ਮੋਹਾਲੀ-ਵਿਜੀਲੈਂਸ ਨੇ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ, ਤੇ ਅਦਾਲਤ ਵਿਚ ਪੇਸ਼ ਕੀਤਾ। ਮੈਡੀਕਲ ਕਰਵਾਉਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਅਦਾਲਤ ਵੱਲ ਰਵਾਨਾ ਹੋ ਗਈ ਹੈ। ਉਸ ਨੂੰ ਸੋਮਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਆਸ਼ੂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਲਿਆਉਣ ਲਈ ਕਿਹਾ ਜਾ ਰਿਹਾ ਸੀ। ਹੁਣ ਦੁਪਹਿਰ ਦੇ ਖਾਣੇ ਤੋਂ ਬਾਅਦ ਲਿਆਂਦਾ ਜਾਵੇਗਾ। ਅਦਾਲਤ ਵਿੱਚ ਹਾਜ਼ਰ ਵਿਜੀਲੈਂਸ ਟੀਮ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਆਸ਼ੂ ਨੂੰ ਵਿਜੀਲੈਂਸ ਦਫ਼ਤਰ ਤੋਂ ਲਿਆ ਜਾਵੇਗਾ। ਅਦਾਲਤ ਵਿਜੀਲੈਂਸ ਦਫ਼ਤਰ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਇਸ ਮਾਮਲੇ ਵਿੱਚ ਠੇਕੇਦਾਰ ਤੇਲੂ ਰਾਮ ਨੂੰ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ।ਇਸ ਕੇਸ ਵਿਚ ਜਗਰੂਪ ਸਿੰਘ ,ਸੰਦੀਪ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਅਤੇ ਹਿੱਸੇਦਾਰ ਵੀ ਸ਼ਾਮਲ ਹਨ।ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ ਆਸ਼ੂ ਦੀ ਤਬੀਅਤ ਵਿਗੜ ਗਈ ਸੀ,ਪਰ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਠੀਕ ਹੋ ਗਏ । ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਹਿਣ ‘ਤੇ ਸਾਰੇ ਕਾਂਗਰਸੀ ਵਿਜੀਲੈਂਸ ਦਫ਼ਤਰ ਤੋਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੱਕ ਚਲੇ ਗਏ ਹਨ ਅਤੇ ਰਸਤਾ ਸਾਫ਼ ਕਰਵਾਇਆ ਗਿਆ ਹੈ | ਸਾਂਸਦ ਰਵਨੀਤ ਸਿੰਘ ਬਿੱਟੂ ਵਿਜੀਲੈਂਸ ਰੇਂਜ ਦਫਤਰ ਪਹੁੰਚੇ। ਵਿਜੀਲੈਂਸ ਵੱਲੋਂ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਸਬੰਧੀ ਦਿੱਤੀ ਸ਼ਿਕਾਇਤ ਬਾਰੇ ਬਿੱਟੂ ਨੇ ਕਿਹਾ ਕਿ ਉਨ੍ਹਾਂ ਵਿਜੀਲੈਂਸ ਦੇ ਕੰਮ ਵਿੱਚ ਕੋਈ ਅੜਿੱਕਾ ਨਹੀਂ ਪੈਦਾ ਕੀਤਾ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦੌਰਾ ਕੀਤਾ।
ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਹਿਸਾਬ ਲਵਾਂਗੇ
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ’ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮਾਨ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਪੰਜਾਬ ਨੂੰ ਲੁੱਟਿਆ ਹੈ, ਉਸ ਤੋਂ ਹਿਸਾਬ ਕਿਤਾਬ ਲਿਆ ਜਾਵੇਗਾ। ਇਹ ਗ੍ਰਿਫਤਾਰੀ ਵੀ ਉਸੇ ਦਾ ਹਿਸਾਬ ਦਾ ਨਤੀਜਾ ਹੈ। ਮਾਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਖ਼ਿਲਾਫ ਸਬੂਤ ਮਿਲਣਗੇ, ਉਨ੍ਹਾਂ ਖ਼ਿਲਾਫ ਕਾਰਵਾਈ ਹੁੰਦੀ ਹੈ। ਜਦੋਂ ਆਸ਼ੂ ਮੰਤਰੀ ਸੀ, ਉਨ੍ਹਾਂ ਦਾ ਹੰਕਾਰ ਨਜ਼ਰ ਆਉਂਦਾ ਸੀ। ਉਹ ਸਰਕਾਰੀ ਅਫਸਰਾਂ ਨਾਲ ਕਿਵੇਂ ਗੱਲ ਕਰਦੇ ਸੀ। ਮਾਨ ਨੇ ਕਿਹਾ ਕਿ ਪਹਿਲਾਂ ਆਸ਼ੂ ਚੰਡੀਗੜ੍ਹ ਆ ਕੇ ਕਹਿ ਰਹੇ ਸੀ ਕਿ ਸਾਨੂੰ ਫੜੋ, ਹੁਣ ਫੜ ਲਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਇਸ ਤਹਿਤ ਹੀ ਨਵੀਂਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰਤੀ ਵਿਚ ਕੋਈ ਰਿਸ਼ਤੇਦਾਰੀ, ਸਿਫਾਰਸ਼ ਜਾਂ ਪੈਸਾ ਨਹੀਂ ਚੱਲ ਰਿਹਾ ਹੈ। ਭਰਤੀ ਉਮੀਦਵਾਰ ਦੀ ਆਪਣੀ ਯੋਗਤਾ ’ਤੇ ਕੀਤੀ ਜਾ ਰਹੀ ਹੈ।
Comment here