ਸਾਹਿਤਕ ਸੱਥ

ਬਦਾਮੀ ਸੂਟ

(ਕਹਾਣੀ)
ਰੀਤ ਬਲਜੀਤ
ਦੱਸਵੀਂ ਦੇ ਪੱਕੇ ਪੇਪਰਾਂ ਤੋਂ ਬਾਅਦ ਮੈਂ ਸੋਚਿਆ ਕਿ ਕਿਤੇ ਕੰਮ ਤੇ ਲੱਗ ਜਾਵਾਂ, ਨਾਲੇ ਅੱਗੇ ਦੇ ਦਾਖ਼ਲੇ ਜੋਗੀ ਫੀਸ ਜਮਾਂ ਹੋ ਜੂ ਨਾਲੇ ਕਿਤਾਬਾਂ ਕਾਪੀਆਂ ਲੈਣ ਵੇਲੇ ਘਰਦਿਆਂ ਦੀ ਮਦਦ ਹੋਜੂ।
1800 ਰੁ ਮਹੀਨੇ ਤੇ ਸ਼ਹਿਰ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਦੀ ਗੱਲ ਪੱਕੀ ਕਰਕੇ ਅਗਲੇ ਦਿਨ ਤੋਂ ਕੰਮ ਤੇ ਜਾਣ ਲੱਗ ਪਿਆ। ਇੱਕ ਮਹੀਨੇ ਵਿੱਚ ਹੀ ਕੱਪੜੇ ਦੀ ਥੋੜੀ ਬਹੁਤ ਪਛਾਣ ਤੇ ਵੇਚਣ ਦਾ ਢੰਗ ਆ ਗਿਆ ਤੇ ਹੌਲ਼ੀ ਹੌਲ਼ੀ ਲੋੜ ਵੇਲੇ ਗਾਹਕ ਭੁਗਤਾਉਣੇ ਵੀ ਸਿੱਖ ਗਿਆ।
ਆਸ ਪਾਸ ਦੇ ਪਿੰਡਾ ਦੇ ਮੇਰੇ ਜਾਣਕਾਰ ਲੋਕ ਵੀ ਮੇਰੇ ਕੋਲ ਹੀ ਆਉਦੇਂ, ਇਸੇ ਤਰਾਂ ਹੀ ਦੁਕਾਨ ਤੇ ਅਕਸਰ ਨਾਲ ਦੇ  ਪਿੰਡ ਦੀ ਇੱਕ ਨੂੰਹ ਆਪਣੀ ਬਜ਼ੁਰਗ ਸੱਸ ਨਾਲ ਕੱਪੜੇ ਲੈਣ ਆਇਆ ਕਰਦੀ ਸੀ!!
ਕੁੜੀ ਆਉਦਿਆਂ ਹੀ ਡਿਸਪਲੇ ਤੇ ਲੱਗੇ ਸੂਟਾਂ ਵਿੱਚ ਰੁੱਝ ਜਾਂਦੀ ਤੇ ਮਾਤਾ ਸੂਟਾਂ ਦੇ ਬਣੇ ਰੱਖਣੇ ਫੜਦੀ .. ਹੌਲੀ ਹੌਲੀ ਮੇਰੇ ਕੋਲ ਆ ਕੇ ਬਹਿ ਜਾਂਦੀ ਤੇ ਮੇਰੀ ਪੱਗ ਦੀ ਸਿਫ਼ਤ ਕਰਦੀ ਪਤਾ ਨ੍ਹੀ ਕਿੰਨੀਆ ਅਸੀਸਾਂ ਇੱਕੋ ਸਾਹ ਮੇਰੀ ਝੋਲੀ ਪਾ ਦਿੰਦੀ!!
ਬਿਨਾਂ ਦੰਦਾ ਤੋਂ ਬੱਚੇ ਵਰਗਾ ਮਾਤਾ ਦਾ ਹੱਸਦਾ ਰੂੰ ਵਰਗਾ ਸਫ਼ੇਦ ਚਿਹਰਾ ਤੇ ਝੁਰੜੀਆਂ ਨਾਲ ਭਰੇ ਪੋਲੇ ਪੋਲੇ ਹੱਥਾਂ ਪੈਰਾਂ ਤੋਂ ਮੈਨੂੰ ਮੇਰੀ ਦਾਦੀ ਵਰਗੀ ਲੱਗਦੀ !! ਇਸੇ ਲਾਡ ਕਰਕੇ ਮੈਂ ਮਾਤਾ ਨੂੰ ਪਿਆਰ ਨਾਲ ਮਾਤੇ ਕਹਿ ਦਿੰਦਾ ਸੀ !!
ਮੇਰੇ ਨਾਲ ਪਏ ਮੋਹ ਕਰਕੇ ਮਾਤੇ ਦੁਕਾਨ ਤੇ ਆਉਦੀਂ ਮੇਰੇ ਨਾਲ ਢਿੱਡ ਫਰੋਲਣ ਬਹਿ ਜਾਂਦੀ, ਘਰ ਪਰਿਵਾਰ ਦੀਆ ਗੱਲਾਂ ਕਰਦੀ ਦੱਸਦੀ ਕਿ ਕਿੰਝ ਕੈਂਸਰ ਦੀ ਬਿਮਾਰੀ ਕਰਕੇ ਘਰਵਾਲਾ ਛੇਤੀ ਹੀ ਤੁਰ ਗਿਆ ਸੀ ਤੇ ਕੱਲੀ ਨੇ ਕਿਵੇਂ ਪੈਨਸ਼ਨ ਸਹਾਰੇ ਪੁੱਤ ਪਾiਲ਼ਆ…ਜਿਹੜਾ ਕਿਸੇ ਅਰਬ ਦੇਸ ਰਹਿੰਦਾ ਤੇ ਡੇਢ ਦੋ ਸਾਲਾਂ ਬਾਅਦ ਪਿੰਡ ਆਉਦੈਂ !!
ਹੋਰ ਵੀ ਘਰ ਪਰਿਵਾਰ ਦੀਆਂ ਗੱਲਾਂ ਕਰਦੀ ਪਰ ਕਦੇ ਵੀ ਨੂੰਹ ਦੇ ਬਾਰੇ ਕੋਈ ਗੱਲ ਨਾ ਕਰਦੀ, ਨੂੰਹ ਦੇ ਰੁੱਖੇ ਸੁਭਾਅ ਦਾ ਸਭ ਨੂੰ ਪਤਾ ਸੀ ਪਰ ਮਾਤੇ ਕਦੇ ਇਸ ਗੱਲ ਦਾ ਗਿਲਾ ਨਾ ਕਰਦੀ !!
ਅਕਸਰ ਦੀ ਤਰਾਂ ਹੀ ਨੂੰਹ ਸੱਸ ਇੱਕ ਦਿਨ ਦੁਕਾਨ ਤੇ ਆਈਆਂ ਪਰ ਇਸ ਵਾਰ ਨਾਲ ਮੁੰਡਾ ਵੀ ਸੀ ਜਿਹੜਾ ਦੋ ਦਿਨ ਪਹਿਲਾਂ ਹੀ ਪਿੰਡ ਪਰਤਿਆ ਸੀ। ਮਾਤਾ ਨੇ ਬੜੇ ਚਾਅ ਨਾਲ ਆਪਣੇ ਮੁੰਡੇ ਨਾਲ ਮਿਲਵਾਇਆ ਤੇ ਉਸਨੂੰ ਮੇਰੇ ਬਾਰੇ ਵੀ ਚਾਅ ਨਾਲ ਦੱਸਿਆ, ਕਿ ਇਹ ਬਲਜੀਤ ਆ .. ਆਪਣੇ ਨਾਲ ਦੇ ਪਿੰਡ ਤੋਂ !!
ਗੱਲਾਂ ਕਰਦਿਆਂ ਕਰਦਿਆਂ ਮੁੰਡੇ ਨੇ ਕਿਹਾ ਕਿ ਭਾਜੀ ਮਾਤਾ ਲਈ ਵੀ ਕੋਈ ਸੂਟ ਦਿਖਾਉ .. ਕਢਾਈ ਵਾਲਾ ਵਧੀਆ ਜਿਹਾ। ਮੈਂ ਪੁੱਛਣ ਲੱਗਿਆ ਮਾਤਾ ਨੂੰ ਕਿ ਮਾਤੇ ਕਿਵੇਂ ਦਾ ਸੂਟ ਪਾਉਣਾ? ਮਾਤਾ ਨਾ ਨਾ ਕਰਦੀ ਕਹਿਣ ਲੱਗੀ ਕਿ ਮੇਰੇ ਕੋਲ ਹੈਗੇ ਪੁੱਤ ਮੈਂ ਕੀ ਕਰਨਾ ਸੂਟ, ਤੂੰ ਕੁੜੀ ਨੂੰ ਦਿਖਾ। ਪਰ ਮੁੰਡਾ ਨਹੀਂ ਮੰਨਿਆ, ਕਿ ਆਹ ਦੋ ਸੂਟਾਂ ਚ ਹੀ ਤੁਰੀ ਫਿਰਦੀ ਆ, ਕੋਈ ਚੱਜ ਦਾ ਲੈ ਕਿਤੇ ਆਉਣ ਜਾਣ ਵਾਲਾ!!
