ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਮਨੁੱਖੀ ਅਧਿਕਾਰਾਂ ਦਾ ਰਾਖੇ ਸ੍ਰੀ ਕ੍ਰਿਸ਼ਨ ਜੀ

ਜਨਮ ਅਸ਼ਟਮੀ ‘ਤੇ ਵਿਸ਼ੇਸ਼

ਦੇਸ਼-ਵਿਦੇਸ਼ ਵਿਚ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਵਜੋਂ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਨਾਲ ਅਨੇਕਾਂ ਤਰ੍ਹਾਂ ਦੀਆਂ ਕਥਾਵਾਂ ਜੁੜੀਆਂ ਹੋਈਆਂ ਹਨ। ਦੁਨੀਆ ਭਰ ਦੇ ਅਨੇਕਾਂ ਵਿਦਵਾਨਾਂ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੇ ਕਰਮ ਦਰਸ਼ਨ ਦੀ ਫ਼ਿਲਾਸਫ਼ੀ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨੇ ਜਿਸ ਤਰ੍ਹਾਂ ਆਪਣੇ ਮਿੱਤਰ ਸੁਧਾਮਾ ਦਾ ਜੀਵਨ ਸੁਧਾਰ ਕੇ ਮਿੱਤਰਤਾ ਦੀ ਗੰਢ ਨੂੰ ਮਾਣ ਦਿੱਤਾ, ਜਿਸ ਤਰ੍ਹਾਂ ਪੂਤਨਾ ਵਰਗੀ ਔਰਤ ਦੇ ਸਾਹ ਸੂਤ ਕੇ ਉਸ ਦੀ ਜੀਵਨ ਲੀਲ੍ਹਾ ਖ਼ਤਮ ਕੀਤੀ, ਜਿਸ ਤਰ੍ਹਾਂ ਕੰਸ ਵਰਗੇ ਜ਼ਾਲਮ ਅਤੇ ਵਹਿਸ਼ੀ ਰਾਜੇ (ਮਾਮੇ) ਨੂੰ ਲੋਕਾਂ ਸਾਹਮਣੇ ਮੌਤ ਦੇ ਘਾਟ ਉਤਾਰਿਆ, ਦੁਰਯੋਧਨ ਵਰਗੇ ਦੁਸ਼ਟਾਂ ਅਤੇ ਉਸ ਦੀ ਫ਼ੌਜ ਨੂੰ ਧੂਲ ਚਟਾਈ, ਕਿਸ ਤਰ੍ਹਾਂ ਗਵਾਲੇ ਸਾਥੀਆਂ ਦੇ ਪਿਆਰ ਤੇ ਸਹਿਯੋਗ ਵਿਚ ਖੀਵੇ ਹੋਏ, ਗੋਵਰਧਨ ਪਰਬਤ ਨੂੰ ਰੋਕ ਕੇ ਇੰਦਰ ਦੇਵਤਾ ਨੂੰ ਆਪਣੇ ਸਰਬਸ਼ਕਤੀਮਾਨ ਹੋਣ ਦਾ ਪ੍ਰਮਾਣ ਦਿੱਤਾ, ਅਜਿਹਾ ਮਨੁੱਖੀ ਅਧਿਕਾਰਾਂ ਦਾ ਰਾਖਾ ਸ੍ਰੀ ਕ੍ਰਿਸ਼ਨ ਅੱਜ ਵੀ ਕਰੋੜਾਂ ਦਿਲਾਂ ‘ਤੇ ਰਾਜ ਕਰਦਾ ਹੈ ਅਤੇ ਆਪਣੇ ਹੱਕਾਂ ਲਈ ਲੜਨ ਦਾ ਸੰਦੇਸ਼ ਦਿੰਦਾ ਹੈ। ਭਗਵਤ ਗੀਤਾ ਦੇ 18 ਅਧਿਆਵਾਂ ਵਿਚ ਆਪਣੇ ਬੇਹੱਦ ਸਨੇਹੀ ਅਤੇ ਵਿਦਵਾਨ ਮਿੱਤਰ ਤੇ ਪਰਕਾਂਡ ਧਾਰਮਿਕ ਪੰਡਿਤ ਸ੍ਰੀ ਅਰਜਨ ਦੇ ਸੈਂਕੜੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਜ਼ਿੰਦਗੀ ਦਾ ਸਾਰ ਅਤੇ ਮਨੁੱਖੀ ਆਵਾਗਵਣ ਦੇ ਚੱਕਰ ਦੀ ਵਿਆਖਿਆ ਕੀਤੀ। ਇਸ ਤਰ੍ਹਾਂ ਸਪੱਸ਼ਟ, ਸੱਚੇ ਆਮ ਆਦਮੀ ਨੂੰ ਸੱਚ ਦੇ ਰਾਹ ‘ਤੇ ਤੋਰਨ ਦਾ ਗਿਆਨ ਘੱਟ ਹੀ ਪ੍ਰਾਪਤ ਹੁੰਦਾ ਹੈ। ਭਗਵਤ ਗ੍ਰੰਥ ਅਤੇ ਭਗਵਤ ਗੀਤਾ ਦੋ ਵੱਖਰੇ ਸ਼ਾਸਤਰ ਹਨ, ਜਿਨ੍ਹਾਂ ਦਾ ਮੂਲ ਸਾਰ ਸੰਨਿਆਸ ਯੋਗ, ਕਰਮਯੋਗ, ਗਿਆਨਯੋਗ ਅਤੇ ਭਗਤੀਯੋਗ ਵਿਚ ਸ਼ਾਮਿਲ ਹੈ। ਇਨ੍ਹਾਂ ਯੋਗਾਂ ਦੀ ਵਿਆਖਿਆ ਕਾਫ਼ੀ ਗੰਭੀਰਤਾ ਨਾਲ ਦਰਸਾਈ ਗਈ ਹੈ, ਪਰ ਸ੍ਰੀ ਕ੍ਰਿਸ਼ਨ ਭਗਵਾਨ ਦੇ ਮਿੱਤਰ ਸ੍ਰੀ ਅਰਜਨ ਅਤੇ ਊਧਵ ਵਰਗੇ ਭਗਤ ਲੱਖਾਂ ‘ਚੋਂ ਇਕ-ਦੋ ਹੀ ਹੋ ਸਕਦੇ ਹਨ, ਕਿਉਂਕਿ ਸੱਚ ਦਾ ਰਸਤਾ ਔਕੜਾਂ ਭਰਿਆ ਹੁੰਦਾ ਹੈ। ਦੁੱਖ ਅਤੇ ਸੁੱਖ ਨੂੰ ਇਕ ਸਮਝਣਾ ਕਿੰਨਾ ਔਖਾ ਲਗਦਾ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਦਾ ਮੋਹ ਕਿਵੇਂ ਤੋੜਿਆ? ਇਹ ਵੱਡਾ ਪ੍ਰਸ਼ਨ ਹੈ। ਜਿਸ ਦਾ ਉੱਤਰ 18 ਅਧਿਆਵਾਂ ਵਿਚ ਦਿੱਤਾ ਗਿਆ ਹੈ। ਜਿਸ ‘ਤੇ ਅਮਲ ਕਰਦਿਆਂ ਦੁਸ਼ਟ ਦੁਰਯੋਧਨ ਦੇ ਹਮਾਇਤੀ ਜੋ ਕਿਸੇ ਸਮੇਂ ਅਰਜਨ ਦੇ ਗੁਰੂ ਸਨ, ਅਰਜਨ ਦੇ ਤੀਰਾਂ ਦਾ ਸ਼ਿਕਾਰ ਹੋਏ। ਦੁਰਯੋਧਨ ਦੇ ਪਿਤਾ ਧ੍ਰਿਤਰਾਸ਼ਟਰ ਜੋ ਆਪਣੇ ਵਿਸ਼ਵਾਸਪਾਤਰ ਦਿੱਵ ਦ੍ਰਿਸ਼ਟੀ ਵਾਲੇ ਸੰਜੇ ਤੋਂ ਜੰਗ ਦਾ ਸਾਰ ਪੁੱਛ ਰਹੇ ਸਨ, ਪੁੱਤਰ ਮੋਹ ਤੇ ਲਾਲਚ ਵਿਚ ਤੜਫਦੇ ਰਹੇ।
