ਬਰਨਾਲਾ-ਰੋਜ਼ੀ-ਰੋਟੀ ਕਮਾਉਣ ਗਏ ਪਿੰਡ ਛੀਨੀਵਾਲਾ ਕਲਾਂ ਦੇ ਨੌਜਵਾਨ ਦਾ ਮਨੀਲਾ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (26) ਪੁੱਤਰ ਬਲਵੀਰ ਸਿੰਘ ਵਜੋਂ ਹੋਈ ਹੈ, ਜੋ ਕਿ 5 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਮਨੀਲਾ ਗਿਆ ਸੀ। ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨਾਲ ਸਬੰਧਿਤ ਇਸ ਨੌਜਵਾਨ ਨੂੰ ਉਸਦੇ ਭਰਾ ਵਲੋਂ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸੀ, ਜੋ ਕੁਝ ਮਹੀਨੇ ਬਾਅਦ ਪਿੰਡ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਮਨੀਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲ਼ੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ ਜਿਸ ਰਾਤ ਕੁਲਵਿੰਦਰ ਸਿੰਘ ਦਾ ਕਤਲ ਹੋਇਆ, ਉਸ ਦਿਨ ਨੌਜਵਾਨ ਦਾ ਜਨਮਦਿਨ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਸ਼ੁੱਕਰਵਾਰ ਦੀ ਸਵੇਰੇ 2 ਵਜੇ ਦੇ ਕਰੀਬ 2 ਵਿਅਕਤੀਆਂ ਨੇ ਦਿੱਤੀ।
ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਕੁਲਵਿੰਦਰ ਸਿੰਘ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਉੱਥੇ ਪਈ ਹੋਈ ਸੀ। ਉਸ ਦੇ ਮੱਥੇ ‘ਤੇ ਇਕ ਗੋਲ਼ੀ ਮਾਰੀ ਹੋਈ ਸੀ ਜਦਕਿ ਉਸਦੇ ਪੱਟ ਅਤੇ ਹੱਥ ‘ਤੇ ਵੀ ਗੋਲ਼ੀਆਂ ਦੇ ਨਿਸ਼ਾਨ ਸਨ। ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਕੋਲ ਇਕ ਕਾਲੇ ਰੰਗ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪਰਿਵਾਰ ਮ੍ਰਿਤਕ ਕੁਲਵਿੰਦਰ ਦੀ ਲਾਸ਼ ਨੂੰ ਭਾਰਤ ਲਿਆਉਣ ‘ਚ ਅਸਮਰੱਥ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ‘ਚ ਸੋਗ ਦੀ ਲਹਿਰ ਦੋੜ ਗਈ ਹੈ।
ਮਨੀਲਾ ‘ਚ ਬਰਨਾਲਾ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

Comment here