ਦੁਨੀਆਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਯੂਥ ਦੇ ਵਿਦੇਸ਼ ਜਾਣ ਦੇ ਰੁਝਾਨ ਨੇ ਪੰਜਾਬ ਦੇ 29 ਕਾਲਜ ਕੀਤੇ ਬੰਦ

ਵਿਸ਼ੇਸ਼ ਰਿਪੋਟ
ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵੱਧਣ ਕਾਰਣ ਪੰਜਾਬ ਦੇ ਕਾਲਜ ਲਗਾਤਾਰ ਖਾਲ੍ਹੀ ਹੋ ਰਹੇ ਹਨ। ਬਾਰ੍ਹਵੀਂ ਜਮਾਤ ਮਗਰੋਂ ਵਿਦਿਆਰਥੀ ਵਿਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ ਜਿਸ ਕਾਰਨ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣ ਲੱਗੀ ਹੈ। ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ (2020-21) ਦੀ ਹਾਲ ਹੀ ਵਿਚ ਜਾਰੀ ਰਿਪੋਰਟ ਵਿਚ ਇਹ ਤੱਥ ਸਾਹਮਣੇ ਆਏ ਹਨ। ਸਰਵੇ ਮੁਤਾਬਿਕ ਇਕੱਲੀ ਪੀ. ਐੱਚ. ਡੀ. ਦੀ ਡਿਗਰੀ ਹੈ ਜਿਸ ਵਿਚ ਵਿਦਿਆਰਥੀਆਂ ਦੀ ਰੁਚੀ ਵਧੀ ਹੈ। ਸਰਵੇ ਰਿਪੋਰਟ ਅਨੁਸਾਰ ਲੰਘੇ ਪੰਜ ਸਾਲਾਂ ਅੰਦਰ ਕਾਫ਼ੀ ਕਾਲਜ ਬੰਦ ਵੀ ਹੋ ਗਏ ਹਨ। 2020-21 ਦੌਰਾਨ ਸੂਬੇ ਵਿਚ 1039 ਕਾਲਜ ਸਨ ਜਦਕਿ 2016-17 ਵਿਚ ਇਨ੍ਹਾਂ ਕਾਲਜਾਂ ਦੀ ਗਿਣਤੀ 1068 ਸੀ। ਇਨ੍ਹਾਂ ਪੰਜ ਸਾਲਾਂ ਅੰਦਰ 29 ਕਾਲਜ ਬੰਦ ਹੋਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਉਚੇਰੀ ਸਿੱਖਿਆ ਲਈ 2017-18 ਵਿਚ 9.59 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਦਕਿ 2020-21 ਵਿਚ ਇਹ ਦਾਖਲਾ ਲੈਣ ਵਾਲੇ ਵਿਦਿਆਰਥੀ 8.33 ਲੱਖ ਰਹਿ ਗਏ ਸਨ। ਇਨ੍ਹਾਂ ਚਾਰ ਸਾਲਾਂ ਅੰਦਰ ਵਿਦਿਆਰਥੀਆਂ ਦੀ ਗਿਣਤੀ ਵਿਚ ਸਵਾ ਲੱਖ ਦੀ ਕਮੀ ਆਈ ਹੈ। ਬਹੁਤੇ ਪ੍ਰੋਫੈਸ਼ਨਲ ਕੋਰਸਾਂ ਲਈ ਤਾਂ ਕਾਲਜਾਂ ਵਿਚ ਪੂਰੀਆਂ ਸੀਟਾਂ ਹੀ ਨਹੀਂ ਭਰ ਰਹੀਆਂ ਹਨ। ਉਕਤ ਸਾਲਾਂ ਦੌਰਾਨ ਉਚੇਰੀ ਸਿੱਖਿਆ ਲਈ 65,339 ਲੜਕੀਆਂ ਤੇ 60,862 ਮੁੰਡਿਆਂ ਦੇ ਦਾਖ਼ਲਿਆਂ ਵਿਚ ਕਮੀ ਆਈ ਹੈ। ਪੰਜਾਬ ਵਿਚ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ 2016-17 ਵਿਚ ਸ਼ੁਰੂ ਹੋਇਆ ਸੀ ਜੋ ਤੇਜ਼ੀ ਨਾਲ ਵਧਿਆ ਹੈ। 