ਆਖਿਰ ਨੂੰ ਪੰਜ ਸਤ ਬਿਸਕੁਟੀ, ਬਦਾਮੀ ਜਿਹੇ ਸੂਟ ਦਿਖਾਏ ਮਾਤਾ ਨੂੰ, ਅਣਚਾਹੇ ਮਨ ਨਾਲ ਥੋੜਾ ਚਿਰ ਸੂਟਾਂ ਨੂੰ ਹੇਠ ਉੱਤੇ ਕਰਦਿਆਂ ਇੱਕ ਬਦਾਮੀ ਰੰਗ ਦਾ ਕਢਾਈ ਵਾਲਾ ਸੂਟ ਪਸੰਦ ਆ ਹੀ ਗਿਆ !! ਸੂਟ ਦੇ ਪੱਲੇ ਤੇ ਬਣੀਆਂ ਫਿੱਕੇ ਸਲੇਟੀ ਰੰਗ ਦੀਆ ਤਿੰਨ ਪੱਤੀਆ ਵਾਲੀਆਂ ਬੂਟੀਆਂ ਤੇ ਚੁੰਨੀ ਦੇ ਚਾਰੇ ਪਾਸੇ ਬਾਡਰ ਤੇ ਕੀਤੀ ਹਲਕੀ ਜਿਹੀ ਕਢਾਈ ਮਾਤਾ ਨੂੰ ਬਹੁਤ ਹੀ ਪਸੰਦ ਆਈ। ਮਾਤਾ ਨੇ ਸੂਟ ਵਿੱਚੋਂ ਓਪਰਾ ਜਿਹਾ ਧਾਗਾ ਕੱਢ ਕੇ ਨੇ ਉਂਗਲਾ’ਚ ਫਸਾ ਕੇ ਤੋੜਦਿਆਂ ਕਿਹਾ ਕਿ ਕੱਪੜਾ ਵੀ ਮੇਰੀ ਪਸੰਦ ਦਾ ਆ ਸੂਤੀ , ਨਾਲੇ ਦੇਹ ਨੂੰ ਚੁੱਭਦਾ ਨੀਂ…!!
ਮਾਤਾ ਨੇ ਉਹ ਸੂਟ ਗੋਦੀ ਵਿੱਚ ਹੀ ਰੱਖ ਛੱਡਿਆ ਕਿ ਕਿਤੇ ਰਲ਼ ਨਾ ਜਾਵੇ ਹੋਰ ਸੂਟਾਂ ’ਚ। ਬਾਕੀ ਕੱਪੜਿਆਂ ਦਾ ਬਿੱਲ ਬਣਦਿਆ ਬਦਾਮੀ ਸੂਟ ਦਾ ਭਾਅ ਪੁੱਛ ਕੇ ਨੂੰਹ ਨੇ ਸੂਟ ਚੁੱਕ ਕੇ ਪਾਸੇ ਕਰਤਾ, ਕਿ ਇਹਦੇ ਨਾਲ ਦਾ ਹੈਗਾ ਤਾਂ ਹੈ ਮੰਮੀ ਤੁਹਾਡੇ ਕੋਲ , ਤੇ ਉਸ ਦੀ ਜਗ੍ਹਾ ਫੁੱਲਾਂ ਵਾਲਾ ਸਾਦਾ ਸੂਟ ਲੈ ਛੱਡਿਆ। ਮਾਤਾ, ਮੁੰਡਾ ਤੇ ਮੈਂ ਸਭ ਕੁੱਝ ਦੇਖ ਰਹੇ ਸੀ ਪਰ ਆਪੋ ਆਪਣੀ ਮਜਬੂਰੀ ਕਰਕੇ ਕੁੱਝ ਬੋਲ ਨਹੀਂ ਸਕੇ !!
ਜਾਣ ਲੱਗਿਆ ਮਾਤਾ ਨੇ ਮੇਰਾ ਹੱਥ ਘੁੱਟਦਿਆ  ਕਿਹਾ ਕਿ ” ਮੇਰਾ ਪੁੱਤ ਬਣਕੇ ਸੂਟ ਦਵੀਂ ਨਾ ਕਿਸੇ ਨੂੰ, ਪਾਸੇ ਰੱਖ ਲਵੀਂ!! ਜਦ ਫਿਰ ਕਿਤੇ ਮੌਕਾ ਲੱਗਾ…ਮੈਂ ਲੈ ਜੂ ਗੀ…!!
