ਖਬਰਾਂ

‘ਬਾਬੇ ਨਾਨਕ’ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ

50 ਕੁਇੰਟਲ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਬੇਰ ਸਾਹਿਬ

ਸੰਗਤ ਦੀ ਆਮਦ ਸ਼ੁਰੂ, ਪ੍ਰਬੰਧਕਾਂ ਵਲੋਂ ਸ਼ਾਨਦਾਰ ਇੰਤ਼ਜ਼ਾਮ ਦੀ ਕੋਸ਼ਿਸ਼

ਸੁਲਤਾਨਪੁਰ ਲੋਧੀ – ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸ਼ੁਰੂ ਹੋ ਚੁੱਕੇ ਹਨ, ਨਗਰ ਕੀਰਤਨਾਂ ਦਾ ਆਯੋਜਨ ਹੋ ਰਿਹਾ ਹੈ, ਅਤੇ ਸਭ ਤੋਂ ਵੱਧ ਰੌਣਕ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦੇਖਣ ਨੂੰ ਮਿਲ ਰਹੀ ਹੈ। ਜਿਥੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰ ਸਮੂਹ ਗੁਰਦੁਆਰਾ ਸਾਹਿਬਾਨ ਦੀ ਸਜਾਵਟ ਰੰਗ-ਬਰੰਗੀਆਂ ਲਾਈਟਾਂ ਦੀਆਂ ਲੜੀਆਂ ਨਾਲ ਕੀਤੀ ਜਾ ਰਹੀ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਦਰਸ਼ਨੀ ਡਿਊੜੀ, ਮੁੱਖ ਦਰਬਾਰ ਸਾਹਿਬ ਕੰਪਲੈਕਸ, ਫਰੰਟ ਸਾਈਡਾਂ ਅਤੇ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ਿਆਂ ਤੋਂ ਇਲਾਵਾ ਭਾਈ ਮਰਦਾਨਾ ਜੀ ਦੀਵਾਨ ਹਾਲ, ਬੇਬੇ ਨਾਨਕੀ ਨਿਵਾਸ, ਮਾਤਾ ਸੁਲੱਖਣੀ ਜੀ ਨਿਵਾਸ, ਦਫ਼ਤਰੀ ਕੰਪਲੈਕਸ ਅਤੇ ਮੁੱਖ ਗੁਰੂ ਕਾ ਲੰਗਰ ਹਾਲ ਆਦਿ ਥਾਵਾਂ ਨੂੰ ਇਸ ਤਰ੍ਹਾਂ ਸਜਾਇਆ ਗਿਆ ਹੈ ਕਿ ਹਰ ਸ਼ਰਧਾਲੂ ਦਾ ਮਨ ਮੋਹਿਆ ਜਾ ਰਿਹਾ ਹੈ।ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਿੱਲੀ ਅਤੇ ਹੋਰ ਥਾਵਾਂ ਤੋਂ ਮੰਗਵਾਏ ਡੇਢ ਦਰਜਨ ਤਰ੍ਹਾਂ ਦੇ ਪ੍ਰਮੁੱਖ ਖ਼ੁਸ਼ਬੂਦਾਰ ਤਾਜੇ ਫੁੱਲਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੀ ਸਜਾਵਟ ਕੀਤੀ ਗਈ ਹੈ। ਇਸ ਸਬੰਧੀ ਤਾਜੇ ਫੁੱਲ ਲਗਾ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਸਾਹਿਬ ਅਤੇ ਦੀਵਾਨ ਹਾਲ ‘ਚ ਤਿਆਰ ਕੀਤੀ ਵੱਡੀ ਸਟੇਜ ਨੂੰ ਸਜਾਉਣ ਦੀ ਸੇਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਵੱਲੋਂ ਕਰਵਾਈ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਸੇਵਾ ਲਈ ਭਾਈ ਕੰਵਲਨੈਨ ਸਿੰਘ ਕੇਨੀ, ਨੰਬਰਦਾਰ ਸੁਰਿੰਦਰਪਾਲ ਸਿੰਘ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਭੁਪਿੰਦਰ ਸਿੰਘ ਰਿਕਾਰਡ ਕੀਪਰ ਅਤੇ ਬਲਜੀਤ ਸਿੰਘ ਆਦਿ ਵੀ ਸਨ।  ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਰੋਡੇ ਨੇ ਦੱਸਿਆ ਕਿ ਦਿੱਲੀ ਦੇ ਵਪਾਰੀ ਸ਼ਰਧਾਲੂ ਨਿੱਕਾ ਜੁਨੇਜਾ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੀ ਸਜਾਵਟ ਲਈ ਤਕਰੀਬਨ 50 ਕੁਇੰਟਲ ਫੁੱਲਾਂ ਦੀ ਸੇ‍ਵਾ ਸ਼ਰਧਾ ਨਾਲ ਕੀਤੀ ਗਈ ਹੈ। ਇਹਨਾਂ ਫੁੱਲਾਂ ‘ਚ ਗੁਲਾਬ , ਗੇਂਦਾ , ਗੋਦਾਵਰੀ, ਓਰਕਿਟ, ਕੋਰਨੇਸ਼ਨ, ਟਿਊਬਰੋਜ, ਲਿੱਲੀ, ਹੈਲਕੋਨੀਆਂ, ਬੀ. ਓ. ਪੀ, ਸਿਕਸੀਪਨ, ਜਰਵਰਾ, ਗਲਾਈਡ, ਬਰਾਸੀਕਾ ਆਦਿ ਹੋਰ ਕਈ ਪ੍ਰਕਾਰ ਦੇ ਤਾਜੇ ਫੁੱਲ ਸ਼ਾਮਲ ਹਨ, ਜੋ ਵੰਨ-ਸਵੰਨੀ ਖ਼ੁਸ਼ਬੂ ਸੰਗਤਾਂ ਨੂੰ ਵੰਡਣਗੇ ਅਤੇ ਸਜਾਵਟ ਨੂੰ ਵੀ ਚਾਰ ਚੰਨ ਲਗਾਉਣਗੇ। 28 ਮਾਹਿਰ ਕਾਰੀਗਰ ਫੁੱਲਾਂ ਨਾਲ ਗੁਰਦੁਆਰਾ ਸਾਹਿਬ ਤੇ ਵੱਖ ਵੱਖ ਥਾਵਾਂ ਨੂੰ ਸਜਾਉਣ ਲਈ ਲਗਾਏ ਗਏ ਸਨ , ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਤੇ ਬਾਹਰੋਂ ਬਹੁਤ ਸੁੰਦਰ ਦ੍ਰਿਸ਼ ਬਣਾ ਕੇ ਪੇਸ਼ ਕੀਤੇ ਗਏ। 18 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੰਗਤ ਅੱਜ ਤੋਂ ਹੀ ਇੱਥੇ ਵੱਡੀ ਗਿਣਤੀ ਚ ਪੁੱਜਣੀ ਸ਼ੁਰੂ ਹੋ ਗਈ ਹੈ।

