨ ਕਹਿੰਦੇ ਹਨ, ” ਸਾਨੂੰ ਉਨ੍ਹਾਂ ਦੀ ਲਾਸ਼ ਵੀ ਨਹੀਂ ਮਿਲੀ।
ਗੱਲ ਕਰਦਿਆਂ ਮਨਵੀਨ ਦੀਆਂ ਅੱਖਾਂ ਭਰ ਆਉਂਦੀਆਂ ਹਨ। ਉਹ ਕਹਿੰਦੇ ਹਨ, ‘‘ਲਗਦਾ ਹੈ ਰੋਜ਼ ਪਿਤਾ ਦੀ ਲਾਸ਼ ਤੋਂ ਹੋ ਕੇ ਲੰਘਦਾ ਹਾਂ। ਅੱਖਾਂ ਉਨ੍ਹਾਂ ਨੂੰ ਲੱਭਦੀਆਂ ਸੀ, ਘੱਟੋ-ਘੱਟ ਲਾਸ਼ ਹੀ ਦੇ ਦਿੰਦੇ ਤਾਂ ਵੀ ਚੈਨ ਮਿਲ ਜਾਂਦਾ।” ਮਨਵੀਨ ਮੁਤਾਬਕ ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਵੇਲੇ ਫ਼ੈਕਟਰੀ ਨਾਲ ਸਬੰਧਤ ਇੱਕ ਸ਼ਖਸ ਵੱਲੋਂ ਐੱਫ਼ਆਈਆਰ ਲਿਖਵਾਈ ਗਈ ਸੀ ਜਿਸ ਦੀ ਕਾਪੀ ਉਸ ਨੂੰ ਕਾਫ਼ੀ ਸਮਾਂ ਬਾਅਦ ਮਿਲੀ। ਉਹ ਕਹਿੰਦੇ ਹਨ, ‘‘ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਇਸ ਲਈ ਯੋਗੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ।”

ਕੌਣ ਹਨ ਐੱਸਆਈਟੀ ਵਾਲੇ ‘ਸਰਦਾਰ ਜੀ’ ਸੁਰਜੀਤ ਉਬਰਾਏ?
ਇਨ੍ਹਾਂ ਮਾਮਲਿਆਂ ਨੂੰ ਜਾਂਚ ਤੱਕ ਪਹੁੰਚਾਉਣ ਵਿੱਚ ਕਾਨਪੁਰ ਦੇ ਸੁਰਜੀਤ ਓਬਰਾਏ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੀ ਪਛਾਣ ਐੱਸਆਈਟੀ ਵਾਲੇ ਸਰਦਾਰ ਜੀ ਵਜੋਂ ਬਣ ਚੁੱਕੀ ਹੈ। ਉਨ੍ਹਾਂ ਦੇ ਘਰ ਬਾਹਰ ਨਾਮ ਦੀ ਤਖ਼ਤੀ ਤੋਂ ਇਲਾਵਾ, ‘ਵਿਭਾਗ ਮੁਖੀ, ਵਿਸ਼ਵ ਹਿੰਦੂ ਪ੍ਰੀਸ਼ਦ, ਕਾਨਪੁਰ ਮਹਾਂਨਗਰ’ ਦਾ ਬੋਰਡ ਵੀ ਲੱਗਿਆ ਸੀ। ਸੁਰਜੀਤ ਓਬਰਾਏ ਕਹਿੰਦੇ ਹਨ ਕਿ ਉਨ੍ਹਾਂ ਨੇ ਕੇਸਾਂ ਵਿੱਚ ਗਵਾਹਾਂ ਨੂੰ ਤਿਆਰ ਕਰਨ ਵਿੱਚ ਮਦਦ ਕੀਤੀ ਹੈ।
