ਮੋਹਾਲੀ-ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਵਿਜੀਲੈਂਸ ਦੇ ਲਪੇਟੇ ਚ ਆ ਗਏ। ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਚੁੱਕਣ ਦੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਸਵੇਰੇ ਕਾਂਗਰਸ ਨੇ ਮੁਹਾਲੀ ਵਿੱਚ ਵਿਜੀਲੈਂਸ ਮੁਖੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਉਸ ਸਮੇਂ ਆਸ਼ੂ ਵੀ ਮੋਹਾਲੀ ‘ਚ ਹੀ ਸੀ ਪਰ ਵਿਜੀਲੈਂਸ ਨੇ ਉਸ ਨੂੰ ਉਥੇ ਗ੍ਰਿਫਤਾਰ ਨਹੀਂ ਕੀਤਾ, ਲੁਧਿਆਣਾ ਪਹੁੰਚਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮੰਡੀਆਂ ਵਿੱਚੋਂ ਅਨਾਜ ਦੀ ਲਿਫਟਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂ ਰਾਮ, ਸਾਥੀ ਜਗਰੂਪ ਸਿੰਘ, ਗੁਰਦਾਸ ਰਾਮ ਐਂਡ ਕੰਪਨੀ ਅਤੇ ਸੰਦੀਪ ਭਾਟੀਆ ਖ਼ਿਲਾਫ਼ ਕੇਸ ਦਰਜ ਕਰਕੇ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਸੀ।ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਆਸ਼ੂ ਦੇ ਨਜ਼ਦੀਕੀ ਮੀਨੂੰ ਮਲਹੋਤਰਾ ਦਾ ਨਾਮ ਲਿਆ ਸੀ ਅਤੇ ਉਸ ਦੇ ਘਰ ਛਾਪਾ ਮਾਰਿਆ ਸੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਵਰਣਨਯੋਗ ਹੈ ਕਿ ਆਸ਼ੂ ਪਹਿਲਾਂ ਹੀ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰ ਚੁੱਕੇ ਹਨ। ਪੰਜਾਬ ‘ਚ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਵੀ ਆਸ਼ੂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਪਰ ਉਦੋਂ ਕੈਪਟਨ ਨੇ ਆਸ਼ੂ ਦਾ ਬਚਾਅ ਕਰਦਿਆਂ ਕਲੀਨ ਚਿੱਟ ਦੇ ਦਿੱਤੀ ਸੀ। ਦਰਅਸਲ, ਨਵਾਂਸ਼ਹਿਰ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ 2020-21 ਵਿੱਚ ਖੁਰਾਕ ਸਪਲਾਈ ਵਿਭਾਗ ਨੇ ਅਨਾਜ ਦੀ ਲਿਫਟਿੰਗ ਦਾ ਠੇਕਾ ਮਨਪਸੰਦ ਠੇਕੇਦਾਰ ਨੂੰ ਦੇਣ ਦੀ ਨੀਤੀ ਬਦਲ ਦਿੱਤੀ ਸੀ। ਸਾਲ 2019-20 ਤੱਕ ਪਾਲਿਸੀ ਵਿੱਚ ਖਰੀਦ ਕਲਸਟਰ ਦੀ ਸਮਰੱਥਾ ਕਣਕ ਦੀ ਆਮਦ ਦੇ ਹਿਸਾਬ ਨਾਲ ਹੀ ਤੈਅ ਕੀਤੀ ਗਈ ਸੀ। ਵਿਭਾਗ ਨੇ 2020-21 ਵਿੱਚ ਝੋਨੇ ਦੇ ਨਾਲ-ਨਾਲ ਕਣਕ ਦੀ ਆਮਦ ਦੇ ਹਿਸਾਬ ਨਾਲ ਖਰੀਦ ਕਲੱਸਟਰ ਦੀ ਸਮਰੱਥਾ ਤੈਅ ਕੀਤੀ ਹੈ। ਇਸ ਕਾਰਨ ਮੁਕਾਬਲਾ ਘਟ ਗਿਆ। ਕਈ ਠੇਕੇਦਾਰਾਂ ਨੇ ਟੈਂਡਰ ਵਿੱਚ ਹਿੱਸਾ ਨਹੀਂ ਲਿਆ ਤਾਂ ਕਈ ਠੇਕੇਦਾਰਾਂ ਦੀਆਂ ਕਮੀਆਂ ਦੂਰ ਕਰਕੇ ਠੇਕਾ ਰੱਦ ਕਰ ਦਿੱਤਾ ਗਿਆ। ਬਾਅਦ ਵਿੱਚ ਠੇਕੇਦਾਰ ਤੇਲੂ ਰਾਮ ਅਤੇ ਉਸ ਦੇ ਸਾਥੀਆਂ ਨੂੰ ਠੇਕਾ ਦੇ ਦਿੱਤਾ ਗਿਆ। ਦੋਸ਼ ਹੈ ਕਿ ਠੇਕਾ ਲੈਣ ਲਈ ਤੇਲੂ ਰਾਮ ਅਤੇ ਉਸ ਦੇ ਸਾਥੀਆਂ ਨੇ ਜਿਨ੍ਹਾਂ ਵਾਹਨਾਂ ਦੇ ਨੰਬਰ ਦਿੱਤੇ ਸਨ, ਉਹ ਦੋਪਹੀਆ ਵਾਹਨ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਗੇਟ ਪਾਸ ਦੀ ਪੁਸ਼ਟੀ ਕੀਤੇ ਬਿਨਾਂ ਭੁਗਤਾਨ ਕੀਤਾ ਗਿਆ ਸੀ। ਉਸ ਸਮੇਂ ਭਾਰਤ ਭੂਸ਼ਣ ਆਸ਼ੂ ਖੁਰਾਕ ਸਪਲਾਈ ਮੰਤਰੀ ਸਨ। ਇਸ ਲਈ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਇਸ ਘਪਲੇ ਵਿੱਚ ਆਸ਼ੂ ਅਤੇ ਉਸ ਦੇ ਪੀ.ਏ ਦਾ ਨਾਂ ਵੀ ਸਾਹਮਣੇ ਆਇਆ ਹੈ।
ਕਾਂਗਰਸ ਨੇ ਕੀਤਾ ਵਿਜੀਲੈੰਸ ਦਫਤਰ ਮੂਹਰੇ ਹੰਗਾਮਾ
ਪੰਜਾਬ ਭਰ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਅੱਗੇ ਰੋਸ ਵਿਖਾਵਾ ਕਰਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੇਸ ‘ਚ ਨਾਮਜ਼ਦ ਕਰਨ ਦਾ ਵਿਰੋਧ ਕੀਤਾ। ਕਾਂਗਰਸੀਆਂ ਦੇ ਧਰਨੇ ਦੇ ਵਿਚਕਾਰ ਹੀ ਠੇਕੇਦਾਰ ਯੂਨੀਅਨ ਵੀ ਪੁੱਜ ਗਈ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਿਜੀਲੈਂਸ ਦੀ ਕਾਰਵਾਈ ਨੂੰ ਸਹੀ ਠਹਿਰਾਇਆ। ਇਹ ਮਸਲਾ ਲੰਬੇ ਸਮੇਂ ਤਕ ਚੱਲਦਾ ਰਿਹਾ। ਇਸ ਦੌਰਾਨ ਕਾਂਗਰਸ ਦੀ ਕਾਨੂੰਨੀ ਟੀਮ ਵੀ ਮੌਜੂਦ ਸੀ ਜੋ ਕਿ ਇਥੇ ਮੰਗ ਪੱਤਰ ਸੌਂਪਣ ਲਈ ਇਥੇ ਪੁੱਜੇ ਸਨ। ਮੰਗ ਪੱਤਰ ਦੇਣ ਸਮੇਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ ਤੋਂ ਇਲਾਵਾ ਕਾਂਗਰਸ ਦੇ ਵੱਡੇ ਲੀਡਰ ਹਾਜ਼ਰ ਸਨ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਕਾਂਗਰਸੀ ਵਰਕਰਾਂ ਨੂੰ ਵਿਜੀਲੈਂਸ ਤੇ ਪਰਚਿਆਂ ਦੇ ਨਾਂਅ ‘ਤੇ ਡਰਾਉਣ-ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ‘ਆਮ ਆਦਮੀ ਪਾਰਟੀ’ ਦੀ ਸਰਕਾਰ ਲਗਾਤਾਰ ਕਾਂਗਰਸੀਆਂ ‘ਤੇ ਵਿਜੀਲੈਂਸ ਰਾਹੀਂ ਗਿ੍ਫ਼ਤਾਰ ਕਰਵਾਉਣ ਦਾ ਭੈਅ ਬਣਾ ਰਹੀ ਹੈ। ਕਾਂਗਰਸੀਆਂ ਨੂੰ ਸੁੱਤੇ ਪਏ ਉਨ੍ਹਾਂ ਦੇ ਘਰਾਂ ਤੋਂ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਵਿਜੀਲੈਂਸ ਪਹਿਲਾਂ ਸੰਮਨ ਤਾਮੀਲ ਕਰਵਾਏ, ਇਸ ਤੋਂ ਬਾਅਦ ਉਸ ਦੇ ਬਿਆਨ ਲਏ ਜਾਣ, ਫੇਰ ਕੋਈ ਕੇਸ ਦਰਜ ਕੀਤਾ ਜਾਵੇ ਪਰ ਅਜਿਹਾ ਨਾ ਕਰਕੇ ਸੁੱਤੇ ਪਏ ਸਾਬਕਾ ਤੇ ਮੌਜੂਦਾ ਲੀਡਰਾਂ ਨੂੰ ਘਰਾਂ ਵਿਚੋਂ ਜਾਂ ਤਾਂ ਚੁੱਕਿਆ ਜਾ ਰਿਹਾ ਹੈ ਜਾਂ ਚੁੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰਾਜਾ ਵੜਿੰਗ ਨੇ ਪਿਛਲੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਾਲੇ ਕੇਸ ‘ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ। ਵੜਿੰਗ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਾਈਵੇਟ ਠੇਕੇਦਾਰ ਕੋਲੋਂ ਜਿਹੜੀ ਡਾਇਰੀ ਫੜੀ ਗਈ ਹੈ, ਅਸਲ ‘ਚ ਉਹ ਆਪ ਤਿਆਰ ਕਰਵਾਈ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਮਾਂ ਆਉਣ ‘ਤੇ ਡਾਇਰੀ ਤਿਆਰ ਕਰਨ ਵਾਲੇ ਬੰਦੇ ਵੀ ਸਾਹਮਣੇ ਆਉਣਗੇ। ਵੜਿੰਗ ਨੇ ਮੌਜੂਦਾ ਦੌਰ ‘ਚ ਬਿਆਨਾਂ ਦੇ ਆਧਾਰ ‘ਤੇ ਕੀਤੇ ਜਾ ਰਹੇ ਪਰਚਿਆਂ ਨੂੰ ਸਿਆਸਤ ਤੋਂ ਪੇ੍ਰਿਤ ਦੱਸਿਆ। ਉਨ੍ਹਾਂ ਕਿਹਾ ਕਿ ਜੇ ਬਿਆਨਾਂ ਦੇ ਆਧਾਰ ‘ਤੇ ਪਰਚੇ ਦਰਜ ਕੀਤੇ ਜਾਣੇ ਹਨ ਤਾਂ ਸਾਡੇ ਬਿਆਨਾਂ ‘ਤੇ ਵੀ ਕਰੋ’ ਨਹੀਂ ਤਾਂ ਕਾਨੂੰਨੀ ਪ੍ਰਕਿਰਿਆ ਨੂੰ ਆਧਾਰ ਬਣੇ ਕੇ ਪੂਰੀ ਪੜਤਾਲ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਆਦਮੀ ਪਾਰਟੀ ਵੱਲੋਂ ਆਪਣੇ ਹੀ ਮੰਤਰੀ ਸਿੰਗਲਾ ਖ਼ਿਲਾਫ਼ ਭਿ੍ਸ਼ਟਾਚਾਰ ਦੇ ਦੋਸ਼ਾਂ ‘ਚ ਗਿ੍ਫਤਾਰ ਕਰਨਾ ਮਹਿਜ਼ ਨਾਟਕ ਸੀ ਕਿਉਜੋ ‘ਆਪ’ ਸਿਰਫ਼ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ‘ਚ ਜਿੱਤ ਹਾਸਲ ਕਰਨਾ ਚਾਹੁੰਦੀ ਸੀ। ਵੜਿੰਗ ਨੇ ਇਹ ਵੀ ਕਿ ਜੇਕਰ ਸਿੰਗਲਾ ਐਨਾ ਜ਼ਿਆਦਾ ਭਿ੍ਸ਼ਟਾਚਾਰ ਕਰਦਾ ਸੀ ਤਾਂ ਆਮ ਆਦਮੀ ਪਾਰਟੀ ਦਾ ਮੰਤਰੀ ਅਮਨ ਅਰੋੜਾ ਮਾਨਸਾ ‘ਚ ਉਸ ਨਾਲ ਜੱਫ਼ੀਆਂ ਕਿਉਂ ਪਾਈ ਬੈਠਾ ਸੀ।
ਰਵਨੀਤ ਬਿੱਟੂ ਦਾ ਵਿਜੀਲੈਂਸ ਨਾ ਪਿਆ ਪੇਚਾ
ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੌਰਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਜੀਲੈਂਸ ਵਿਭਾਗ ਦੀ ਟੀਮ ਨਾਲ ਬਹਿਸ ਕੀਤੀ ਅਤੇ ਸੈਲੂਨ ’ਚ ਡੀ. ਐੱਸ. ਪੀ. ਨਾਲ ਬਦਸਲੂਕੀ ਕੀਤੀ। ਇਸ ਤੋਂ ਇਲਾਵਾ ਉਸ ਨੇ ਆਸ਼ੂ ਨੂੰ ਆਪਣੇ ਨਾਲ ਲਿਜਾਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਅਜਿਹਾ ਕਰਕੇ ਬਿੱਟੂ ਨੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ। ਇਸ ਸਾਰੀ ਘਟਨਾ ਦੀ ਵੀਡੀਓ ਮੋਬਾਈਲ ’ਤੇ ਬਣਾਈ ਗਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਚੰਡੀਗੜ੍ਹ ਤੋਂ ਮਿਲੇ ਨਿਰਦੇਸ਼ਾਂ ’ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੂੰ ਸ਼ਿਕਾਇਤ ਦਿੱਤੀ।
ਜੇ ਬੇਕਸੂਰ ਹੋ ਤਾਂ ਡਰਦੇ ਕਿਉਂ ਹੋ-ਕੰਗ
ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਵੱਲੋਂ ਦਿੱਤੇ ਧਰਨੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭ੍ਰਿਸ਼ਟ ਅਤੇ ਨਾਪਾਕ ਲੋਕ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਾਂਚਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੀ ਆਪਣੇ ਸਵਾਰਥੀ ਅਤੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੀ ਬਜਾਏ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਣ ਦੀ ਸਲਾਹ ਦਿੱਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਵੱਲੋਂ ਲਾਏ ਗਏ ਬਦਲਾਖੋਰੀ ਦੀ ਰਾਜਨੀਤੀ ਦੇ ਬੇਤੁਕੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਸਾਰੇ ਆਗੂ ਵਿਜੀਲੈਂਸ ਦੀ ਜਾਂਚ ਤੋਂ ਕਿਉਂ ਡਰਦੇ ਹਨ। ਕੰਗ ਨੇ ਕਿਹਾ, “ਜੇ ਉਹ ਬੇਕਸੂਰ ਹਨ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਹ ਨਿਰਪੱਖ ਜਾਂਚ ਤੋਂ ਭੱਜ ਕਿਉਂ ਰਹੇ ਹਨ? ਨਿਰਪੱਖ ਜਾਂਚ ਦਾ ਸਾਹਮਣਾ ਕਰੋ ਅਤੇ ਅਦਾਲਤਾਂ ਵਿੱਚ ਆਪਣੀ ਬੇਗੁਨਾਹੀ ਸਾਬਤ ਕਰੋ।” ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਉਦਾਹਰਨ ਦਿੰਦਿਆਂ ਕੰਗ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਵੀ ਉਨ੍ਹਾਂ ਵਾਂਗ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਉਹ ਬੇਕਸੂਰ ਹਨ ਅਤੇ ਝੂਠੇ ਕੇਸਾਂ ਤੋਂ ਡਰਦੇ ਨਹੀਂ ਅਤੇ ਜਲਦ ਹੀ ਅਦਾਲਤ ਵਿੱਚ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਡਰੱਗ ਮਾਫੀਆ ਵਿਰੁੱਧ ਧਰਨੇ ਦੇਣ ਦੀ ਸਲਾਹ ਦਿੱਤੀ। ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਜਨਤਾ ਦੇ ਪੈਸੇ ਦੀ ਲੁੱਟ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਲੋਕ ਕਈ ਘੁਟਾਲਿਆਂ, ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਸਨ ਅਤੇ ਹੁਣ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਤੋਂ ਭ੍ਰਿਸ਼ਟਾਚਾਰੀ ਆਗੂ ਘਬਰਾਏ ਹੋਏ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਸਜ਼ਾ ਮਿਲੇਗੀ। ਕੰਗ ਅਨੁਸਾਰ, “ਮਾਨ ਸਰਕਾਰ ਵੱਲੋਂ ਫੂਡ ਐਂਡ ਸਪਲਾਈ, ਟਰਾਂਸਪੋਰਟ ਅਤੇ ਮਾਈਨਿੰਗ ਵਿਭਾਗ ਦੀਆਂ ਫਾਈਲਾਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਇਨ੍ਹਾ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੱਧੂ ਅਤੇ ਹੋਰ ਕਾਂਗਰਸੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਪਿਛਲੀ ਸਰਕਾਰ ਦੌਰਾਨ ਹੋਏ ਵੱਖ-ਵੱਖ ਘੁਟਾਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।”ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਹੋਏ 150 ਕਰੋੜ ਰੁਪਏ ਦੇ ਘਪਲੇ ਦੀ ਵੀ ਜਾਂਚ ਚੱਲ ਰਹੀ ਹੈ। ‘ਆਪ’ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿ ਉਹ ਲੋਕਾਂ ਦੇ ਸਾਹਮਣੇ ਸੱਚਾਈ ਲਿਆਵੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਦੇਵੇ। ਉਹਨਾਂ ਸਾਬਕਾ ਜੇਲ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ‘ਤੇ ਕਾਂਗਰਸ ਸਰਕਾਰ ਦੌਰਾਨ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਉਣ ਲਈ ਮੋਹਾਲੀ ਵਿਖੇ ਫਰਜ਼ੀ ਐਫਆਈਆਰ ਦਰਜ ਕਰ ਰੋਪੜ ਕੇਂਦਰੀ ਜੇਲ੍ਹ ‘ਚ ਉਸਨੂੰ ‘ਵੀਵੀਆਈਪੀ ਟ੍ਰੀਟਮੈਂਟ’ ਦੇਣ ਦਾ ਦੋਸ਼ ਵੀ ਲਗਾਇਆ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਟਿਚਰ ਕਰਦਿਆਂ ਉਨ੍ਹਾਂ ਕਿਹਾ ਕਿ ‘ਛੱਲਾ ਮੁੜ ਕੇ ਨੀ ਆਇਆ’ ਅਤੇ ਆਪਣੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਨਾਲ ਪੈਸਾ ਇਕੱਠਾ ਕਰ ਹੁਣ ਵਿਦੇਸ਼ ‘ਚ ‘ਲੁਕਿਆ’ ਬੈਠਾ ਹੈ।
Comment here