ਚੰਡੀਗੜ੍ਹ-ਅੱਜ ਦੁਪਹਿਰ ਵੇਲੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਗੁਰੂ ਘਰ ਅੰਦਰ ਦਾਖਲ ਹੋ ਗਿਆ ਤੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਗ੍ਰੰਥੀ ਸਿੰਘ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੰਗਤ ਨੇ ਉਸ ਨੂੰ ਕਾਬੂ ਕਰ ਲਿਆ। ਬਾਅਦ ਵਿਚ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤੋਂ ਬਾਅਦ ਸੰਗਤ ਨੇ ਮੋਰਿੰਡਾ ਥਾਣੇ ਦਾ ਘਿਰਾਉ ਕਰ ਦਿੱਤਾ ਹੈ ਅਤੇ ਮੁਲਜ਼ਮ ਨੂੰ ਸੰਗਤ ਹਵਾਲੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਉਤੇ ਉਚ ਪੁਲਿਸ ਅਧਿਕਾਰੀ ਪੁੱਜ ਗਏ ਅਤੇ ਸੰਗਤ ਨੂੰ ਸਾਂਤੀ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਉਧਰ, ਰੋਹ ਵਿਚ ਆਈ ਸੰਗਤ ਨੇ ਸੜਕ ਜਾਮ ਕਰਕੇ ਮੰਗ ਕੀਤੀ ਕਿ ਮੁਲਜ਼ਮ ਨੂੰ ਉਨ੍ਹਾਂ ਹਵਾਲੇ ਕੀਤਾ ਜਾਵੇ। ਜਿਸ ਤੋਂ ਬਾਅਦ ਮਾਮਲਾ ਭਖ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਧਰਨਾ ਦੇ ਰਹੀ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮੌਕੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਮੌਕੇ ਉਤੇ ਪੁੱਜੇ। ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਇਹ ਬੰਦਾ ਕੋਈ ਮੰਦਬੁੱਧੀ ਨਹੀਂ ਹੈ। ਇਸ ਬੰਦੇ ਨੇ ਇੱਕ ਟਾਰਗੇਟ ਬਣਾ ਕੇ ਇਹ ਬੇਅਦਬੀ ਕੀਤੀ ਹੈ। ਚੰਨੀ ਨੇ ਕਿਹਾ ਕਿ ਇਹ ਸਭ ਕੁਝ ਇਕ ਸਾਜਿਸ਼ ਦੇ ਤਹਿਤ ਹੋਇਆ ਹੈ। ਚੰਨੀ ਨੇ ਕਿਹਾ ਕਿ ਮੈਂ ਸੰਗਤ ਦੇ ਫੈਸਲੇ ਨਾਲ ਹਾਂ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋਰਿੰਡਾ ਬੇਅਦਬੀ ਮਾਮਲੇ ਉਤੇ ਟਵਿਟ ਕੀਤਾ ਹੈ। ਉਨ੍ਹਾਂ ਇਸ ਮਾਮਲੇ ਦੀ ਕੜੀ ਨਿੰਦਿਆ ਕਰਦਿਆਂ ਕਿਹਾ ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
Comment here