ਕਸ਼ਮੀਰ ’ਚ ਵੀ ਪ੍ਰਕਾਸ਼ ਪੁਰਬ ਦੇ ਸਮਾਰੋਹ ਹੋਏ ਸ਼ੁਰੂ

ਗੁਰੂ ਨਾਨਕ ਦੇਵ ਜੀ ਦੀ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ, ਐਤਵਾਰ ਨੂੰ ਕਸ਼ਮੀਰ ਘਾਟੀ ’ਚ ਸਿੱਖ ਭਾਈਚਾਰੇ ਨੇ ‘ਨਗਰ ਕੀਰਤਨ’ ਨਾਲ ਹਫ਼ਤੇ ਭਰ ਚੱਲਣ ਵਾਲੇ ਸਮਾਰੋਹ ਦੀ ਸ਼ੁਰੂਆਤ ਕੀਤੀ। ਘਾਟੀ ’ਚ ਸਿੱਖ ਭਾਈਚਾਰੇ ਨੇ ਪਹਿਲੇ ਸਿੱਖ ਗੁਰੂ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ। ਆਲ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ,‘‘ਅਸੀਂ ਇਸ ਸਾਲ 19 ਨਵੰਬਰ ਨੂੰ ਬਾਬਾ ਗੁਰੂ ਨਾਨਕ ਦੇ ਜੀ ਦਾ ਪ੍ਰਕਾਸ਼ ਪੁਰਬ ਮਨ੍ਹਾ ਰਹੇ ਹਨ। ਬਾਰਾਮੂਲਾ, ਸ਼੍ਰੀਨਗਰ ਅਤੇ ਮੱਟਨ ਸਿੰਘ ਸਾਹਿਬ ’ਚ ਤਿੰਨ ਵੱਡੇ ਪ੍ਰੋਗਰਾਮ ਹੋਣਗੇ।’’ ਬਲਦੇਵ ਸਿੰਘ ਨੇ ਕਿਹਾ,‘‘ਅਸੀਂ ਇਸ ਸਾਲ 5 ਦਸੰਬਰ ਨੂੰ ਸ਼੍ਰੀਨਗਰ ’ਚ ਇਕ ਵੱਡਾ ਪ੍ਰੋਗਰਾਮ ਵੀ ਆਯੋਜਿਤ ਕਰ ਰਹੇ ਹਾਂ। ਜਿਸ ’ਚ ਸਾਰੇ ਭਾਈਚਾਰਿਆਂ ਦੇ ਸਾਰੇ ਧਰਮ ਗੁਰੂ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਕਿਹਾ,‘‘ਅਸੀਂ ਉਮੀਦ ਕਰ ਰਹੇ ਹਾਂ ਕਿ ਪੂਰੇ ਜੰਮੂ ਕਸ਼ਮੀਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਦਰਸ਼ਨ ਕਰਨ ਅਤੇ ਮਹਾਨ ਗੁਰੂ ਦਾ ਆਸ਼ੀਰਵਾਦ ਲੈਣ ਲਈ ਇਸ ਸਮਾਰੋਹ ’ਚ ਹਿੱਸਾ ਲੈਣਗੇ।’’ 

Comment here