ਅਪਰਾਧਸਿਆਸਤਖਬਰਾਂ

ਪੰਜਾਬ ‘ਚ ਮੁੜ ਮਾਹੌਲ ਖਰਾਬ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ : ਜਥੇਦਾਰ

ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਵਿਚ ਨੌਜਵਾਨਾਂ ਦੀ ਗ੍ਰਿਫਤਾਰੀ ਅਤੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਸੂਬਾ ਸਰਕਾਰ ਨੂੰ ਆਖਿਆ ਹੈ ਕਿ ਮੌਜੂਦਾ ਹਾਲਾਤ ਬਾਰੇ ਲੋਕਾਂ ਅੱਗੇ ਆਪਣੀ ਸਥਿਤੀ ਸਪੱਸ਼ਟ ਕਰੇ। ਜਥੇਦਾਰ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਮਿਲ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਮੁੜ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ 17-18 ਸਾਲਾਂ ਦੇ ਨੌਜਵਾਨਾਂ ਨੂੰ ਵੀ ਫੜਿਆ ਜਾ ਰਿਹਾ ਹੈ। ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰਾਂ ਵੱਲੋਂ ਬੇਵਜ੍ਹਾ ਹੀ ਇਕ ਦਹਿਸ਼ਤ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਰਕਾਰੀ ਤੰਤਰ ਹਊਆ ਖੜ੍ਹਾ ਕਰਨ ਵਾਲਾ ਮਾਹੌਲ ਸਿਰਜ ਰਿਹਾ ਹੈ। ਇਸ ਤਰ੍ਹਾਂ ਦੀ ਸਿਆਸਤ 3 ਦਹਾਕੇ ਪਹਿਲਾਂ ਕੇਂਦਰ ਤੇ ਉਸ ਵੇਲੇ ਦੀ ਸੂਬਾ ਸਰਕਾਰ ਨੇ ਮਿਲ ਕੇ ਖੇਡੀ ਸੀ, ਉਸੇ ਤਰ੍ਹਾਂ ਦਾ ਮਾਹੌਲ ਮੁੜ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੰਦੀਆਂ ਸਿਆਸਤਾਂ ਬੰਦ ਹੋਣਗੀਆਂ ਚਾਹੀਆਂ ਹਨ।

Comment here