ਸਿਆਸਤਖਬਰਾਂਚਲੰਤ ਮਾਮਲੇ

ਯੂਕ੍ਰੇਨ ਦੇ ਜੰਗ ਜਿੱਤਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਵਾਪਸ ਪਰਤ ਸਕਣਗੇ-ਦਮਿਤਰੋ

ਕੀਵ-ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦੱਸਿਆ ਕਿ ਭਾਰਤੀ ਵਿਦਿਆਰਥੀ ਕਦੋਂ ਯੂਕ੍ਰੇਨ ਵਾਪਸ ਆ ਸਕਦੇ ਹਨ। ਪੂਰਬੀ ਯੂਰਪ ਦੇ ਇਸ ਦੇਸ਼ ਵਿੱਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਜ਼ਿਆਦਾਤਰ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਯੂਕ੍ਰੇਨ ਗਏ ਸਨ। ਇਕ ਭਾਰਤੀ ਨਿਊਜ਼ ਚੈਨਲ ਨੂੰ ਦਿੱਤੇ ਸੰਦੇਸ਼ ’ਚ ਕੁਲੇਬਾ ਨੇ ਖਾਸ ਤੌਰ ’ਤੇ ਭਾਰਤੀ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਯੂਕ੍ਰੇਨ ਜੰਗ ਜਿੱਤ ਜਾਵੇਗਾ ਤਾਂ ਇਹ ਵਿਦਿਆਰਥੀ ਵਾਪਸ ਪਰਤ ਸਕਣਗੇ।
ਜਿੱਤ ਤੋਂ ਬਾਅਦ ਹੋਵੇਗਾ ਸਵਾਗਤ
ਕੁਲੇਬਾ ਨੇ ਐਨਡੀਟੀਵੀ ਨੂੰ ਦਿੱਤੇ ਇੱਕ ਵਿਸ਼ੇਸ਼ ਸੰਦੇਸ਼ ਵਿੱਚ ਕਿਹਾ ਕਿ ਯੂਕ੍ਰੇਨ ਦੇ ਜਿੱਤ ਜਾਣ ’ਤੇ ਤੁਸੀਂ ਵਾਪਸ ਆ ਜਾਣਾ। ਤੁਸੀਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੋ। ਅਸੀਂ ਪੂਰਬੀ ਯੂਕ੍ਰੇਨ ਦੇ ਖਾਰਕੀਵ ਵਿੱਚ ਤੁਹਾਡੇ ਨਾਲ ਦੀਵਾਲੀ ਮਨਾਉਣ ਦੀ ਉਮੀਦ ਕਰਦੇ ਹਾਂ, ਜਿੱਥੇ ਇਹ ਤਿਉਹਾਰ ਸਥਾਨਕ ਪਰੰਪਰਾ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।’ ਮੈਡੀਕਲ ਕੋਰਸ ਕਰਨ ਲਈ ਯੂਕ੍ਰੇਨ ਗਏ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਇਸ ਸਾਲ ਫਰਵਰੀ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਵਾਪਸ ਭਾਰਤ ਲਿਆਂਦਾ ਗਿਆ ਸੀ। ਅੰਦਾਜ਼ਨ 18,000 ਭਾਰਤੀ ਵਿਦਿਆਰਥੀ ਯੁੱਧ ਦੌਰਾਨ ਯੂਕ੍ਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ।
ਵਿਦਿਆਰਥੀਆਂ ਦੇ ਡਰਾਉਣੇ ਅਨੁਭਵ
ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਯੁੱਧ ਖੇਤਰ ਤੋਂ ਵਾਪਸ ਆਉਣ ਤੋਂ ਪਹਿਲਾਂ ਕਈ ਭਿਆਨਕ ਤਜ਼ਰਬਿਆਂ ਵਿੱਚੋਂ ਗੁਜ਼ਰਨਾ ਪਿਆ। ਜੰਗ ਦੌਰਾਨ ਜਿਵੇਂ ਹੀ ਰੂਸ ਨੇ ਮਿਜ਼ਾਈਲਾਂ ਨਾਲ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜਾਨ ਬਚਾਉਣ ਲਈ ਬੰਕਰਾਂ ਵਿੱਚ ਸ਼ਰਨ ਲੈਣੀ ਪਈ। ਇਸ ਸਾਰੀ ਕਾਰਵਾਈ ਵਿੱਚ ਕਰਨਾਟਕ ਦੇ ਇੱਕ ਵਿਦਿਆਰਥੀ ਨੇ ਆਪਣੀ ਜਾਨ ਵੀ ਗਵਾਈ। ਇਹ ਵਿਦਿਆਰਥੀ ਰੂਸੀ ਪਾਸਿਓਂ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਸੀ। ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਨੂੰ ਹੁਣ 10 ਮਹੀਨੇ ਹੋਣ ਵਾਲੇ ਹਨ। ਕੋਈ ਨਹੀਂ ਜਾਣਦਾ ਕਿ ਇਹ ਜੰਗ ਕਦੋਂ ਰੁਕੇਗੀ ਅਤੇ ਕਦੋਂ ਹਾਲਾਤ ਆਮ ਵਾਂਗ ਹੋ ਜਾਣਗੇ।
ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਜੰਗੀ ਖੇਤਰ ਤੋਂ ਵਾਪਸ ਆਉਣ ਤੋਂ ਬਾਅਦ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਪੜ੍ਹਾਈ ਦਾ ਕੀ ਹੋਵੇਗਾ ਜੋ ਜੰਗ ਕਾਰਨ ਰੁਕ ਗਈ ਹੈ। ਕਈ ਵਿਦਿਆਰਥੀਆਂ ਨੇ ਵੀ ਅਧਿਕਾਰੀਆਂ ਤੋਂ ਮਦਦ ਮੰਗਣ ਲਈ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕੁਲੀਬਾ ਨੇ ਆਪਣੇ ਇੰਟਰਵਿਊ ਵਿੱਚ ਰੂਸ ਤੋਂ ਸਸਤੀ ਖਰੀਦਦਾਰੀ ਦੇ ਮੁੱਦੇ ਸਮੇਤ ਕਈ ਹੋਰ ਮੁੱਦਿਆਂ ਬਾਰੇ ਗੱਲ ਕੀਤੀ। ਕੁਲੇਬਾ ਨੇ ਕਿਹਾ ਕਿ ਅੱਜ ਭਾਰਤ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਦਲਾਅ ਲਿਆ ਸਕਦੇ ਹਨ।

Comment here