ਮਾਤਾ ਦੀ ਨਿਗਾਹ ਜਾਂਦਿਆ ਹੋਇਆ ਵੀ ਉਸ ਸੂਟ ਤੇ ਹੀ ਸੀ, ਅਗਲੀ ਵਾਰੀ ਆਪਣੇ ਵੱਲੋਂ ਮਾਤਾ ਨੂੰ ਇਹ ਸੂਟ ਦੇ ਦਉਗਾਂ, ਇਹ ਸੋਚ ਕੇ ਮੈਂ ਦੁਕਾਨ ਮਾਲਕ ਨੂੰ ਮੇਰੀ ਤਨਖ਼ਾਹ ਵਿੱਚੋਂ ਪੈਸੇ ਕੱਟਣ ਦਾ ਆਖ ਕੇ ਸੂਟ ਲਿਫਾਫੇ ਵਿੱਚ ਸਾਂਭ ਕੇ ਪਾਸੇ ਰੱਖ ਲਿਆ।
ਹੌਲ਼ੀ ਹੌਲ਼ੀ ਦਿਨ ਬੀਤਦੇ ਗਏ ਪਰ ਮਾਤਾ ਮੁੜ ਕੇ ਦੁਕਾਨ ਤੇ ਨੀ ਆਈ, ਪਰ ਇੱਕ ਦਿਨ ਉਸਦੀ ਨੂੰਹ ਤੇ ਮੁੰਡਾ ਦੁਕਾਨ ਤੇ ਆਏ, ਮੁੰਡੇ ਦੀਆ ਸੁੱਜੀਆ ਅੱਖਾਂ ਤੇ  ਨੂੰਹ ਦੇ ਸਿਰ ਤੇ ਚਿੱਟੀ ਚੁੰਨੀ ਦੇਖ ਕਿ ਮੇਰਾ ਦਿਲ ਬੈਠ ਗਿਆ ਤੇ ਮੈਂ ਮਾਤਾ ਬਾਰੇ ਕੁਝ ਪੁੱਛਦਾ, ਪਹਿਲਾਂ ਹੀ ਮੁੰਡੇ ਨੇ ਭਰੇ ਦਿਲ ਨਾਲ ਮਾਤਾ ਦੇ ਤੁਰ ਜਾਣ ਬਾਰੇ ਦੱਸ ਦਿੱਤਾ।
ਕਾਹਲੀ ਕਾਹਲੀ ਵਿੱਚ ਉਹਨਾਂ ਨੇ ਮਾਤਾ ਦੀ ਆਖ਼ਰੀ ਰਸਮਾਂ ਲਈ ਜਰੂਰੀ ਕੱਪੜੇ ਲਏ ਤੇ ਜਾਣ ਲੱਗਿਆ ਨੂੰਹ ਨੂੰ ਯਾਦ ਆਇਆ ਕਿ ਮਾਤਾ ਦੇ ਆਖ਼ਰੀ ਵਾਰੀ ਪਾਉਣ ਲਈ ਇੱਕ ਸੂਟ ਚਾਹੀਦੈ , ਤੇ ਉਸ ਸੂਟ ਦੇਖਣ ਲੱਗੀ।
ਮੈਨੂੰ ਅਚਾਨਕ ਕੁਝ ਯਾਦ ਆਇਆ!!
ਤੇ ਮਾਤਾ ਦੇ ਉਹ ਸੂਟ ਵਾਲਾ ਲਿਫਾਫਾ ਚੁੱਕ ਲਿਆਇਆ ਜੋ ਮੈਂ ਸਾਂਭ ਕੇ ਰੱਖਿਆ ਸੀ !! ਨੂੰਹ ਦੇ ਹੱਥ ਲਿਫਾਫਾ ਫੜਾਉਦਿਆਂ ਮੈੰ ਉਸਨੂੰ ਬਸ ਲੈ ਜਾਣ ਲਈ ਕਿਹਾ !!
ਲਿਫਾਫੇ ਵਿੱਚ ਉਹੀ ਬਦਾਮੀ ਸੂਟ ਦੇਖ…ਨੂੰਹ ਦੀਆ ਅੱਖਾਂ
ਦੇ ਕੋਇਆ ਵਿੱਚ ਹੰਝੂ ਕੰਬਣ ਲੱਗੇ, ਜਿਹਨਾਂ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਕਿਸੇ ਡੂੰਘੇ ਪਛਤਾਵੇ ਵਿੱਚ ਗੁਆਚੀ ਉਹ ਛੇਤੀ ਹੀ ਫਿੱਸ ਪਈ !! ਸੂਟ ਨੂੰ ਛਾਤੀ ਨਾਲ ਲਾਈ ਅੱਖਾਂ ਪੂੰਝਦੀ ਪੂੰਝਦੀ ਉਹ ਦੁਕਾਨ ਦੀਆਂ ਪੌੜੀਆਂ ਉਤਰ ਗਈ।
ਤੇ ਮੈਂ ਵੀ ਮਾਤੇ ਦੀਆਂ ਗੱਲਾ ਨੂੰ ਯਾਦ ਕਰਦਿਆਂ, ਕੱਪੜੇ ਸਮੇਟਣ ਲੱਗ ਪਿਆ।

Comment here