ਇਤਿਹਾਸ ਵਿਚ ਇਕ ਸ਼ਾਨਦਾਰ ਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਜਿਨ੍ਹਾਂ ਨੇ ਵੀ ਜ਼ਾਲਮ ਔਰੰਗਜ਼ੇਬ ਵਿਰੁੱਧ ਸੰਘਰਸ਼ ਲਈ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਦੱਬੇ-ਕੁਚਲੇ ਲੋਕਾਂ ਦਾ ਇਕ ਤਰ੍ਹਾਂ ਨਾਲ ਹਿਰਦੇ ਪਰਿਵਰਤਨ ਕਰਕੇ ਉਨ੍ਹਾਂ ਨੂੰ ਬਹਾਦਰ ਬਣਾ ਦਿੱਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ਮਨੁੱਖੀ ਅਧਿਕਾਰਾਂ ਲਈ ਲੜਨ ਦੀ ਪ੍ਰੇਰਨਾ ਦਿੱਤੀ ਸੀ। ਸ੍ਰੀ ਕ੍ਰਿਸ਼ਨ ਭਗਵਾਨ ਗੀਤਾ ਗਿਆਨ ਵਿਚ ਪ੍ਰੇਰਨਾ ਦਿੰਦੇ ਹੋਏ ਗੀਤਾ ਵਿਚ ਕਹਿੰਦੇ ਹਨ ਕਿ ਕਿਉਂ ਵਿਅਰਥ ਦੀ ਚਿੰਤਾ ਕਰਦੇ ਹੋ? ਕਿਸ ਤੋਂ ਡਰਦੇ ਹੋ? ਕੌਣ ਤੁਹਾਨੂੰ ਮਾਰ ਸਕਦਾ ਹੈ? ਆਤਮਾ ਨਾ ਪੈਦਾ ਹੁੰਦੀ ਹੈ ਨਾ ਮਰਦੀ ਹੈ-ਜੋ ਹੋਇਆ, ਉਹ ਠੀਕ ਹੋਇਆ, ਜੋ ਹੋਵੇਗਾ ਉਹ ਵੀ ਠੀਕ ਹੋਵੇਗਾ। ਤੁਸੀਂ ਭਵਿੱਖ ਦੀ ਚਿੰਤਾ ਨਾ ਕਰੋ। ਵਰਤਮਾਨ ਚਲ ਰਿਹਾ ਹੈ। ਤੁਸੀਂ ਕੀ ਲਿਆਏ ਸੀ, ਜੋ ਖ਼ਤਮ ਹੋ ਗਿਆ ਹੈ। ਤੁਸੀਂ ਕੀ ਪੈਦਾ ਕੀਤਾ ਜੋ ਨਸ਼ਟ ਹੋ ਗਿਆ। ਤੁਸੀਂ ਜੋ ਵੀ ਲਿਆ ਇਥੋਂ ਲਿਆ, ਜੋ ਦਿੱਤਾ ਇੱਥੇ ਦਿੱਤਾ। ਅੱਜ ਜੋ ਤੁਹਾਡਾ ਹੈ ਕੱਲ੍ਹ ਕਿਸੇ ਹੋਰ ਦਾ ਸੀ, ਕੱਲ੍ਹ ਕਿਸੇ ਹੋਰ ਦਾ ਹੋਵੇਗਾ, ਸਚਾਈ ਦੀ ਇਸ ਗੱਲ ਤੋਂ ਤੁਸੀਂ ਕਿਉਂ ਪ੍ਰੇਸ਼ਾਨ ਹੋ। ਪਰਿਵਰਤਨ ਸੰਸਾਰ ਦਾ ਨਿਯਮ ਹੈ, ਜਿਸ ਨੂੰ ਤੁਸੀਂ ਮੌਤ ਕਹਿੰਦੇ ਹੋ, ਉਹ ਜੀਵਨ ਹੈ। ਮਿੰਟਾਂ ਵਿਚ ਕਰੋੜਪਤੀ ਹੋ ਜਾਂਦੇ ਹੋ, ਮਿੰਟਾਂ ਵਿਚ ਦਰਿੱਦਰ ਹੋ ਜਾਂਦੇ ਹੋ। ਮੇਰਾ ਤੇਰਾ, ਛੋਟਾ ਵੱਡਾ, ਆਪਣਾ ਪਰਾਇਆ ਮਨ ਤੋਂ ਮਿਟਾ ਦਿਉ-ਵਿਚਾਰਾਂ ਤੋਂ ਦੂਰ ਕਰ ਦਿਓ। ਫਿਰ ਸਭ ਕੁਝ ਤੁਹਾਡਾ ਹੈ, ਤੁਸੀਂ ਸਭ ਦੇ ਹੋ। ਨਾ ਇਹ ਸਰੀਰ ਤੁਹਾਡਾ ਹੈ, ਨਾ ਤੁਸੀਂ ਸਰੀਰ ਦੇ ਹੋ। ਇਹ ਅਗਨੀ, ਜਲ, ਹਵਾ, ਧਰਤੀ ਅਤੇ ਆਕਾਸ਼ ਤੋਂ ਬਣਿਆ ਹੈ, ਉਸ ਵਿਚ ਮਿਲ ਜਾਵੇਗਾ, ਪਰ ਆਤਮਾ ਸਥਿਰ ਵਸਤੂ ਹੈ। ਤੁਸੀਂ ਸਿਰਫ ਆਪਣੇ ਕਰਮ ‘ਤੇ ਧਿਆਨ ਕੇਂਦਰਿਤ ਕਰੋ। ਅਜੋਕੇ ਸਮਾਜ ਵਿਚ ਲੋਕ ਅਨੇਕਾਂ ਕਿਸਮ ਦੇ ਦਾਨ ਦੀ ਸੇਵਾ ਕਰਦੇ ਹਨ। ਆਪਣੇ ਨਾਮ ਵੀ ਲਿਖਾਉਂਦੇ ਹਨ। ਪਰ ਸੱਚੀ ਸੇਵਾ ਨਿਸ਼ਕਾਮਤਾ ਵਿਚ ਹੈ, ਸਾਕਾਮਤਾ ਵਿਚ ਨਹੀਂ ਅਤੇ ਮਨੁੱਖ ਅੰਦਰ ਇਹ ਭਾਵਨਾ ਨਹੀਂ ਆਉਣੀ ਚਾਹੀਦੀ ਕਿ ਕੁਝ ਮੈਂ ਕੀਤਾ ਹੈ। ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਇਸ ਤਰ੍ਹਾਂ ਚੁਗਲੀ, ਨਿੰਦਾ, ਹਿੰਸਾ, ਕਿਸੇ ਦਾ ਹੱਕ ਮਾਰਨਾ, ਨਰਕਾਂ ਦੇ ਰਾਹ ਹਨ। ਇਹ ਸਰਬਸਾਂਝਾ ਗਿਆਨ ਹੈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਨਾਲ ਹੀ ਜੀਵਨ ਸੁਖਮਈ ਢੰਗ ਨਾਲ ਅਨੰਦਪੂਰਵਕ ਬਿਤਾਇਆ ਜਾ ਸਕਦਾ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨਾਲ ਸੰਬੰਧਿਤ ਮਥਰਾ, ਵਰਿੰਦਾਵਨ, ਕੁਰੂਕਸ਼ੇਤਰ ਅਤੇ ਦਵਾਰਕਾ ਵਿਚ ਤਾਂ ਇਤਿਹਾਸਿਕ ਮੰਦਰਾਂ ਵਿਚ ਲੱਖਾਂ ਲੋਕ ਸਾਰਾ ਸਾਲ ਦਰਸ਼ਨ ਕਰਨ ਜਾਂਦੇ ਹਨ। ਸ੍ਰੀ ਕ੍ਰਿਸ਼ਨ ਦੀ ਵੱਡੀ ਅੰਤਰਰਾਸ਼ਟਰੀ ਸੰਸਥਾ ਇਸਕਾਨ ਹੈ, ਜਿਸ ਦੇ ਦੁਨੀਆ ਭਰ ਵਿਚ 800 ਕੇਂਦਰ ਹਨ। ਪੱਛਮੀ ਭਾਰਤ ਅਤੇ ਉੱਤਰੀ ਭਾਰਤ ਵਿਚ ਇਸਕਾਨ ਤੋਂ ਸਿਵਾ ਮਹਾਨ ਭਾਵ ਸ੍ਰੀ ਕ੍ਰਿਸ਼ਨ ਪੰਥ ਦੇ ਹਜ਼ਾਰਾਂ ਦੀ ਗਿਣਤੀ ਵਿਚ ਮੰਦਰ ਅਤੇ ਆਸ਼ਰਮ ਹਨ। ਮਹਾਰਾਸ਼ਟਰ ‘ਚ ਸ੍ਰੀ ਕ੍ਰਿਸ਼ਨ ਭਗਵਾਨ ਦੇ ਚਾਰ ਅਵਤਾਰ ਹੋਏ ਮੰਨੇ ਜਾਂਦੇ ਹਨ, ਜਿਨ੍ਹਾਂ ਵਿਚ ਸ੍ਰੀ ਦਤਾਤ੍ਰੇ ਮਹਾਰਾਜ, ਸ੍ਰੀ ਚੱਕਰ ਪਾਣੀ ਮਹਾਰਾਜ, ਸ੍ਰੀ ਗੋਬਿੰਦ ਪ੍ਰਭੂ ਮਹਾਰਾਜ, ਅਤੇ ਸਵਾਮੀ ਸ੍ਰੀ ਚੱਕਰਧਰ ਸਵਾਮੀ ਮਹਾਰਾਜ ਸ਼ਾਮਿਲ ਹਨ। ਉਹ ਸਭ ਸ੍ਰੀ ਚੱਕਰਧਰ ਸਵਾਮੀ ਦੁਆਰਾ ਰਚਿਤ ਸ੍ਰੀਮਦਭਗਵਤ ਦੀ ਤਰਜ਼ ‘ਤੇ ਬ੍ਰਹਮ ਵਿੱਦਿਆ ਸ਼ਾਸਤਰ ਜੋ ਮਰਾਠੀ ਵਿਚ ਹੈ, ਦਾ ਅਧਿਐਨ ਕਰਦੇ ਸਨ। ਇਸ ਤਰ੍ਹਾਂ ਦੇਸ਼ ਭਰ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਜਨਮ ਅਸ਼ਟਮੀ ਦੇ ਦਿਨ ਵੱਖ-ਵੱਖ ਲੀਲ੍ਹਾਵਾਂ ਦਰਸਾ ਕੇ ਰਾਤ 12 ਵਜੇ, ਜਦੋਂ ਸ੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਹੋੋਇਆ, ਤੱਕ ਮਨਾਇਆ ਜਾਂਦਾ ਹੈ। ਰਾਸਲੀਲ੍ਹਾ ਦੇ ਕਲਾਕਾਰ ਲੀਲ੍ਹਾਵਾਂ ਦਾ ਮੰਚਨ ਕਰਦੇ ਹਨ।

-ਟੀਡੀ ਚਾਵਲਾ

Comment here