ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਅਨੈਤਿਕ ਗਠਜੋੜ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਅਨੈਤਿਕ ਗਠਜੋੜ ਕਰਨ ਵਾਸਤੇ ਪੰਜਾਬ ਨੂੰ ਵਰਤਿਆ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਆਪ ਤੇ ਕਾਂਗਰਸ ਦੋ ਮੂੰਹੇ ਸੱਪ ਹਨ ਜੋ ਇਕ ਦੂਜੇ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਇਹੀ ਸੱਚਾਈ ਉਹਨਾਂ ਦੀ ਸਾਹਮਣੇ ਆਈ ਹੈ ਤੇ ਦੋਵੇਂ ਲੋਕਾਂ ਨੂੰ ਧੋਖਾ ਦੇਣ ਵਿਚ ਮਾਹਿਰ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿਚ ਸੀਟਾਂ ਦੇ ਬੈਠਣ ਦੀ ਨਵੀਂ ਤਰਤੀਬ ਦਾ ਐਲਾਨ ਕਰ ਕੇ ਕਾਂਗਰਸ ਦੇ ਵਿਧਾਇਕਾਂ ਨੂੰ ਹੁਣ ਸੱਤਾਧਾਰੀ ਧਿਰ ਵਾਲੇ ਬੈਂਚਾਂ ’ਤੇ ਬੈਠਣ ਦੀ ਥਾਂ ਅਲਾਟ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿਚ ਅਧਿਕਾਰਤ ਵਿਰੋਧੀ ਧਿਰ ਦਾ ਭੋਗ ਪੈ ਗਿਆ ਹੈ। ਇਹ ਹੁਣ ਵਿਰੋਧੀ ਧਿਰ ਨਹੀਂ ਰਹੀ ਤੇ ਇਹ ਗੱਲ ਅਧਿਕਾਰ ਤੌਰ ’ਤੇ ਸਾਹਮਣੇ ਹੈ। ਕਾਂਗਰਸ ਹੁਣ ਸੱਤਾਧਾਰੀ ਪਾਰਟੀ ਦਾ ਹਿੱਸਾ ਬਣ ਗਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਆਪਸੀ ਲੈਣ ਦੇਣ ਵਾਸਤੇ ਸਮਝੌਤਾ ਕੀਤਾ ਜਿਸ ਵਿਚ ਪੰਜਾਬ ਦੀ ਸ਼ਹਾਦਤ ਦਿੱਤੀ ਗਈ ਹੈ ਤੇ ਕੌਮੀ ਪੱਧਰ ’ਤੇ ਖੇਡਾਂ ਖੇਡੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਅਤੇ ਖਾਲਸਾ ਪੰਥ ਦੇ ਅਸਲ ਪ੍ਰਤੀਨਿਧਾਂ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਰੋਕਣ ਵਾਸਤੇ ਸਾਜ਼ਿਸ਼ਾਂ ਰਚੀਆਂ ਹਨ ਤੇ ਇਹ ਰਲ ਕੇ ਖੇਡ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਗਠਜੋੜ ਦੇ ਰਸਮੀ ਐਲਾਨ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਸਰਦਾਰ ਮਜੀਠੀਆ ਨੇ ਦੋਵੇਂ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਪਾਰਟੀਆਂ ਦੇ ਰਲੇਵੇਂ ਨੂੰ ਦੋਵਾਂ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਵੱਡੀ ਗੱਦਾਰੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਸਿਰਫ ਅਕਾਲੀ ਦਲ ਨਾਲ ਆਪਣੀ ਨਫਰਤ ਸਾਂਝੀ ਕਰਨ ਵਾਸਤੇ ਵਿਧਾਨ ਸਭਾ ਚੋਣਾਂ ਵਿਚ ਇਕ ਦੂਜੇ ਦਾ ਵਿਰੋਧ ਕਰਨ ਦਾ ਡਰਾਮਾ ਰਚਿਆ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਦੇ ਰਲਗੱਢ ਹੋਣ ਵਿਚ ਕੁਝ ਵੀ ਨਵਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਦਿੱਲੀ ਵਿਚ ਵੀ ਪਹਿਲਾਂ ਅਜਿਹਾ ਹੀ ਕੀਤਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿਚ ਇਹ ਇਕ ਦੂਜੇ ਦਾ ਵਿਰੋਧ ਕਰਨ ਦਾ ਢਕਵੰਜ ਕਰਦੀਆਂ ਰਹੀਆਂ ਤੇ ਪੰਜਾਬ ਦੇ ਮਾਸੂਮ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਲੋਕਾਂ ਦੀ ਲੁੱਟ ਕਰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਕਰ ਕੇ ਦੋਵਾਂ ਪਾਰਟੀਆਂ ਦੀ ਸ਼ਮੂਲੀਅਤ ਵਾਲੇ ਨਵੇਂ ਘਟਨਾਕ੍ਰਮ ਵਿਚ ਕੁਝ ਵੀ ਨਵਾਂ ਨਹੀਂ ਹੈ ਬਲਕਿ ਇਹ ਧੋਖੇ ਦਾ ਰਸਮੀ ਰੂਪ ਸਾਹਮਣੇ ਆਇਆ ਹੈ ਜੋ ਇਹ ਕਈ ਸਾਲਾਂ ਤੋਂ ਲੋਕਾਂ ਨੂੰ ਦਿੰਦੀਆਂ ਆ ਰਹੀਆਂ ਹਨ।
ਮਜੀਠੀਆ ਨੇ ਕਾਂਗਰਸ-ਆਪ ਦੇ ਅਨੈਤਿਕ ਗਠਜੋੜ ਦੀ ਕੀਤੀ ਨਿਖੇਧੀ

Comment here