ਪਟਿਆਲਾ- ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਪਹੁੰਚੇ। ਉਥੇ ਉਨ੍ਹਾਂ ਐਲਾਨ ਕੀਤਾ ਹੁਣ ਯੂਨੀਵਸਿਟੀਆਂ ਕਰਜੇ ਹੇਠਾਂ ਨਹੀਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਮੁੱਖ ਤਰਜੀਹ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਹਾਣ ਦੀ ਸਿੱਖਿਆ ਮੁਹੱਈਆਂ ਕਰਵਾਉਣਾ ਹੈ। ਮਾਨ ਨੇ ਸੂਬੇ ਨੂੰ ‘ਰੰਗਲਾ ਪੰਜਾਬ‘ ਬਣਾਉਣ ਲਈ ਨੌਜਵਾਨਾਂ ਤੋਂ ਪੂਰਨ ਸਹਿਯੋਗ ਤੇ ਸਮਰਥਨ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਡੇ ਨੌਜਵਾਨ ਮਹਾਨ ਗੁਰੂਆਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਬਹਾਦਰ ਨਾਇਕਾਂ ਤੋਂ ਸਦਾ ਪ੍ਰੇਰਨਾ ਲੈਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਚ ਬਦਲਾਖੋਰੀ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਲਈ ਕਿਸੇ ਨੂੰ ਵੀ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਅਧਿਆਪਕਾਂ ਮਸਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਕਿਹਾ ਕਿ ਇਨ੍ਹਾਂ ਨੂੰ ਮਸਲਿਆਂ ਨੂੰ ਬਹੁਤ ਜਲਦ ਹੱਲ ਕੀਤਾ ਜਾਵੇਗਾ ਅਤੇ ਹੁਣ ਕਿਸੇ ਵੀ ਅਧਿਆਪਕ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਦੀਆਂ ਟੈਂਕੀਆਂ ‘ਤੇ ਨਹੀਂ ਚੜਨਾ ਪਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਪੰਜਾਬ ਦੇ ਸਕੂਲ-ਕਾਲਜ ਅਧਿਆਪਕਾਂ ਤੋਂ ਸਿੱਖਿਆ ਤੋਂ ਬਿਨ੍ਹਾਂ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ। ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਜਵਾਨੀ ‘ਤੇ ਮਾਨ ਨੇ ਗਹਿਰੀ ਚਿੰਤਾ ਪ੍ਰਗਟਾਈ। ਭਗਵੰਤ ਮਾਨ ਨੇ ਕਿਹਾ, ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਪੰਜਾਬ ‘ਚ ਹੀ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ‘ਚ ਅਥਾਹ ਸ਼ਕਤੀ ਹੈ ਅਤੇ ਹੁਣ ਇਸ ਨੂੰ ਨਵੀਂ ਸੇਧ ਦਿੱਤੀ ਜਾਵੇਗੀ ਤਾਂ ਕਿ ਉਹ ਹੁਨਰਮੰਦ ਬਣਕੇ ਸਮਾਜ ਦੇ ਚੰਗੇ ਨਾਗਰਿਕ ਸਣ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸੂਬੇ ਵਿੱਚ ਹੀ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ। ਇਸ ਦੌਰਾਨ ਭਗਵੰਤ ਮਾਨ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕੀਤੀਆਂ। ਉਨ੍ਹਾਂ ਕਿਹਾ ਕਿ ਜਦੋਂ ਉਹ ਕਾਲਜ ਪੜ੍ਹਦੇ ਸੀ ਤਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਭਾਗ ਲੈਣ ਲਈ ਆਉਂਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਹਾਰਾਂ-ਜਿੱਤਾਂ ਦੇ ਕਈ ਉਤਰਾਅ ਚੜ੍ਹਾਅ ਵੀ ਵੇਖੇ। ਮੁੱਖ ਮੰਤਰੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ‘ਤੇ ਆਪਣੀਆਂ ਇੱਛਾਵਾਂ ਨਾ ਥੋਪਣ ਦੀ ਵੀ ਸਲਾਹ ਦਿੱਤੀ ਕਿ ਉਹ ਬਲਕਿ ਬੱਚਿਆਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਨੂੰ ਜੀਵਨ ‘ਚ ਅੱਗੇ ਵਧਣ ਦੀ ਖੁੱਲ੍ਹ ਦੇਣ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ‘ਚ ਅੱਗੇ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ 100 ਫ਼ੀਸਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮਾਨ ਵੱਲੋਂ ਮੁੱਖ ਮੰਤਰੀ ਬਨਣ ਦੇ ਕੁਝ ਦਿਨਾਂ ਅੰਦਰ ਹੀ ਇੱਥੇ ਆਉਣ ਦਾ ਫੈਸਲਾ ਕਰਨਾ ਸ. ਮਾਨ ਦੀ ਪੰਜਾਬੀ ਯੂਨੀਵਰਸਿਟੀ ਪ੍ਰਤੀ ਫ਼ਿਕਰਮੰਦੀ ਨੂੰ ਦਰਸਾਉਂਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵਿਜ਼ਨ ਅਤੇ ਰੰਗ ਮੰਚ ਮਹਾਂ ਉਤਸਵ ਦੇ ਸਮਾਪਤੀ ਮੌਕੇ ਉਘੇ ਫ਼ਿਲਮਕਾਰ ਮਨਮੋਹਨ ਸਿੰਘ, ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ, ਗੁੱਗੂ ਗਿੱਲ, ਵਿਜੇ ਟੰਡਨ, ਗਾਇਕ ਮੁਹੰਮਦ ਸਦੀਕ ਤੇ ਸੁਰਿੰਦਰ ਛਿੰਦਾ ਅਤੇ ਫ਼ਿਲਮ ਨਿਰਦੇਸ਼ਕ ਸੁਮੀਤ ਕੰਗ ਦਾ ਸਨਮਾਨ ਕੀਤਾ। ਮੁੱਖ ਮੰਤਰੀ ਨੇ ਐਸੋਸੀਏਸ਼ਨ ਦਾ ਸੋਵੀਨਰ ਵੀ ਰੀਲੀਜ਼ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਸਵਾਗਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਬਾਰੇ ਵਿਸਤ੍ਰਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਗੁਰਲਾਲ ਘਨੌਰ, ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਨੀਨਾ ਮਿੱਤਲ, ਚੇਤੰਨ ਸਿੰਘ ਜੌੜੇਮਾਜਰਾ, ਹਰਮੀਤ ਸਿੰਘ ਪਠਾਣਮਾਜਰਾ, ਕੁਲਵੰਤ ਸਿੰਘ ਬਾਜ਼ੀਗਰ, ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ, ਮੀਤ ਪ੍ਰਧਾਨ ਬੀਨੂ ਢਿੱਲੋਂ, ਸਕੱਤਰ ਮਲਕੀਤ ਰੌਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਦੇ ਅਤੇ ਟੀ.ਵੀ. ਕਲਾਕਾਰ ਅਤੇ ਵਿਦਿਆਰਥੀ ਮੌਜੂਦ ਸਨ।

Comment here