ਸਿਆਸਤਖਬਰਾਂ

ਬੀਬੀ ਭੱਠਲ ਨੇ ਕੈਪਟਨ ਨੂੰ ਦੱਸਿਆ ਭਾਜਪਾ ਪੱਖੀ

ਨਾਭਾ-ਲੰਘੇ ਦਿਨੀਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਉੱਘੇ ਸਮਾਜ ਸੇਵੀ ਸੁਭਾਸ਼ ਗਾਬਾ ਦੀ ਅੰਤਮ ਅਰਦਾਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਉਤੇ ਤਿੱਖੇ ਵਾਰ ਕੀਤੇ। ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਸ਼ੁਰੂ ਤੋਂ ਹੀ ਬੀਜੇਪੀ ਨਾਲ ਮਿਲਿਆ ਹੋਇਆ ਸੀ ਜਦੋਂ ਅਸੀਂ ਈਵੀਐਮ ਮਸ਼ੀਨਾਂ ਸਬੰਧੀ ਰਾਸ਼ਟਰਪਤੀ ਕੋਲ ਮਿਲਣ ਜਾਣਾ ਸੀ ਤਾਂ ਕੈਪਟਨ ਵੱਲੋਂ ਉਦੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸਾਨੂੰ ਉਦੋਂ ਹੀ ਸ਼ੱਕ ਪੈ ਗਿਆ ਸੀ ਕਿ ਕੈਪਟਨ ਬੀਜੇਪੀ ਨਾਲ ਮਿਲਿਆ ਹੋਇਆ ਹੈ। ਕੈਪਟਨ ਵੱਲੋਂ ਤਾਂ ਬੀਐਸਐਫ ਦੇ ਦਾਇਰੇ ਨੂੰ ਵਧਾਉਣ ਉਤੇ ਵੀ ਉਨ੍ਹਾਂ ਦੇ ਹੱਕ ਵਿੱਚ ਹਾਮੀ ਭਰੀ ਸੀ। ਕਿਸਾਨੀ ਅੰਦੋਲਨ ਉਤੇ ਬੀਬੀ ਭੱਠਲ ਨੇ ਕਿਹਾ ਕਿ ਮੋਦੀ ਨੂੰ ਹੁਣ ਸੁਰਤ ਆਈ ਹੈ ਕਿਉਂਕਿ ਹੁਣ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ।
ਮੋਦੀ ਨੂੰ ਡਰ ਸੀ ਕਿ ਉਹ ਯੂਪੀ ਆਪਣਾ ਗੜ੍ਹ ਨਾ ਹਾਰ ਜਾਵੇ ਪਰ ਲੋਕ ਹੁਣ ਬੀਜੇਪੀ ਨੂੰ ਮੂੰਹ ਨਹੀਂ ਲਗਾਉਣਗੇ। ਬੀਬੀ ਭੱਠਲ ਨੇ ਕਿਹਾ ਕਿ ਮੋਦੀ ਨੇ ਸਿਰਫ਼ ਕਿਸਾਨੀ ਅੰਦੋਲਨ ਖ਼ਤਮ ਲਈ ਹੀ ਦੋ ਸ਼ਬਦ ਵਰਤੇ ਹਨ ਪਰ ਜੋ ਕਿਸਾਨਾਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਬਾਰੇ ਅਤੇ ਲਖੀਮਪੁਰ ਕਾਂਡ ਬਾਰੇ ਕਿਸੇ ਤਰ੍ਹਾਂ ਦਾ ਵੀ ਦੁੱਖ ਪ੍ਰਗਟਾਵਾ ਨਹੀਂ ਕੀਤਾ।
ਨਰਿੰਦਰ ਮੋਦੀ ਨੂੰ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬੀਬੀ ਭੱਠਲ ਨੇ ਕਿਹਾ ਕਿ ਭਾਵੇਂ ਹੀ ਨਰਿੰਦਰ ਮੋਦੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ ਪਰ ਕਿਸਾਨਾਂ ਅਤੇ ਪੂਰੇ ਦੇਸ਼ ਨੂੰ ਇਸ ਉਤੇ ਬਿਲਕੁਲ ਭਰੋਸਾ ਨਹੀਂ ਕਿ ਇਹ ਕਾਨੂੰਨ ਰੱਦ ਹੋਏ ਹਨ, ਜਦੋਂ ਤੱਕ ਪਾਰਲੀਮੈਂਟ ਵਿੱਚ ਇਹ ਮਤਾ ਪਾਸ ਨਹੀਂ ਕਰ ਦਿੰਦੇ ਉਦੋਂ ਤੱਕ ਕਿਸਾਨ ਨਹੀਂ ਉੱਠਣਗੇ।
ਬੀਬੀ ਭੱਠਲ ਨੇ ਨਰਿੰਦਰ ਮੋਦੀ ਉਤੇ ਵਾਰ ਕਰਦਿਆਂ ਕਿਹਾ ਕਿ ਪੂਰੇ ਭਾਰਤ ਦਾ ਸਾਰੀ ਦੁਨੀਆਂ ਵਿੱਚ ਨਰਿੰਦਰ ਮੋਦੀ ਨੇ ਸਿਰ ਝੁਕਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਚੋਣ ਲੜਨ ਉਤੇ ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਜਿੱਥੋਂ ਮਰਜ਼ੀ ਚੋਣ ਲੜਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕੈਪਟਨ ਪਹਿਲਾਂ ਕਹਿ ਰਿਹਾ ਸੀ ਮੇਰੀ ਆਖ਼ਰੀ ਚੋਣ ਹੈ, ਪਰ ਹੁਣ ਇਹ ਪਟਿਆਲੇ ਤੋਂ ਚੋਣ ਲੜਨ ਦੇ ਦਾਅਵੇ ਕਰ ਰਿਹਾ ਹੈ। ਬੀਬੀ ਭੱਠਲ ਨੇ ਕੰਗਨਾ ਰਨੌਤ ਬਾਰੇ ਬੋਲਦਿਆਂ ਕਿਹਾ ਕਿ ਕੰਗਨਾ ਦੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਉਤੇ ਮੈਂ ਕੁਝ ਨਹੀਂ ਬੋਲਣਾ ਚਾਹੁੰਦੀ ਜਿਸ ਤਰ੍ਹਾਂ ਉਹ ਹਰ ਸਮੇਂ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਕੁਝ ਨਾ ਕੁਝ ਬੋਲਦੀ ਹੀ ਰਹਿੰਦੀ ਹੈ। ਬੀਬੀ ਭੱਠਲ ਨੇ ਆਮ ਪਾਰਟੀ ਦੇ ਭਵਿੱਖ ਬਾਰੇ ਬੋਲਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਆਮ ਪਾਰਟੀ ਦਾ ਭਵਿੱਖ ਉੱਜਵਲ ਸੀ ਪਰ ਹੁਣ ਆਮ ਆਦਮੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਭਵਿੱਖ ਨਹੀਂ ਹੈ। ਹੁਣ ਤਾਂ ਆਪ ਪਾਰਟੀ ਨੂੰ ਛੱਡ ਛੱਡ ਕੇ ਲੋਕ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ।

Comment here