2016 ਤੋਂ 2021 ਤੱਕ ਪੰਜਾਬ ਵਿਚੋਂ 2.62 ਲੱਖ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਗਏ ਹਨ। ਲੰਘੇ ਪੰਜ ਸਾਲਾਂ ਦਾ ਰੁਝਾਨ ਹੈ ਕਿ ਪੰਜਾਬ ਵਿਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੇ ਸਰਕਾਰੀ ਕਾਲਜਾਂ ਵਿਚੋਂ ਪੇਂਡੂ ਖੇਤਰ ਦੇ ਕਾਲਜ ਤਾਂ ਲਗਭਗ ਖਾਲੀ ਵਰਗੇ ਹੀ ਹਨ। ਨਵੇਂ ਕਾਲਜ ਤਾਂ ਪਿਛਲੇ ਸਮਿਆਂ ਵਿਚ ਖੁੱਲ੍ਹੇ ਹਨ ਪਰ ਉਨ੍ਹਾਂ ਵਿਚ ਨਾ ਪੜ੍ਹਾਉਣ ਵਾਲੇ ਹਨ ਅਤੇ ਨਾ ਹੀ ਪੜ੍ਹਨ ਵਾਲੇ। ਸਰਕਾਰੀ ਕਾਲਜਾਂ ਵਿਚ 2056 ਪ੍ਰਵਾਨਿਤ ਅਸਾਮੀਆਂ ਹਨ ਜਿਨ੍ਹਾਂ ਵਿਚੋਂ 650 ਅਸਾਮੀਆਂ ਖਾਲੀ ਪਈਆਂ ਹਨ। ਨਵੇਂ ਸਰਵੇ ਅਨੁਸਾਰ ਅੰਡਰ ਗਰੈਜੂਏਟ ਕੋਰਸਾਂ ਵਿਚ ਪੰਜ ਸਾਲਾਂ ਦੌਰਾਨ 56,466 ਦਾਖ਼ਲਿਆਂ ਦੀ ਕਮੀ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਪੋਸਟ ਗਰੈਜੂਏਟ ਕੋਰਸਾਂ ਵਿਚ 56,466 ਦਾਖ਼ਲੇ ਘਟੇ ਹਨ। ਅੰਡਰ ਗਰੈਜੂਏਸ਼ਨ ਲਈ 2016-17 ਵਿਚ 6.43 ਲੱਖ ਵਿਦਿਆਰਥੀ ਦਾਖਲ ਹੋਏ ਸਨ ਜਦਕਿ 2020-21 ਵਿੱਚ ਇਹ ਗਿਣਤੀ ਘੱਟ ਕੇ 5.86 ਲੱਖ ਰਹਿ ਗਈ ਹੈ। ਇਕ ਪਾਸੇ ਜਿੱਥੇ ਪੰਜਾਬ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਸਟੱਡੀ ਵੀਜ਼ੇ ’ਤੇ ਬਾਹਰ ਜਾ ਰਹੇ ਹਨ, ਉਥੇ ਹੀ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਨੂੰ ਵੀ ਤਰਜੀਹ ਦੇਣ ਲੱਗੇ ਹਨ। ਸਰਵੇ ਰਿਪੋਰਟ ਅਨੁਸਾਰ ਦੇਸ਼ ਭਰ ਵਿਚ 48035 ਵਿਦਿਆਰਥੀ ਵਿਦੇਸ਼ ਤੋਂ ਇੱਥੇ ਪੜ੍ਹਨ ਲਈ ਆਏ ਹਨ ਅਤੇ ਮੁਲਕ ਵਿਚੋਂ ਦੂਸਰਾ ਨੰਬਰ ਪੰਜਾਬ ਦਾ ਹੈ ਜਿੱਥੇ ਵਿਦੇਸ਼ਾਂ ਤੋਂ 6557 ਵਿਦਿਆਰਥੀ ਪੜ੍ਹਨ ਲਈ ਆਏ ਹਨ। ਕਰਨਾਟਕ ਪਹਿਲੇ ਨੰਬਰ ’ਤੇ ਹੈ ਜਿੱਥੇ 8137 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ ਹਨ। ਹਰਿਆਣਾ ਵਿਚ ਸਿਰਫ਼ 1837 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ ਹਨ।

Comment here