12 ਸਾਲ ਦੀ ਉਮਰ ਵਿੱਚ ਸੁਰਜੀਤ ਓਬਰਾਏ ਨੇ ਖ਼ੁਦ ਕਤਲੇਆਮ ਦੇਖਿਆ ਸੀ। ਉਹ ਕਹਿੰਦੇ ਹਨ, ‘‘ਦੰਗਾਕਾਰੀ ਮੇਰੇ ਘਰ ਵਿੱਚ ਵੀ ਆ ਗਏ ਸੀ ਅਤੇ ਮੈਨੂੰ ਸਾੜਨਾ ਚਾਹੁੰਦੇ ਸੀ। ਉਨ੍ਹਾਂ ਨੇ ਘਰ ਦਾ ਦਰਵਾਜ਼ਾ ਵੀ ਤੋੜ ਦਿੱਤਾ ਸੀ, ਮੇਰੇ ਭਰਾ ਨੇ ਮੈਨੂੰ ਬਚਾਇਆ।” ਸੁਰਜੀਤ ਕਹਿੰਦੇ ਹਨ, ‘‘ਪੁਲਿਸ ਨੂੰ ਸਿੱਧੇ ਦੇਖ ਕੇ ਉਹ ਘਬਰਾ ਜਾਂਦੇ ਸੀ। ਫਿਰ ਅਸੀਂ ਸਿੱਖ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਤੱਕ ਪਹੁੰਚ ਕਰਦੇ ਹਾਂ। ਉਹਨਾਂ ਨੂੰ ਜਦੋਂ ਭਰੋਸਾ ਹੋ ਜਾਂਦਾ ਫਿਰ ਆਪਣੇ ਦਿਲ ਦੀ ਗੱਲ ਦੱਸਦੇ ਸੀ। ਇਸ ਤਰ੍ਹਾਂ ਅਸੀਂ ਹੌਲੀ-ਹੋਲੀ ਅੱਗੇ ਵਧਦੇ ਗਏ।” ਉਹ ਦੱਸਦੇ ਹਨ, ‘‘ਵੀਐੱਚਪੀ ਦੀ ਜ਼ਿੰਮੇਵਾਰੀ ਮੈਨੂੰ ਜੁਲਾਈ ਮਹੀਨੇ ਵਿੱਚ ਹੀ ਮਿਲੀ ਹੈ। ਪਰ ਇਸ ਤੋਂ ਪਹਿਲਾਂ ਤੋਂ ਹੀ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਸੀ, ਜਦੋਂ ਸਿਰਸਾ ਸਾਹਿਬ ਸੀ। ਉਨ੍ਹਾਂ ਨੇ ਹੀ ਮੈਨੂੰ ਇਸ ਕੰਮ ਲਈ ਚੁਣਿਆ ਸੀ। ਇਸ ਵਿੱਚ ਪੂਰੀ ਤਰ੍ਹਾਂ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮਦਦ ਕਰਦੀ ਹੈ।’’
ਸੁਰਜੀਤ ਓਬਰਾਏ ਦੱਸਦੇ ਹਨ, ‘‘ਜਦੋਂ ਮੁਆਵਜ਼ੇ ਦਾ ਚੈੱਕ ਦੇਣ ਜਾਂਦੇ ਸੀ ਤਾਂ ਮਾਂਵਾਂ ਕਹਿੰਦੀਆਂ ਸੀ, ‘‘ਮੇਰੇ ਬੇਟੇ ਨੂੰ ਜਿਉਂਦਿਆਂ ਸਾੜ ਦਿੱਤਾ। ਮੇਰੇ ਪਤੀ ਨੂੰ ਮੇਰੀਆਂ ਅੱਖਾਂ ਸਾਹਮਣੇ ਸਾੜ ਦਿੱਤਾ। ਮੇਰੀ ਬੇਟੀ ਖਿੱਚ ਕੇ ਲੈ ਗਏ’, ਤਾਂ ਹੰਝੂ ਆ ਜਾਂਦੇ ਸੀ। ਮੈਂ ਕਿਹਾ ਕਿ ਮੈਂ ਕੌਮ ਦਾ ਕਰਜ਼ ਚੁਕਾਵਾਂਗਾ ਅਤੇ ਅੱਜ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ। ਮੈਨੂੰ ਸੰਤੁਸ਼ਟੀ ਹੈ ਕਿ ਮੁਲਜ਼ਮ ਜੇਲ੍ਹ ਜਾ ਰਹੇ ਹਨ।”

Comment here